Close
Menu

ਕੰਜ਼ਰਵੇਟਿਵ ਸੇ਼ਡੋ ਕੈਬਨਿਟ ਵਿੱਚੋਂ ਬਰਨੀਅਰ ਨੂੰ ਹਟਾਇਆ ਗਿਆ

-- 14 June,2018

ਓਟਵਾ, ਪਿਛਲੇ ਸਾਲ ਫੈਡਰਲ ਪਾਰਟੀ ਦੀ ਲੀਡਰਸਿ਼ਪ ਦੌੜ ਵਿੱਚ ਹਿੱਸਾ ਲੈਣ ਵਾਲੇ ਕੰਜ਼ਰਵੇਟਿਵ ਐਮਪੀ ਮੈਕਸਿਮ ਬਰਨੀਅਰ ਨੂੰ ਓਪੋਜ਼ੀਸ਼ਨ ਸੇ਼ਡੋ ਕੈਬਨਿਟ ਤੋਂ ਹਟਾ ਦਿੱਤਾ ਗਿਆ ਹੈ। ਜਿ਼ਕਰਯੋਗ ਹੈ ਕਿ ਬਰਨੀਅਰ ਮਾਮੂਲੀ ਫਰਕ ਨਾਲ ਐਂਡਰਿਊ ਸ਼ੀਅਰ ਤੋਂ ਹਾਰੇ ਸਨ।
ਮੰਗਲਵਾਰ ਸ਼ਾਮ ਨੂੰ ਕੰਜ਼ਰਵੇਟਿਵ ਆਗੂ ਸ਼ੀਅਰ ਵੱਲੋਂ ਇੱਕ ਬਿਆਨ ਜਾਰੀ ਕਰਕੇ ਇਸ ਫੈਸਲੇ ਦੀ ਪੁਸ਼ਟੀ ਕੀਤੀ ਗਈ। ਸ਼ੀਅਰ ਨੇ ਆਖਿਆ ਕਿ ਇਹ ਫੈਸਲਾ ਤੁਰੰਤ ਭਾਵ ਨਾਲ ਲਾਗੂ ਹੋਵੇਗਾ। ਪਰ ਉਨ੍ਹਾਂ ਅਜਿਹਾ ਸਖ਼ਤ ਫੈਸਲਾ ਲੈਣ ਦਾ ਕੋਈ ਕਾਰਨ ਨਹੀਂ ਦੱਸਿਆ। ਬਰਨੀਅਰ ਹਾਈ ਪ੍ਰੋਫਾਈਲ ਕੰਜ਼ਰਵੇਟਿਵ ਐਮਪੀ ਹਨ। ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੇ ਕਾਰਜਕਾਲ ਵਿੱਚ ਉਹ ਵਿਦੇਸ਼ ਮੰਤਰੀ ਸਮੇਤ ਮੰਤਰੀ ਦੇ ਦੋ ਅਹੁਦੇ ਸਾਂਭ ਚੁੱਕੇ ਹਨ।
ਬਰਨੀਅਰ ਕੈਨੇਡਾ ਦੇ ਸਪਲਾਈ ਮੈਨੇਜਮੈਂਟ ਸਿਸਟਮ ਦੇ ਸਖ਼ਤ ਆਲੋਚਕ ਰਹੇ ਹਨ। ਇਹ ਸਿਸਟਮ ਡੇਅਰੀ, ਆਂਡੇ ਤੇ ਪੋਲਟਰੀ ਦੀ ਵਿੱਕਰੀ ਸਬੰਧੀ ਨਿਯਮ ਲਾਗੂ ਕਰਦਾ ਹੈ। ਕੰਜ਼ਰਵੇਟਿਵ ਲੀਡਰਸਿ਼ਪ ਕੈਂਪੇਨ ਵਿੱਚ ਸਪਲਾਈ ਮੈਨੇਜਮੈਂਟ ਵੱਡਾ ਮੁੱਦਾ ਰਿਹਾ ਸੀ। ਚੁਣੇ ਜਾਣ ਦੀ ਸੂਰਤ ਵਿੱਚ ਬਰਨੀਅਰ ਨੇ ਇਸ ਸਿਸਟਮ ਨੂੰ ਖਤਮ ਕਰਨ ਦਾ ਐਲਾਨ ਵੀ ਕੀਤਾ ਸੀ।
ਹਾਰਨ ਤੋਂ ਬਾਅਦ ਬਰਨੀਅਰ ਨੇ ਇੱਕ ਕਿਤਾਬ ਲਿਖੀ ਜਿਸ ਵਿੱਚ ਇਹ ਦੋਸ਼ ਲਾਏ ਗਏ ਕਿ ਸ਼ੀਅਰ ਨੇ ਖੁਦ ਨੂੰ ਜਿਤਾਉਣ ਲਈ ਜਾਅਲੀ ਕੰਜ਼ਰਵੇਟਿਵ ਰਕਰੂਟ ਕੀਤੇ। ਇਨ੍ਹਾਂ ਜਾਅਲੀ ਕੰਜ਼ਰਵੇਟਿਵਜ਼ ਵਿੱਚ ਕਿਊਬਿਕ ਦੇ ਉਹ ਕਿਸਾਨ ਵੀ ਸ਼ਾਮਲ ਸਨ ਜਿਹੜੇ ਬਰਨੀਅਰ ਦੇ ਸਪਲਾਈ ਮੈਨੇਜਮੈਂਟ ਸਿਸਟਮ ਤੋਂ ਪਰੇਸ਼ਾਨ ਸਨ। ਉਸ ਸਮੇਂ ਐਂਡਰਿਊ ਹੋਰਨਾਂ ਉਮੀਦਵਾਰਾਂ ਦੇ ਨਾਲ ਕਿਊਬਿਕ ਦੀ ਖੇਤੀਬਾੜੀ ਬੈਲਟ ਦਾ ਦੌਰਾ ਕਰਨ ਵਿੱਚ ਮਸ਼ਰੂਫ ਸੀ। ਬਰਨੀਅਰ ਨੇ ਆਖਿਆ ਕਿ ਉਨ੍ਹਾਂ ਵੱਲੋਂ ਬੀਊਸ, ਬਰਨੀਅਰ ਦੇ ਹਲਕੇ, ਦਾ ਦੌਰਾ ਵੀ ਕੀਤਾ ਗਿਆ।
ਅਪਰੈਲ ਵਿੱਚ ਬਰਨੀਅਰ ਨੇ ਅਣਮਿੱਥੇ ਸਮੇਂ ਲਈ ਇਸ ਕਿਤਾਬ ਦੇ ਪ੍ਰਕਾਸ਼ਨ ਨੂੰ ਟਾਲ ਦਿੱਤਾ ਤਾਂ ਕਿ ਪਾਰਟੀ ਵਿੱਚ ਤਾਲਮੇਲ ਬਣਿਆ ਰਹਿ ਸਕੇ। ਬਰਨੀਅਰ ਇਨੋਵੇਸ਼ਨ, ਸਾਇੰਸ ਤੇ ਇਕਨਾਮਿਕ ਡਿਵੈਲਪਮੈਂਟ ਲਈ ਸ਼ੇਡੋ ਮੰਤਰੀ ਵਜੋਂ ਸੇਵਾ ਨਿਭਾਅ ਰਹੇ ਸਨ। ਬਰਨੀਅਰ ਕਿਊਬਿਕ ਦੇ ਬਿਊਸ ਹਲਕੇ ਦੀ ਨੁਮਾਇੰਦਗੀ ਕਰਦੇ ਹਨ।

Facebook Comment
Project by : XtremeStudioz