Close
Menu

ਖ਼ੈਬਰ ਪਖਤੂਨਖ਼ਵਾ ਵਿਚ ਧਮਾਕਾ; ਤਿੰਨ ਸਿੱਖਾਂ ਸਣੇ 31 ਮੌਤਾਂ

-- 24 November,2018

ਪਿਸ਼ਾਵਰ, 24 ਨਵੰਬਰ
ਪਾਕਿਸਤਾਨ ਦੇ ਗੜਬੜਗ੍ਰਸਤ ਖ਼ੈਬਰ ਪਖਤੂਨਖ਼ਵਾ ਸੂਬੇ ਵਿਚ ਦੇ ਓੜਕਜ਼ਈ ਜ਼ਿਲੇ ਦੇ ਕਲਾਇਆ ਇਲਾਕੇ ਵਿਚ ਸ਼ੀਆ ਫ਼ਿਰਕੇ ਦੇ ਧਾਰਮਿਕ ਸਥਾਨ ਦੇ ਬਾਹਰਵਾਰ ਬਾਜ਼ਾਰ ਵਿਚ ਹੋਏ ਸ਼ਕਤੀਸ਼ਾਲੀ ਬੰਬ ਧਮਾਕੇ ਵਿਚ ਘੱਟੋਘੱਟ 31 ਲੋਕ ਮਾਰੇ ਗਏ ਤੇ 40 ਜ਼ਖ਼ਮੀ ਹੋ ਗਏ। ਇਸ ਜ਼ਿਲੇ ਦੇ ਡਿਪਟੀ ਕਮਿਸ਼ਨਰ ਖ਼ਾਲਿਦ ਇਕਬਾਲ ਨੇ ਪੀਟੀਆਈ ਨੂੰ ਦੱਸਿਆ ਕਿ ਮਰਨ ਵਾਲਿਆਂ ਵਿਚ ਤਿੰਨ ਸਿੱਖ ਵਪਾਰੀ ਤੇ ਤਿੰਨ ਬੱਚੇ ਸ਼ਾਮਲ ਹਨ। ਉਂਜ ਜ਼ਿਆਦਾਤਰ ਮੌਤਾਂ ਸ਼ੀਆ ਭਾਈਚਾਰੇ ਦੇ ਮੈਂਬਰਾਂ ਦੀਆਂ ਹੋਈਆਂ ਹਨ।
ਅਧਿਕਾਰੀਆਂ ਮੁਤਾਬਕ ਲੋਕ ਗਰਮ ਕੱਪੜੇ ਖਰੀਦ ਰਹੇ ਸਨ ਜਦੋਂ ਬੰਬ ਧਮਾਕਾ ਹੋ ਗਿਆ। ਬੰਬ ਇਕ ਮੋਟਰਸਾਈਕਲ ਨਾਲ ਰੱਖਿਆ ਗਿਆ ਸੀ ਤੇ ਜਾਪਦਾ ਹੈ ਕਿ ਰਿਮੋਟ ਕੰਟਰੋਲ ਨਾਲ ਧਮਾਕਾ ਕੀਤਾ ਗਿਆ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਜੋ ਵੀ ਕੁਝ ਹੋਵੇ ਅਸੀਂ ਦਹਿਸ਼ਤਪਸੰਦਾਂ ਦਾ ਮਲੀਆਮੇਟ ਕਰ ਕੇ ਦਮ ਲਵਾਂਗੇ। ਮਨੁੱਖੀ ਅਧਿਕਾਰਾਂ ਬਾਰੇ ਮੰਤਰੀ ਸ਼ਿਰੀਨ ਮਜ਼ਾਰੀ ਨੇ ਆਖਿਆ ਕਿ ਅਫ਼ਗਾਨਿਸਤਾਨ ਵਿਚ ਅਮਰੀਕਾ ਦੀ ਨਾਕਾਮ ਹੋ ਰਹੀ ਨੀਤੀ ਕਾਰਨ ਆਉਣ ਵਾਲੇ ਦਿਨਾਂ ਵਿਚ ਪਾਕਿਸਤਾਨ ਨੂੰ ਅਜਿਹੇ ਹਮਲਿਆਂ ਲਈ ਤਿਆਰ ਰਹਿਣਾ ਪਵੇਗਾ ਜਦਕਿ ਸੂਬੇ ਦੇ ਮੁੱਖ ਮੰਤਰੀ ਮਹਿਮੂਦ ਖ਼ਾਨ ਨੇ ਕਿਹਾ ਕਿ ਸਾਡੇ ਦੁਸ਼ਮਣ ਸੂਬੇ ਵਿਚ਼ ਅਮਨ ਚੈਨ ਨੂੰ ਬਰਦਾਸ਼ਤ ਨਹੀਂ ਕਰ ਸਕਦੇ।

ਮਸਜਿਦਾਂ ’ਚ ਬੰਬ ਧਮਾਕੇ, 36 ਹਲਾਕ, 22 ਜ਼ਖ਼ਮੀ
ਕਾਬੁਲ/ਖੋਸਤ: ਅਫਗਾਨਿਸਤਾਨ ਦੇ ਇਕ ਫੌਜੀ ਅੱਡੇ ਅੰਦਰ ਸਥਿਤ ਮਸਜਿਦ ਵਿਚ ਹੋਏ ਬੰਬ ਧਮਾਕੇ ਵਿਚ ਮਰਨ ਵਾਲੇ ਜਵਾਨਾਂ ਦੀ ਗਿਣਤੀ 27 ਹੋ ਗਈ ਹੈ। ਅਫਗਾਨ ਫੌਜ ਦੇ ਬੁਲਾਰੇ ਅਬਦੁਲ ਨੇ ਦੱਸਿਆ ਕਿ ਪੂਰਬੀ ਖੋਸਟ ਸੂਬੇ ਵਿਚ ਸਥਿਤ ਇੱਕ ਫੌਜੀ ਅੱਡੇ ਅੰਦਰ ਮਸਜਿਦ ਵਿਚ ਹੋਏ ਬੰਬ ਧਮਾਕੇ ’ਚ 27 ਫੌਜੀ ਮਾਰੇ ਗਏ ਹਨ ਅਤੇ 54 ਜ਼ਖ਼ਮੀ ਹੋ ਗਏ ਹਨ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਧਮਾਕਾ ਮਨੁੱਖੀ ਬੰਬ ਨਾਲ ਕੀਤਾ ਗਿਆ ਹੈ ਜਾਂ ਰਿਮੋਟ ਕੰਟਰੋਲ ਨਾਲ ਕੀਤਾ ਗਿਆ ਹੈ। ਇਸੇ ਤਰ੍ਹਾਂ ਅਫ਼ਗਾਨ ਫ਼ੌਜੀ ਅੱਡੇ ਵਿਚਲੀ ਮਸੀਤ ਵਿਚ ਜੁੰਮੇ ਦੀ ਨਮਾਜ਼ ਮੌਕੇ ਹੋਏ ਧਮਾਕੇ ਵਿਚ ਘੱਟੋ ਘੱਟ 9 ਜਣੇ ਮਾਰੇ ਗਏ ਤੇ 22 ਜ਼ਖ਼ਮੀ ਹੋ ਗਏ। ਧਮਾਕੇ ਦੀ ਕਿਸੇ ਵੀ ਗਰੁਪ ਨੇ ਜ਼ਿੰਮੇਵਾਰੀ ਨਹੀਂ ਲਈ।

Facebook Comment
Project by : XtremeStudioz