Close
Menu

ਖ਼ਸ਼ੋਗੀ ਸੀ ‘ਖ਼ਤਰਨਾਕ ਇਸਲਾਮੀ’: ਸਾਊਦੀ ਸ਼ਹਿਜ਼ਾਦਾ

-- 05 November,2018

ਰਿਆਧ, ਸਾਊਦੀ ਅਰਬ ਦੇ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨੇ ਅਮਰੀਕੀ ਰਾਸ਼ਟਰਪਤੀ ਦੇ ਜਵਾਈ ਜੇਅਰਡ ਕੁਸ਼ਨਰ ਤੇ ਕੌਮੀ ਸੁਰੱਖਿਆ ਸਲਾਹਕਾਰ ਜੌਹਨ ਬੋਲਟਨ ਨਾਲ ਫ਼ੋਨ ’ਤੇ ਕੀਤੀ ਗੱਲਬਾਤ ਦੌਰਾਨ ਮਰਹੂਮ ਪੱਤਰਕਾਰ ਜਮਾਲ ਖ਼ਾਸ਼ੋਗੀ ਨੂੰ ‘ਖ਼ਤਰਨਾਕ ਇਸਲਾਮੀ’ ਦੱਸਿਆ ਸੀ। ਇਹ ਦਾਅਵਾ ਵਾਸ਼ਿੰਗਟਨ ਪੋਸਟ ਨੇ ਆਪਣੀ ਇਕ ਰਿਪੋਰਟ ’ਚ ਕੀਤਾ ਹੈ। ਰਿਪੋਰਟ ਮੁਤਾਬਕ ਇਹ ਫੋਨ ਕਾਲ, ਸਾਊਦੀ ਸਲਤਨਤ ਵੱਲੋਂ ਖ਼ਸ਼ੋਗੀ ਦੀ ਮੌਤ ਬਾਰੇ ਜਨਤਕ ਤੌਰ ’ਤੇ ਹਾਮੀ ਭਰੇ ਜਾਣ ਤੋਂ ਪਹਿਲਾਂ ਕੀਤੀ ਗਈ ਸੀ। ਸੂਤਰਾਂ ਮੁਤਾਬਕ ਫੋਨ ਕਾਲ ਦੌਰਾਨ ਸਾਊਦੀ ਸ਼ਹਿਜ਼ਾਦੇ ਨੇ ਕੁਸ਼ਨਰ ਤੇ ਬੋਲਟਨ ਨੂੰ ਅਮਰੀਕਾ-ਸਾਊਦੀ ਗੱਠਜੋੜ ਨੂੰ ਬਣਾਈ ਰੱਖਣ ਦੀ ਗੁਜ਼ਾਰਿਸ਼ ਕਰਦਿਆਂ ਕਿਹਾ ਸੀ ਕਿ ਪੱਤਰਕਾਰ ਮੁਸਲਿਮ ਬ੍ਰਦਰਹੁੱਡ ਨਾਂ ਦੀ ਜਥੇਬੰਦੀ ਦਾ ਮੈਂਬਰ ਸੀ, ਜਿਸ ਦਾ ਬੋਲਟਨ ਤੇ ਟਰੰਪ ਸਰਕਾਰ ਵਿਚਲੇ ਸੀਨੀਅਰ ਅਧਿਕਾਰੀਆਂ ਵੱਲੋਂ ਵਿਰੋਧ ਕੀਤਾ ਜਾਂਦਾ ਰਿਹਾ ਹੈ। ਉਧਰ ਖ਼ਸ਼ੋਗੀ ਪਰਿਵਾਰ ਨੇ ਰੋਜ਼ਨਾਮਚੇ ਨੂੰ ਜਾਰੀ ਕੀਤੇ ਬਿਆਨ ’ਚ ਕਿਹਾ ਕਿ ਕਤਲ ਕੀਤੇ ਪੱਤਰਕਾਰ ਨੂੰ ‘ਖ਼ਤਰਨਾਕ ਇਸਲਾਮੀ’ ਦੱਸ ਕੇ ਜਿਸ ਤਰ੍ਹਾਂ ਉਸ ਦੇ ਕਿਰਦਾਰ ਨੂੰ ਬਿਆਨ ਕੀਤਾ ਗਿਆ ਹੈ, ਉਹ ਪੂਰੀ ਤਰ੍ਹਾਂ ਗ਼ਲਤ ਹੈ।
ਸੂਤਰਾਂ ਮੁਤਾਬਕ ਖ਼ਸ਼ੋਗੀ ਨੂੰ ਨਿੱਜੀ ਗੱਲਬਾਤ ਦੌਰਾਨ ਭੰਡਣਾ ਸਾਊਦੀ ਸਰਕਾਰ ਦੇ ਮਗਰੋਂ ਜਾਰੀ ਕੀਤੇ ਉਨ੍ਹਾਂ ਬਿਆਨਾਂ ਤੋਂ ਉਲਟ ਹੈ ਜਿਸ ਵਿੱਚ ਉਸ ਨੇ ਪੱੱਤਰਕਾਰ ਦੀ ਮੌਤ ਨੂੰ ‘ਖੌ਼ਫਨਾਕ ਗ਼ਲਤੀ’ ਤੇ ‘ਭਿਆਨਕ ਦੁਖਾਂਤ’ ਦੱਸਿਆ ਸੀ। ਉਧਰ ਇਕ ਸਾਊਦੀ ਅਧਿਕਾਰੀ ਨੇ ਕਿਹਾ ਕਿ ਸ਼ਹਿਜ਼ਾਦੇ ਦੀ ਅਮਰੀਕਾ ਦੇ ਸਿਖਰਲੇ ਅਧਿਕਾਰੀਆਂ ਨਾਲ ਫੋਨ ’ਤੇ ਨਿਯਮਤ ਗੱਲਬਾਤ ਹੁੰਦੀ ਰਹਿੰਦੀ ਹੈ, ਪਰ ਇਸ ਦੌਰਾਨ ਪੱਤਰਕਾਰ ਜਮਾਲ ਖ਼ਸ਼ੋਗੀ ਬਾਰੇ ਅਜਿਹਾ ਕੁੱਝ ਵੀ ਨਹੀਂ ਦੱਸਿਆ ਗਿਆ।

Facebook Comment
Project by : XtremeStudioz