Close
Menu

ਖਟਕੜ ਕਲਾਂ ਨੂੰ ‘ਸ਼ਿਆਮਾ ਪ੍ਰਸਾਦ ਮੁਖਰਜੀ ਰਰਬਨ ਮਿਸ਼ਨ’ ਤਹਿਤ ਵਿਕਸਿਤ ਕਰਾਂਗੇ-ਚੌ. ਬੀਰੇਂਦਰ ਸਿੰਘ

-- 29 September,2015

ਖਟਕੜ ਕਲਾਂ, 29 ਸਤੰਬਰ- ਕੇਂਦਰ ਸਰਕਾਰ ਵੱਲੋਂ ਸੁਮੱਚੇ ਦੇਸ਼ ਵਿੱਚ ਖਟਕੜ ਕਲਾਂ ਸਮੇਤ ਕੇਵਲ ਦੋ ਹੀ ਅਜਿਹੇ ਪਿੰਡ ‘ਸਾਂਸਦ ਆਦਰਸ਼ ਗਰਾਮ’ ਤਹਿਤ ਚੁਣੇ ਗਏ ਹਨ ਜਿਹੜੇ ਕਿ ਇਸ ਲਈ ਨਿਰਧਾਰਿਤ ਸ਼ਰਤਾਂ/ਮਾਪਦੰਡ ਤਾਂ ਭਾਵੇਂ ਪੂਰੇ ਨਹੀਂ ਕਰਦੇ ਪਰੰਤੂ ਇਹ ਅਜਿਹੀਆਂ ਸਖਸ਼ੀਅਤਾਂ ਨਾਲ ਜੁੜੇ ਹੋਏ ਸਨ, ਜਿਨ੍ਹਾਂ ਅੱਗੇ ਇਹ ਸ਼ਰਤਾਂ/ਮਾਪਦੰਡ ਕੋਈ ਮਆਨੇ ਨਹੀਂ ਰੱਖਦੇ। ਇਨ੍ਹਾਂ ਵਿੱਚੋਂ ਪਹਿਲਾ ਖਟਕੜ ਕਲਾਂ ਅਤੇ ਦੂਸਰਾ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬਦੇਕਰ ਦਾ ਮਹਾਂਰਾਸ਼ਟਰ ਵਿੱਚ ਸਥਿਤ ਪਿੰਡ ਹੈ।
ਇਹ ਪ੍ਰਗਟਾਵਾ ਕੇਂਦਰੀ ਪੇਂਡੂ ਵਿਕਾਸ ਤੇ ਪੰਚਾਇਤ  ਅਤੇ ਪੀਣ ਵਾਲਾ ਪਾਣੀ ਤੇ ਸੈਨੀਟੇਸ਼ਨ ਬਾਰੇ ਮੰਤਰੀ ਚੌ. ਬੀਰੇਂਦਰ ਸਿੰਘ ਨੇ ਅੱਜ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਨੂੰ ਭਾਰਤ ਸਰਕਾਰ ਵੱਲੋਂ ‘ਸਾਂਸਦ ਆਦਰਸ਼ ਗਰਾਮ’ ਯੋਜਨਾ ਵਿੱਚ ਸ਼ਾਮਿਲ ਕਰਨ ਦਾ ਰਸਮੀ ਐਲਾਨ ਕਰਦਿਆਂ ਹੋਏ ਕੀਤਾ।
ਉਨ੍ਹਾਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਹਾੜੇ ‘ਤੇ ਇੱਥੇ ਨਤਮਸਤਕ ਹੋਣ ਬਾਅਦ ਯੂਥ ਅਕਾਲੀ ਦਲ ਵੱਲੋਂ ਕੀਤੇ ਵਿਸ਼ਾਲ ਸਮਾਗਮ ਨੂੰ ਸੰਬੋਧਨ ਕਰਦਿਆਂ ਪੇਸ਼ਕਸ਼ ਕੀਤੀ ਕਿ ਜੇਕਰ ਖਟਕੜ ਕਲਾਂ ਅਤੇ ਇਸ ਦੇ ਆਲੇ ਦੁਆਲੇ ਦੇ ਪਿੰਡਾਂ ਦੇ 25 ਤੋਂ 50 ਹਜ਼ਾਰ ਅਬਾਦੀ ‘ਤੇ ਅਧਾਰਿਤ ਪਿੰਡਾਂ ਦਾ ਕਲੱਸਟਰ ਬਣਾ ਕੇ ਦਿੱਤਾ ਜਾਵੇ ਤਾਂ ਕੇਂਦਰ ਸਰਕਾਰ ‘ਸ਼ਿਆਮਾ ਪ੍ਰਸਾਦ ਮੁਖਰਜੀ ਰਰਬਨ ਮਿਸ਼ਨ’ ਤਹਿਤ ਲਿਆ ਕੇ 50 ਤੋਂ 55 ਕਰੋੜ ਰੁਪਏ ਨਾਲ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾ ਦੇਵੇਗੀ।
ਪਿੰਡ ਨੂੰ 24 ਘੰਟੇ ਪਾਣੀ ਦੀ ਸਪਲਾਈ ਨਾਲ ਜੋੜਨ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਅਤੇ ਜੱਦੀ ਘਰ ਦੇ ਦਰਸ਼ਨ ਕਰਨ ਬਾਅਦ ਵਿਸ਼ੇਸ਼ ਤੌਰ ‘ਤੇ ਸ਼ਹੀਦ-ਏ-ਆਜ਼ਮ ਦੀ ਸ਼ਹੀਦੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਆਖਿਆ ਕਿ ਜਦੋਂ ਵੀ ਦੇਸ਼ ਦੀ ਅਜ਼ਾਦੀ ਲਈ ਬਲੀਦਾਨ ਦੇਣ ਵਾਲੇ ਸ਼ਹੀਦਾਂ ਦੀ ਗੱਲ ਤੁਰਦੀ ਹੈ ਤਾਂ ਸ. ਭਗਤ ਸਿੰਘ ਦਾ ਨਾਂ ਸਭ ਤੋਂ ਅੱਗੇ ਹੁੰਦਾ ਹੈ। ਉਨ੍ਹਾਂ ਖਟਕੜ ਕਲਾਂ ਨਾਲ ਆਪਣੀ ਸਾਂਝ ਦਾ ਜ਼ਿਕਰ ਕਰਦਿਆਂ ਆਖਿਆ ਕਿ ਉਨ੍ਹਾਂ ਨੇ ਵੀ ਹਰਿਆਣਾ ਦੇ ਜਿਸ ਪਿੰਡ ਨੂੰ ‘ਸਾਂਸਦ ਆਦਰਸ਼ ਗਰਾਮ’ ਵਜੋਂ ਅਪਣਾਇਆ ਹੈ, ਉਸ ਦਾ ਨਾਂ ਵੀ ਸੁਭਾਵਿਕ ਤੌਰ ‘ਤੇ ਖਟਕੜ ਹੈ ਅਤੇ ਉੱਥੇ ਦੇ ਲੋਕਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ ਬੁੱਤ ਲਗਵਾਇਆ ਹੈ।
ਉਨ੍ਹਾਂ ਦੇਸ਼ ਦੀ ਕਿਸਾਨ ਦੇ ਦਰਦ ਦਾ ਜ਼ਿਕਰ ਕਰਦਿਆਂ ਇਸ ਲਈ ਲੰਬਾ ਸਮਾਂ ਰਾਜ ਕਰਨ ਵਾਲੀਆਂ ਕਾਂਗਰ ਸਰਕਾਰਾਂ ਨੂੰ ਜ਼ਿੰਮੇਂਵਾਰ ਠਹਿਰਾਉਂਦਿਆਂ ਆਖਿਆ ਕਿ ਕਿਸਾਨ ਦੀ ਖੁਸ਼ਹਾਲੀ ਤਾਂ, ਤਾਂ ਬਣਦੀ ਹੈ ਜੇਕਰ ਡਾਲਰ ਦੀ ਤਰ੍ਹਾਂ ਉਨ੍ਹਾਂ ਦਾ ਇੱਕ ਰੁਪਈਆਂ ਵੀ ਪੰਜ ਰੁਪਈਏ ‘ਚ ਚੱਲੇ। ਉਨ੍ਹਾਂ ਕਾਂਗਰਸ ਵੱਲੋਂ ਵਿਸ਼ੇਸ਼ ਆਰਥਿਕ ਜ਼ੋਨ ਬਣਾ ਕੇ ਕਿਸਾਨਾਂ ਦੀ ਜ਼ਮੀਨ ਹੜੱਪਣ ਦਾ ਜ਼ਿਕਰ ਕਰਦਿਆਂ ਆਖਿਆ ਕਿ ਸ੍ਰੀ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਕੋਈ ਵੀ ਕਿਸਾਨ ਵਿਰੋਧੀ ਫ਼ੈਸਲਾ ਨਹੀਂ ਲਿਆ ਗਿਆ ਬਲਕਿ ਕਿਸਾਨਾਂ ਦੇ ਭਲੇ ਨੂੰ ਮੁੱਖ ਰੱਖਿਆ ਗਿਆ ਹੈ। ਉਨ੍ਹਾਂ ਮਾਲ ਤੇ ਮੁੜ ਵਸੇਬਾ ਮੰਤਰੀ ਪੰਜਾਬ ਸ. ਬਿਕਰਮ ਸਿੰਘ ਮਜੀਠੀਆ ਦੇ ਪੜਦਾਦਾ ਸਰ ਸੁੰਦਰ ਸਿੰਘ ਮਜੀਠੀਆ ਅਤੇ ਆਪਣੇ ਨਾਨਾ ਸਰ ਛੋਟੂ ਰਾਮ ਦੇ ਕਿਸਾਨੀ ਪ੍ਰਤੀ ਲਗਾਅ ਦਾ ਜ਼ਿਕਰ ਕਰਦਿਆਂ ਆਖਿਆ ਕਿ ਸਾਂਝੇ ਪੰਜਾਬ ਵਿੱਚ ਅੰਗਰੇਜ਼ੀ ਹਕੂਮਤ ਹੋਣ ਦੇ ਬਾਵਜੂਦ ਦੋਵਾਂ ਨੇ ਆਪਣੇ ਮੰਤਰੀ ਪਦਾਂ ਦਾ ਇਸਤੇਮਾਲ ਕਿਸਾਨਾਂ ਦੇ ਭਲੇ ਲਈ ਕੀਤਾ। ਸਰ ਸੁੰਦਰ ਸਿੰਘ ਮਜੀਠੀਆ ਨੇ ਜਿੱਥੇ ਖੇਤਾਂ ਤੱਕ ਸਿੰਚਾਈ ਦਾ ਪਾਣੀ ਪਹੁੰਚਾਇਆ ਉੱਥੇ ਸਰ ਛੋਟੂ ਰਾਮ ਨੇ 17 ਲੱਖ ਹੈਕਟੇਅਰ ਗਹਿਣੇ ਪਈ ਜ਼ਮੀਨ ਨੂੰ ਮੁੜ ਗਰੀਬ ਕਿਸਾਨਾਂ ਹਵਾਲੇ ਕਰਵਾਇਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾ ਕਿਹਾ ਕਿ ਨਰਮੇ ਦੀ ਖਰਾਬੀ ਲਈ ਕੇਂਦਰ ਵੱਲੋਂ ਪੰਜਾਬ ਪਾਸੋਂ ਖਰਾਬਾ ਰਿਪੋਰਟ ਮੰਗੀ ਗਈ ਹੈ ਅਤੇ ਰਿਪੋਰਟ ਆਉਣ ‘ਤੇ ਉਸ ‘ਤੇ ਮੁਆਵਜੇ ਬਾਰੇ ਵਿਚਾਰਿਆ ਜਾਵੇਗਾ।
ਸੂਬੇ ਦੇ ਮਾਲ ਤੇ ਮੁੜ ਵਸੇਬਾ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਇਸ ਮੌਕੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਆਖਿਆ ਕਿ ਭਰ ਜਵਾਨੀ ਫ਼ਾਂਸੀ ‘ਤੇ ਹੱਸ ਕੇ ਚੜ੍ਹਨਾ, ਪੰਜਾਬੀਆਂ ਸੇ ਹਿੱਸੇ ਹੀ ਆਇਆ ਹੈ। ਚਾਹੇ ਉਹ ਕਾਲੇ ਪਾਣੀਆਂ ਦੀਆਂ ਸਜ਼ਾਵਾਂ ਸਨ ਜਾਂ ਦੇਸ਼ ਲਈ ਬਲੀਦਾਨ ਦੇਣ ਦੀ ਗੱਲ, 80 ਤੋਂ 90 ਫ਼ੀਸਦੀ ਯੋਗਦਾਨ ਪੰਜਾਬੀਆਂ ਦਾ ਰਿਹਾ। ਉਨ੍ਹਾਂ ਪੁਰਜ਼ੋਰ ਮੰਗ ਕੀਤੀ ਕਿ ਕੌਮਾਂਤਰੀ ਹਵਾਈ ਅੱਡੇ ਦਾ ਨਾਂ ਸ਼ਹੀਦ-ਏ-ਆਜ਼ਮ ਦੇ ਨਾਂ ‘ਤੇ ਨਾ ਰੱਖਣ ਨਾਲ ਨੌਜੁਆਨ ਹਿਰਦਿਆਂ ਨੂੰ ਠੇਸ ਪੁੱਜੀ ਅਤੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ, ਚੌ. ਬੀਰੇਂਦਰ ਸਿੰਘ ਕੇਂਦਰ ਸਰਕਾਰ ਪਾਸੋਂ ਇਸ ਦਾ ਨਾਮਕਰਣ ਸ਼ਹੀਦ-ਏ-ਆਜ਼ਮ ਦੇ ਨਾਂ ‘ਤੇ ਕਰਵਾਉਣ।
ਪੰਜਾਬ ਤੇ ਹਰਿਆਣਾ ਦੀ ਕਿਸਾਨੀ ਦੇ ਦਰਦ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਅੰਨ੍ਹ ਭੰਡਾਰ ਵਿੱਚ 73 ਫ਼ੀਸਦੀ ਤੋਂ ਵਧੇਰੇ ਦਾ ਯੋਗਦਾਨ ਪਾਉਂਦੇ ਪੰਜਾਬ ਤੇ ਹਰਿਆਣਾ ਦੇ ਕਿਸਾਨ ਮਾੜੀ ਆਰਥਿਕਤਾ ਦੇ ਸ਼ਿਕਾਰ ਹਨ, ਜਿਸ ਲਈ ਸਰ ਛੋਟੂ ਰਾਮ ਦੇ ਦੋਹਤੇ ਤੇ ਦੇਸ਼ ਦੇ ਸੀਨੀਅਰ ਕੈਬਿਨਟ ਮੰਤਰੀ ਚੌ. ਬੀਰੇਂਦਰ ਸਿੰਘ ਨੂੰ ਅੱਗੇ ਆਉਣਾ ਚਾਹੀਦਾ ਹੈ।
ਸ. ਮਜੀਠੀਆ ਨੇ ਸੂਬੇ ਦੇ ਸਿਆਸੀ ਹਾਲਾਤਾਂ ਵਿੱਚ ਸੱਤ੍ਹਾ ਦੀ ਭੁੱਖ ਦੀ ਚਾਹਨਾ ਰੱਖਣ ਵਾਲੇ ਆਗੂਆ ਜਿਨ੍ਹਾਂ ਸ਼ਹੀਦ-ਏ-ਆਜ਼ਮ ਦੇ ਪਿੰਡ ਦੀ ਮਿੱਟੀ ਦੀ ਸਹੁੰ ਖਾਧੀ ਸੀ, ਦੀ ਅਲੋਚਨਾ ਵੀ ਕੀਤੀ। ਉਨ੍ਹਾਂ ਕਿਹਾ ਕਿ ਇੱਕ ਆਗੂ ਤਾਂ ਉਸ ਪਾਰਟੀ ਨਾਲ ਜੁੜ ਗਿਆ ਜਿਸ ਨੇ ਆਪਣੇ 48 ਸਾਲ ਦੇ ਰਾਜ ਦੌਰਾਨ ਸ਼ਹੀਦਾਂ ਦੀ ਕਦਰ ਤੱਕ ਨਹੀਂ ਪਾਈ ਅਤੇ ਦੂਸਰਾ ਬਸੰਤੀ ਪੱਗ ਬੰਨ੍ਹ ਕੇ ਪੰਜਾਬ ਨੂੰ ਸੰਭਾਲਣ ਦੀ ਉਸ ਵੇਲੇ ਗੱਲ ਕਰ ਰਿਹਾ ਹੈ ਜਦੋਂ ਉਸ ਕੋਲੋਂ ਆਪਣਾ ਘਰ ਨਹੀਂ ਸੰਭਾਲਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਜਿਸ ਪਾਰਟੀ ਦੇ ਕਾਨੂੰਨੀ ਮੰਤਰੀ ਨੂੰ ਜਾਅਲੀ ਡਿਗਰੀ ਬਦਲੇ ਜੇਲ੍ਹ ਜਾਣਾ ਪਿਆ ਹੋਵੇ, ਲੋਕਾਂ ਨੂੰ ਦੇਸ਼ ਵਿੱਚ ਸਭ ਤੋਂ ਵੱਧ ਟੈਕਸ ਅਤੇ ਵੈਟ ਦੀ ਮਾਰ ਝੱਲਣੀ ਪਵੇ, ਉਸ ਤੋਂ ਪੰਜਾਬ ਦੇ ਭਲੇ ਦੀ ਕੀ ਆਸ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵਾਹਦ ਅਜਿਹੇ ਨੇਤਾ ਹਨ, ਜੋ ਕਿ ਦੇਸ਼ ਦੇ ਸ਼ਹੀਦਾਂ ਨੂੰ ਸਤਿਕਾਰ ਦੇ ਰਹੇ ਹਨ ਅਤੇ ਉਨ੍ਹਾਂ ਦੀ ਯਾਦ ਮਨਾਉਣ ਤੋਂ ਇਲਾਵਾ, ਯਾਦਗਾਰਾਂ ਵੀ ਉਸਾਰ ਰਹੇ ਹਨ।
ਪੱਤਰਕਾਰਾਂ ਵੱਲੋਂ ਨਰਮੇ ਦੇ ਬਹੁਤ ਥੋੜ੍ਹੇ ਮੁਆਵਜ਼ੇ ਸਬੰਧੀ ਪੁੱਛੇ ਸਵਾਲ ‘ਤੇ ਮਾਲ ਮੰਤਰੀ ਸ. ਮਜੀਠੀਆ ਦਾ ਕਹਿਣਾ ਸੀ ਕਿ ਇਹ ਅਕਾਲੀ ਦਲ-ਭਾਜਪਾ ਸਰਕਾਰ ਹੀ ਹੈ ਜਿਸ ਨੇ ਕਾਂਗਰਸ ਦੇ 2000 ਰੁਪਏ ਦੇ ਪ੍ਰਤੀ ਏਕੜ ਦੇ ਮੁਕਾਬਲੇ 8000 ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਤੈਅ ਕੀਤਾ ਹੈ। ਉਨ੍ਹਾਂ ਬਹੁਤ ਹੀ ਨਿਗੂਣੇ ਮੁਆਵਜ਼ਾ ਦੇਣ ਬਾਰੇ ਰਿਪੋਰਟ ਮੰਗੇ ਜਾਣ ਦੀ ਗੱਲ ਆਖੀ।
ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਚੌ. ਬੀਰੇਂਦਰ ਸਿੰਘ ਵੱਲੋਂ ਸ਼ਰਤਾਂ/ਮਾਪਦੰਡਾਂ ਵਿੱਚ ਛੋਟ ਦੇ ਕੇ ਖਟਕੜ ਕਲਾਂ ਨੂੰ ‘ਆਦਰਸ਼ ਸਾਂਸਦ ਗਰਾਮ ਯੋਜਨਾ’ ਦਾ ਹਿੱਸਾ ਬਣਾਏ ਜਾਣ ‘ਤੇ ਸਵਾਗਤ ਕਰਦਿਆਂ ਆਖਿਆ ਕਿ ਹੁਣ ਉਨ੍ਹਾਂ ਦਾ ਖਟਕੜ ਕਲਾਂ ਨੂੰ ਨਮੂਨੇ ਦਾ ਨਗਰ ਬਣਾਉਣ ਦਾ ਸੁਫ਼ਨਾ ਪੂਰਾ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ‘ਸਾਂਸਦ ਆਦਰਸ਼ ਗਰਾਮ’ ਦੇ ਐਲਾਨ ਨਾਲ ਹੀ ਪਿੰਡ ਨੂੰ 25 ਲੱਖ ਰੁਪਏ ਦੀ ਗਰਾਂਟ ਦੀ ਮਨਜ਼ੂਰੀ ਦੇ ਦਿੱਤ ਿਗਈ ਹੈ ਜਿਸ ਨਾਲ 24 ਘੰਟੇ ਪੀਣ ਵਾਲੇ ਪਾਣੀ ਦੀ ਸਪਲਾਈ, ਸੋਲਰ ਲਾਈਟਾਂ ਅਤੇ ਹੋਰ ਕਾਰਜ ਨੇਪਰੇ ਚਾੜ੍ਹੇ ਜਾਣਗੇ। ਉਨ੍ਹਾਂ ਪਿੰਡ ਵਿੱਚ ਅਤਿ ਆਧੁਨਿਕ ਸਟੇਡੀਅਮ ਅਤੇ ਸੀਵਰੇਜ ਦੀ ਮੰਗ ਵੀ ਜਲਦ ਪੂਰੀ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਸਟੇਡੀਅਮ ਦੀ ਸ਼ੁਰੂਆਤ ਉਹ ਅੱਜ ਇੱਥੇ ਆਏ ਤਿੰਨਾਂ ਮੰਤਰੀਆਂ ਪਾਸੋਂ 5-5 ਲੱਖ ਪੁਆ ਕੇ ਅਤੇ ਆਪਣੇ ਸੰਸਦ ਫੰਡ ਵਿੱਚੋਂ 15 ਲੱਖ ਦੇ ਕੇ ਸ਼ੁਰੂ ਕਰਵਾ ਦੇਣਗੇ।
ਉਨ੍ਹਾਂ ਕਿਹਾ ਕਿ ਮੋਹਾਲੀ ਵਿਖੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਉਦਘਾਟਨ ਕੀਤੇ ਗਏ ਕੌਮਾਂਤਰੀ ਹਵਾਈ ਅੱਡੇ ਦਾ ਸਭ ਤੋਂ ਵੱਡਾ ਲਾਭ ਦੋਆਬਾ ਖਿੱਤੇ ਨੂੰ ਮਿਲੇਗਾ, ਜਿਸ ਨਾਲ 10 ਹਜ਼ਾਰ ਤੱਕ ਟਿਕਟ ਦੀ ਬੱਚਤ ਤੇ 16 ਘੰਟੇ ਤੱਕ ਸਫ਼ਰ ਦੀ ਕਟੌਤੀ ਹੋਵੇਗੀ। ਕਾਰਗੋ ਹੱਬ ਬਣਨ ਨਾਲ ਸਬਜ਼ੀਆਂ ਅਤੇ ਹੋਰ ਸਮਾਨ ਬਾਹਰ ਭੇਜਣ ਵਿੱਚ ਮੱਦਦ ਮਿਲੇਗੀ।
ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕਦੇ ਵੀ ਸ਼ਹੀਦਾਂ ਨੂੰ ਬਣਦਾ ਸਤਿਕਾਰ ਨਹੀਂ ਦਿੱਤਾ ਪਰੰਤੂ ਅਕਾਲੀ ਦਲ-ਭਾਜਪਾ ਸਰਕਾਰ ਨੇ ਹਮੇਸ਼ਾਂ ਸ਼ਹੀਦਾਂ ਦਾ ਸਤਿਕਾਰ ਕੀਤਾ ਹੈ। ਉਨ੍ਹਾਂ ਖੇਤੀ ਨੂੰ ਦਰਪੇਸ਼ ਸੰਕਟ ਦਾ ਜ਼ਿਕਰ ਕਰਦਿਆਂ ਆਖਿਆ ਕਿ ਜਿਸ ਤਰ੍ਹਾਂ ਪੰਜਾਬ ਹਿੰਦੁਸਤਾਨ ਦਾ ਆਪਣੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣ ਵਾਲਾ ਸੂਬਾ ਹੈ, ਇਸੇ ਤਰਜ਼ ‘ਤੇ ਸਮੁੱਚੇ ਦੇਸ਼ ਵਿੱਚ ਕਿਸਾਨਾਂ ਨੂੰ ਲਾਭ ਮਿਲਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਗੰਨੇ ‘ਤੇ 50 ਰੁਪਏ ਪ੍ਰਤੀ ਕੁਇੰਟਲ ਵਧੇਰੇ ਦਿੱਤੇ ਜਾਂਦੇ ਹਨ ਤਾਂ ਜੋ ਕਿਸਾਨਾਂ ਨੂੰ ਆਰਥਿਕ ਹੁਲਾਰਾ ਮਿਲ ਸਕੇ। ਉਨ੍ਹਾਂ ਬਾਸਮਤੀ ਦੀ ਖਰੀਦ ਸਬੰਧੀ ਕਿਸਾਨਾਂ ਨੂੰ ਦਰਪੇਸ਼ ਮੁਸ਼ਕਿਲ ਦੇ ਹੱਲ ਲਈ ‘ਟਰੇਡ ਕਾਰਪੋਰੇਸ਼ਨ’ ਬਣਾ ਕੇ ਦੂਸਰੇ ਦੇਸ਼ਾਂ ਨੂੰ ਇਸ ਦੀ ਦਰਾਮਦ ਕਰਨ ਨੂੰ ਸਭ ਤੋਂ ਵਧੀਆ ਹੱਲ ਸੁਝਾਇਆ।
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਇਸ ਮੌਕੇ ਆਖਿਆ ਕਿ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਨੇ ਦੇਸ਼ ਦੇ ਨੌਜੁਆਨਾਂ ਵਿੱਚ ਅਜ਼ਾਦੀ ਪ੍ਰਾਪਤੀ ਦਾ ਉਬਾਲ ਲਿਆਂਦਾ ਅਤੇ ਇਨ੍ਹਾਂ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਅਜ਼ਾਦੀ ਮਾਣ ਰਹੇ ਹਾਂ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਦੇਸ਼ ‘ਤੇ ਲੰਮਾ ਸਮਾਂ ਰਾਜ ਕਰਕੇ ਗਈ ਪਾਰਟੀ ਨੇ ਇਨ੍ਹਾਂ ਸ਼ਹੀਦਾਂ ਨੂੰ ਸ਼ਹੀਦ ਦਾ ਰੁਤਬਾ ਦੇਣ ਪ੍ਰਤੀ ਕੋਈ ਦਿਲਚਸਪੀ ਨਹੀਂ ਦਿਖਾਈ।
ਸਭਿਆਚਾਰਕ ਮਾਮਲਿਆਂ ਅਤੇ ਸੈਰ ਸਪਾਟਾ ਮੰਤਰੀ ਸੋਹਣ ਸਿੰਘ ਠੰਡਲ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਦੇ ਜਨਮ ਦਿਨ ਤੋਂ ਸਾਨੂੰ ਸਮਾਜਿਕ ਕੁਰੀਤੀਆਂ ਤੋਂ ਦੂਰ ਹੋਣ ਦੀ ਪ੍ਰੇਰਨਾ ਲੈਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸ਼ਹੀਦਾਂ ਦੀਆਂ ਕਰਬਾਨੀਆਂ ਤੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਣੂ ਕਰਵਾਉਣ ਲਈ ਖਟਕੜ ਕਲਾਂ ਵਿਖੇ 16.81 ਕਰੋੜ ਦੀ ਲਾਗਤ ਨਾਲ ਯਾਦਗਾਰੀ ਮਿਊਜ਼ੀਅਮ, ਕਰਤਾਰਪੁਰ ਵਿਖੇ 300 ਕਰੋੜ ਦੀ ਲਾਗਤ ਨਾਲ ਜੰਗ-ਏ-ਅਜ਼ਾਦੀ ਯਾਦਗਾਰ ਅਤੇ ਅਮ੍ਰਿਤਸਰ ਵਿਖੇ ਸਰਹੱਦਾਂ ਦੇ ਰਾਖਿਆਂ ਦੀ ਕੁਰਬਾਨੀ ਨੂੰ ਯਾਦ ਕਰਨ ਲਈ ‘ਵਾਰ ਮੈਮੋਰੀਅਲ’ ਦੀ ਉਸਾਰੀ ਕੀਤੀ ਜਾ ਰਹੀ ਹੈ।
ਡਾ. ਐਸ.ਕੇ.ਸੁੱਖੀ ਨੇ ਪਿੰਡ ਨੂੰ ਸੀਵਰੇਜ ਸਹੂਲਤ, ਖੇਡ ਸਟੇਡੀਅਮ ਅਤੇ ਮਿਨੀ ਪੀ.ਐਚ.ਸੀ. ਨੂੰ ਅਪਗ੍ਰੇਡ ਕਰਨ ਦੀ ਮੰਗ ਕੀਤੀ। ਯੂਥ ਅਕਾਲੀ ਦਲ ਦੋਆਬਾ ਯੂਨਿਟ ਦੇ ਪ੍ਰਧਾਨ ਸਰਬਜੋਤ ਸਿੰਘ ਸਾਬੀ ਨੇ ਸ਼ਹੀਦ-ਏ-ਆਜ਼ਮ ਦੇ ਜਨਮ ਦਿਹਾੜੇ ਮੌਕੇ ਯੂਥ ਅਕਾਲੀ ਦਲ ਵੱਲੋਂ ਕੀਤੇ ਗਏ ਸਮਾਗਮ ਵਿੱਚ ਪ੍ਰਮੁੱਖ ਸਖਸ਼ੀਅਤਾਂ ਵੱਲੋਂ ਸ਼ਿਰਕਤ ਕਰਨ ਅਤੇ ਸ਼ਹੀਦ-ਏ-ਆਜ਼ਮ ਦੇ ਪਿੰਡ ਨੂੰ ‘ਸਾਂਸਦ ਆਦਰਸ਼ ਗਰਾਮ’ ਵਜੋਂ ਸ਼ਾਮਿਲ ਕਰਨ ਦਾ ਐਲਾਨ ਕਰਨ ‘ਤੇ ਧੰਨਵਾਦ ਕੀਤਾ।
ਹੋਰਨਾਂ ਤੋਂ ਇਲਾਵਾ ਮੁੱਖ ਸੰਸਦੀ ਸਕੱਤਰ ਚੌ. ਨੰਦ ਲਾਲ, ਸ੍ਰੀ ਸੋਮ ਪ੍ਰਕਾਸ਼, ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਮਾਰਕਫ਼ੈਡ ਦੇ ਚੇਅਰਮੈਨ ਜਰਨੈਲ ਸਿੰਘ ਵਾਹਦ, ਉੱਪ ਮੁੱਖ ਮੰਤਰੀ ਦੇ ਓ.ਐਸ.ਡੀ. ਚਰਨਜੀਤ ਸਿੰਘ ਬਰਾੜ, ਜ਼ਿਲ੍ਹਾ ਜਥੇਦਾਰ ਰਾਮ ਸਿੰਘ ਦੁਧਾਲਾਂ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਭਾਰਦਵਾਜ, ਮਾਰਕੀਟ ਕਮੇਟੀ ਬੰਗਾ ਦੇ ਚੇਅਰਮੈਨ ਬੁੱਧ ਸਿੰਘ ਬਲਾਕੀਪੁਰ, ਸ੍ਰੋਮਣੀ ਕਮੇਟੀ ਮੈਂਬਰ ਗੁਰਬਖਸ਼ ਸਿੰਘ ਖਾਲਸਾ, ਕੇਂਦਰੀ ਸਹਿਕਾਰੀ ਬੈਂਕ ਦੇ ਚੇਅਰਮੈਨ ਚੌ. ਅਸ਼ੋਕ ਕੁਮਾਰ, ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਬੀਬੀ ਰਘੁਵਿੰਦਰ ਕੌਰ, ਐਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੋਹਣ ਲਾਲ ਢੰਡਾ, ਸਿਮਰਨਪ੍ਰੀਤ ਸਿੰਘ ਚੰਦੂਮਾਜਰਾ, ਡਿਪਟੀ ਕਮਿਸ਼ਨਰ ਸ. ਅਮਰ ਪ੍ਰਤਾਪ ਸਿੰਘ ਵਿਰਕ, ਐਸ.ਐਸ.ਪੀ. ਸਨੇਹਦੀਪ ਸ਼ਰਮਾ ਅਤੇ ਸਰਪੰਚ ਖਟਕੜ ਕਲਾਂ ਸੁਖਵਿੰਦਰ ਸਿੰਘ ਮੌਜੂਦ ਸਨ।

Facebook Comment
Project by : XtremeStudioz