Close
Menu

ਕੰਗਾਰੂ ਬੰਗਲਾਦੇਸ਼ ਦੀ ਕਰ ਸਕਦੇ ਨੇ ਪੱਟੀ ਮੇਸ

-- 21 February,2015

ਬ੍ਰਿਜ਼ਬਨ, ਖਿਤਾਬ ਦੀ ਮਜ਼ਬੂਤ ਦਾਅਵੇਦਾਰ ਆਸਟਰੇਲੀਅਨ ਟੀਮ ਕ੍ਰਿਕਟ ਵਿਸ਼ਵ ਕੱਪ ਦੇ ਪੂਲ ‘ਏ’ ਦੇ ਮੈਚ ’ਚ ਭਲਕੇ ਇਥੇ ਬੰਗਲਾਦੇਸ਼ ’ਤੇ ਹਨੇਰੀ ਬਣ ਝੁੱਲੇਗੀ ਪਰ ਤੂਫਾਨ ਮਰਸੀਆ ਕਾਰਨ ਇਸ ਮੈਚ ’ਤੇ ਮੀਂਹ ਦਾ ਖਤਰਾ ਵੀ ਮੰਡਰਾ ਰਿਹਾ ਹੈ।
ਸਹਿ ਮੇਜ਼ਬਾਨ ਆਸਟਰੇਲੀਅਨ ਟੀਮ ਨੇ ਆਪਣੇ ਪਹਿਲੇ ਮੈਚ ’ਚ ਇੰਗਲੈਂਡ ਨੂੰ 111 ਦੌੜਾਂ ਨਾਲ ਕਰਾਰੀ ਮਾਤ ਦਿੱਤੀ ਸੀ। ਦੂਜੇ ਪਾਸੇ ਬੰਗਲਾਦੇਸ਼ ਨੂੰ ਆਪਣੇ ਪਹਿਲੇ ਮੈਚ ’ਚ ਅਫਗਾਨਿਸਤਾਨ ’ਤੇ ਜਿੱਤ ਦਰਜ ਕਰਨ ਲਈ ਸੰਘਰਸ਼ ਕਰਨਾ ਪਿਆ ਸੀ।ਭਲਕੇ ਮੈਚ ’ਚ ਚਾਰ ਵਾਰ ਦੇ ਚੈਂਪੀਅਨ ਆਸਟਰੇਲੀਆ ਦਾ ਪਲੜਾ ਭਾਰੀ ਰਹਿਣ ਦੀ ਸੰਭਾਵਨਾ ਹੈ। ਕੰਗਾਰੂ ਟੀਮ ਲਈ ਇਕ ਖੁਸ਼ੀ ਦੀ ਖਬਰ ਇਹ ਵੀ ਹੈ ਕਿ ਕਪਤਾਨ ਮਾਈਕਲ ਕਲਾਰਕ ਇਸ ਮੈਚ ’ਚ ਖੇਡੇਗਾ ਤੇ ਹੁਣ ਉਸ ਦੀ ਹੈਮਸਟਰਿੰਗ ਦੀ ਸੱਟ ਬਿਲਕੁਲ ਠੀਕ ਹੈ। ਵਿਕਟਕੀਪਰ ਬਰੈਡ ਹੈਡਿਨ ਨੇ ਕਿਹਾ ਕਿ ਯੋਜਨਾ ਮੁਤਾਬਕ ਮਾਈਕਲ ਇਸ ਮੈਚ ’ਚ ਖੇਡੇਗਾ। ਕੇਵਲ ਖਰਾਬ ਮੌਸਮ ਆਸਟਰੇਲੀਆ ਖ਼ਿਲਾਫ਼ ਜਾ ਸਕਦਾ ਹੈ। ਤੂਫਾਨ ਕਾਰਨ ਮੀਂਹ ਦੀ ਸੰਭਾਵਨਾ ਹੈ ਅਤੇ ਗਾਬਾ ਦਾ ਮੈਦਾਨ ਇਸ ਦੀ ਤਿਆਰੀ ’ਚ ਜੁਟਿਆ ਹੋਇਆ ਹੈ। ਇਸ ਕਾਰਨ ਆਸਟਰੇਲੀਅਨ ਟੀਮ ਨੂੰ ਇਨਡੋਰ ਅਭਿਆਸ ਕਰਨਾ ਪਿਆ। ਹੈਡਿਨ ਨੇ ਕਿਹਾ, ‘ਖਰਾਬ ਮੌਸਮ ਹੋਣ ਕਾਰਨ ਅਸੀਂ ਟੀਮ ਦਾ ਐਲਾਨ ਨਹੀਂ ਕਰ ਸਕੇ। ਸਾਨੂੰ ਨਹੀਂ ਪਤਾ ਜਦੋਂ ਕਵਰ ਹਟਾਇਆ ਜਾਵੇਗਾ ਤਾਂ ਪਿੱਚ ਕਿਸ ਤਰ੍ਹਾਂ ਦੀ ਹੋਵੇਗੀ।’’
ਆਸਟਰੇਲੀਆ ਕੋਲ ਮਿਸ਼ੇਲ ਸਟਾਰਕ,ਜੋਸ਼, ਹੇਜ਼ਲਵੁੱਡ ਅਤੇ ਮਿਸ਼ੇਲ ਜੌਹਨਸਨ ਵਰਗੇ ਗੇਂਦਬਾਜ਼ ਹਨ ਜੋ ਵਿਰੋਧੀ ਟੀਮ ਦੇ ਛੱਕੇ ਛੁਡਾ ਸਕਦੇ ਹਨ। ਕਲਾਰਕ ਦੇ ਟੀਮ ’ਚ ਸ਼ਾਮਲ ਹੋਣ ਬਾਅਦ ਕਾਰਜਕਾਰੀ ਕਪਤਾਨ ਜਾਰਜ ਬੇਲੀ ਨੂੰ ਬਾਹਰ ਕੀਤਾ ਜਾ ਸਕਦਾ ਹੈ। ਹਾਲਾਂਕਿ ਇੰਗਲੈਂਡ ਖ਼ਿਲਾਫ਼ ਪਹਿਲੀ ਗੇਂਦ ’ਤੇ ਆਊਟ ਹੋਣ ਵਾਲੇ ਸ਼ੇਨ ਵਾਟਸਨ ਨੂੰ ਬਾਹਰ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ।

Facebook Comment
Project by : XtremeStudioz