Close
Menu

ਖਿਡਾਰੀਆਂ ਨੂੰ ਟੀਮ ਵਿੱਚੋਂ ਬਾਹਰ ਕਰਨਾ ਵੈਸਟ ਇੰਡੀਜ਼ ਬੋਰਡ ਦੀ ‘ਸਾਜ਼ਿਸ਼’

-- 24 December,2014

ਤ੍ਰਿਨੀਦਾਦ,  
ਵੈਸਟ ਇੰਡੀਜ਼ ਕ੍ਰਿਕਟ ਬੋਰਡ ਨਾਲ ਇਕਰਾਰ ਵਿਵਾਦ ਮਾਮਲੇ ਵਿੱਚ ਖਿਡਾਰੀਆਂ ਦੀ ਪੈਰਵੀ ਕਰ ਰਹੇ ਵਕੀਲ ਨੇ ਡਾਰਵਿਨ ਬਰਾਵੋ, ਕਿਰੋਨ ਪੋਲਾਰਡ ਤੇ ਡੈਰੇਨ ਸੈਮੀ ਨੂੰ ਦੱਖਣੀ ਅਫਰੀਕਾ ਦੌਰੇ ਦੌਰਾਨ ਇਕ-ਰੋਜ਼ਾ ਟੀਮ ਤੋਂ ਹਟਾਏ ਜਾਣ ਦੇ ਬੋਰਡ ਦੇ ਫੈਸਲੇ ਨੂੰ ਇਕ ਸਾਜ਼ਿਸ਼ ਕਰਾਰ ਦਿੱਤਾ ਹੈ।
ਖਿਡਾਰੀਆਂ ਦੇ ਵਕੀਲ ਰੌਲਫ ਥੋਰਨੇ ਨੇ ਕਿਹਾ, ‘‘ਬਰਾਵੋ ਤੋਂ ਕਪਤਾਨੀ ਖੋਹਣ ਬਾਅਦ ਪੋਲਾਰਡ ਤੇ ਸੈਮੀ ਨੂੰ ਦੱਖਣੀ ਅਫਰੀਕਾ ਵਿਰੁੱਧ ਇਕ-ਰੋਜ਼ਾ ਸੀਰੀਜ਼ ਲਈ ਨਾ ਚੁਣੇ ਜਾਣਾ ਇਕ ਗੰਦੀ ਰਾਜਸੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖਿਡਾਰੀਆਂ ਨੇ ਇਕਰਾਰ ਨੂੰ ਲੈ ਕੇ ਬੋਰਡ ਵਿਰੁੱਧ ਆਵਾਜ਼ ਉਠਾਈ ਸੀ। ਇਸ ਦਾ ਖਿਡਾਰੀਆਂ ਤੋਂ ਬਦਲਾ ਲਿਆ ਜਾ ਰਿਹਾ ਹੈ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਬੋਰਡ ਇਨ੍ਹਾਂ ਖਿਡਾਰੀਆਂ ਨੂੰ ਵਿਸ਼ਵ ਕੱਪ ਖੇਡਣ ਤੋਂ ਵੀ ਰੋਕ ਸਕਦਾ ਹੈ। ਇਨ੍ਹਾਂ ਤਿੰਨਾਂ ਖਿਡਾਰੀਆਂ ਦੀ ਟਵੰਟੀ-20 ਟੀਮ ਲਈ ਚੋਣ ਨੂੰ ਉਨ੍ਹਾਂ ਨੇ ਨਿਰੀ ਵਿਤਕਰੇਬਾਜ਼ੀ ਕਰਾਰ ਦਿੱਤਾ। ਇਹ ਜ਼ਿਕਰਯੋਗ ਹੈ ਕਿ ਵੈਸਟ ਇੰਡੀਜ਼ ਦੀ ਕ੍ਰਿਕਟ ਟੀਮ ਕ੍ਰਿਕਟ ਬੋਰਡ ਤੇ ਪਲੇਅਰਜ਼ ਐਸੋਸੀਏਸ਼ਨ ਨਾਲ ਇਕਰਾਰ ਦੇ ਚੱਲਦਿਆਂ ਭਾਰਤ ਦੌਰਾ ਵਿਚਾਲੇ ਛੱਡ ਕੇ ਵੈਸਟ ਇੰਡੀਜ਼ ਪਰਤ ਗਈ ਸੀ। ਇਸ ਨੁਕਸਾਨ ਦੀ ਭਰਪਾਈ ਲਈ ਭਾਰਤੀ ਬੋਰਡ ਨੇ ਵੈਸਟ ਇੰਡੀਜ਼ ਕ੍ਰਿਕਟ ਬੋਰਡ ਨੂੰ 40 ਮਿਲੀਅਨ ਡਾਲਰ ਦਾ ਜੁਰਮਾਨਾ ਕੀਤਾ ਸੀ।
ਇਸ ਤੋਂ ਬਾਅਦ ਇਕਰਾਰ ਵਿਵਾਦ ਦੀ ਜਾਂਚ ਲਈ ਬਣਾਈ ਤਿੰਨ ਮੈਂਬਰਾਂ ਦੀ ਟਾਸਕ ਫੋਰਸ ਦੇ ਮੁਖੀ ਨੇ ਟੀਮ ਦੇ ਮੋਹਰੀ ਖਿਡਾਰੀਆਂ ਨੂੰ ਦੋਸ਼ੀ ਠਹਿਰਾਇਆ ਸੀ। ਖਿਡਾਰੀਆਂ ਦੇ ਵਕੀਲ ਰੌਲਫ ਨੇ ਕਿਹਾ ਕਿ ਉਹ ਇਸ ਟਾਸਕ ਫੋਰਸ ਦੀ ਰਿਪੋਰਟ ਨੂੰ ਚੁਣੌਤੀ ਦੇਣਗੇ ਤੇ ਆਈਸੀਸੀ ਤੋਂ ਇਸ ਮਾਮਲੇ ਨੂੰ ਹੱਲ ਕਰਨ ਲਈ ਦਖਲ ਦੀ ਮੰਗ ਕਰਨਗੇ।

Facebook Comment
Project by : XtremeStudioz