Close
Menu

ਕੰਜ਼ਰਵੇਟਿਵ ਸਰਕਾਰ ਬੁਨਿਆਦੀ ਢਾਂਚੇ ‘ਚ ਨਿਵੇਸ਼ ਜਾਰੀ ਰੱਖੇਗੀ- ਸ਼ੋਰੀ

-- 03 August,2015

ਕੈਲਗਰੀ- ਕੈਲਗਰੀ ਨੌਰਥ ਈਸਟ ਤੋਂ ਸੰਸਦ ਮੈਂਬਰ ਦਵਿੰਦਰ ਸ਼ੋਰੀ ਤੇ ਪੱਛਮੀ ਆਰਥਿਕ ਵਿਭਿੰਨਤਾ ਬਾਰੇ ਰਾਜ ਮੰਤਰੀ ਮਿਸ਼ੇਲ ਰੈਂਪਲ ਨੇ ਕੈਨੇਡਾ ਸਰਕਾਰ ਦੇ ਕੈਨੇਡਾ 150 ਕਮਿਊਨਿਟੀ ਇਨਫਰੈਸਟਰਕਚਰ ਪ੍ਰੋਗਰਾਮ ਤਹਿਤ ਕੈਲਗਰੀ ਵਾਸੀਆਂ ਨੂੰ ਲਾਭ ਪਹੁੰਚਾਉਣ ਲਈ ਚਾਰ ਕਮਿਊਨਿਟੀ ਬੁਨਿਆਦੀ ਢਾਂਚੇ ‘ਚ 8,16,500 ਡਾਲਰ ਫੰਡ ਦੇਣ ਦਾ ਐਲਾਨ ਕੀਤਾ ਹੈ, ਜਿਨ੍ਹਾਂ ‘ਚ 500000 ਡਾਲਰ ਸਿਹਤਮੰਦ ਪੀੜ੍ਹੀਆਂ ਲਈ ਵੀਵੋ ਦੇ ਅੱਪਗਰੇਡ ਤੇ ਰਿਨੋਵੇਟ ਕਰਨ ਲਈ ਹੈ ਅਤੇ 66,500 ਡਾਲਰ ਏਅਰੋ ਸਪੇਸ ਅਜਾਇਬ ਘਰ ਲਈ | ਇਸ ਬਾਰੇ ਗੱਲ ਕਰਦਿਆਂ ਸ਼ੋਰੀ ਨੇ ਕਿਹਾ ਕਿ ਕੈਨੇਡਾ ਦਾ ਉਕਤ ਪ੍ਰੋਗਰਾਮ ਕਨਫੈਡਰੇਸ਼ਨ ਦੀ 150ਵੀਂ ਵਰੇ੍ਹਗੰਢ ਮਨਾਉਣ ਸਬੰਧੀ ਸਰਕਾਰੀ ਯਤਨਾਂ ਦਾ ਇਕ ਹਿੱਸਾ ਹੈ | ਉਨ੍ਹਾਂ ਨੇ ਕਿਹਾ ਕਿ ਅੱਜ ਐਲਾਨ ਕੀਤੇ ਗਏ ਫੰਡ ਇਹ ਜ਼ਾਹਿਰ ਕਰਦੇ ਹਨ ਕਿ ਸਾਡੀ ਸਰਕਾਰ ਕੈਲਗਰੀ ‘ਚ ਜਨਤਕ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵਚਨਬੱਧ ਹੈ | ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਇਸ ਤਰ੍ਹਾਂ ਦੇ ਨਿਵੇਸ਼ ਕਰਨਾ ਜਾਰੀ ਰੱਖੇਗੀ | ਕੈਨੇਡਾ ਕਨਫੈਡਰੇਸ਼ਨ ਦੀ 150 ਵੀਂ ਵਰੇ੍ਹਗੰਢ 2017 ਵਿੱਚ ਮਨਾਉਣ ਦੀਆਂ ਤਿਆਰੀਆਂ ਕਰ ਰਿਹਾ ਹੈ | ਇਸ ਮੌਕੇ ਮੰਤਰੀ ਰੈਂਪਲ ਨੇ ਕਿਹਾ ਕਿ ਸਾਡੀ ਸਰਕਾਰ ਮੌਜੂਦਾ ਬੁਨਿਆਦੀ ਢਾਂਚੇ ਨੂੰ ਪੁਨਰਗਠਨ ਕਰਨਾ ਤੇ ਇਸ ਦੇ ਵਿਸਥਾਰ ਲਈ ਮੱਦਦ ਕਰ ਰਹੀ ਹੈ ਤੇ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਇਹ ਸਹੂਲਤਾਂ ਭਾਈਚਾਰਕ ਕੇਂਦਰ ਆਉਣ ਵਾਲੇ ਲੰਮੇ ਸਮੇਂ ਤੱਕ ਕੈਨੇਡਾ ਵਾਸੀਆਂ ਨੂੰ ਲਾਭ ਪਹੁੰਚਾਉਂਦੀਆਂ ਰਹਿਣ | ਕੈਨੇਡਾ 150 ਕਮਿਊਨਿਟੀ ਇਨਫਰਾਸਟਰਕਚਰ ਪ੍ਰੋਗਰਾਮ ਮੌਜੂਦਾ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਹੈ ਜੋ ਕਿ ਆਮ ਜਨਤਾ ਨੂੰ ਕਮਿਊਨਿਟੀ ਤੇ ਸੱਭਿਆਚਾਰਕ ਲਾਭ ਦੇ ਰਹੇ ਹਨ |

Facebook Comment
Project by : XtremeStudioz