Close
Menu

ਖਿਡਾਰੀਆਂ ਨੂੰ ਪ੍ਰੇਸ਼ਾਨ ਕਰਨ ਵਾਲੇ ਅਧਿਕਾਰੀਆਂ ਦੀ ਹੋਵੇਗੀ ‘ਛੁੱਟੀ’: ਰਾਠੌੜ

-- 01 May,2018

ਨਵੀਂ ਦਿੱਲੀ, 
ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਨੇ ਕਿਹਾ ਕਿ ਜੇਕਰ ਅਧਿਕਾਰੀ ਖਿਡਾਰੀਆਂ ਨੂੰ ਮਿਲਣ ਵਾਲੀ ਰਕਮ ਦੀ ਮਨਜ਼ੂਰੀ ’ਚ ਦੇਰੀ ਕਰਦੇ ਹਨ ਤਾਂ ਉਹ ਉਨ੍ਹਾਂ ਨੂੰ ਬਰਖ਼ਾਸਤ ਕਰਨ ਤੋਂ ਨਹੀਂ ਝਿਜਕਣਗੇ। ਉਨ੍ਹਾਂ ਨਾਲ ਹੀ ਖਿਡਾਰੀਆਂ ਨੂੰ ਝੂਠੇ ਦੋਸ਼ਾਂ ਖਿਲਾਫ਼ ਵੀ ਚੇਤਾਵਨੀ ਦਿੱਤੀ।  ਇੱਥੇ ਰਾਸ਼ਟਰਮੰਡਲ ਖੇਡਾਂ ਦੇ ਤਗ਼ਮਾ ਜੇਤੂਆਂ ਦੇ ਸਨਮਾਨ ਸਮਾਰੋਹ ਮੌਕੇ ਰਾਠੌੜ ਨੇ ਕਿਹਾ ਕਿ ਭਾਰਤੀ ਖੇਡਾਂ ਵਿੱਚ ਪੈਸੇ ਦੀ ਕੋਈ ਕਮੀ ਨਹੀਂ, ਪਰ ਖਿਡਾਰੀਆਂ ਅਤੇ ਸੰਘ ਨੂੰ ਫੰਡ ਦੀ ਵਰਤੋਂ ਸਹੀ ਮੰਤਵ ਲਈ ਕਰਨੀ ਚਾਹੀਦੀ ਹੈ। ਖੇਡ ਮੰਤਰੀ ਨੇ ਕਿਹਾ, ‘‘ਖੇਡ ਮੰਤਰਾਲੇ ਅਤੇ ਭਾਰਤੀ ਖੇਡ ਅਥਾਰਟੀ ਦੇ ਅਧਿਕਾਰੀਆਂ ਨੂੰ ਤੁਹਾਡੀਆਂ ਸਮੱਸਿਆਵਾਂ ਛੇਤੀ ਤੋਂ ਛੇਤੀ ਹੱਲ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਜੇਕਰ ਕਿਸੇ ਸਮੇਂ ਪਤਾ ਚੱਲਿਆ ਕਿ ਖਿਡਾਰੀਆਂ ਨੂੰ ਰਕਮ ਜਾਂ ਫੰਡ ਹਾਸਲ ਕਰਨ ਵਿੱਚ ਦਿੱਕਤ ਆ ਰਹੀ ਹੈ ਤਾਂ ਕੁੱਝ ਅਧਿਕਾਰੀਆਂ ਨੂੰ ਬਰਖ਼ਾਸਤ ਕੀਤਾ ਜਾ ਸਕਦਾ ਹੈ।’’
ਉਨ੍ਹਾਂ ਨਾਲ ਹੀ ਖਿਡਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਸ਼ਿਕਾਇਤ ਕਰਨ ਤੋਂ ਪਹਿਲਾਂ ਉਹ ਯਕੀਨੀ ਬਣਾ ਲੈਣ ਕਿ ਗ਼ਲਤੀ ਅਧਿਕਾਰੀਆਂ ਦੀ ਹੈ। ਰਾਠੌੜ ਨੇ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਵਿੱਚ ਤਗ਼ਮਾ ਜੇਤੂਆਂ ਨੂੰ ਰਕਮ ਵੀ ਦਿੱਤੀ। ਇਸ ਮੌਕੇ ਭਾਰਤੀ ਓਲੰਪਿਕ ਸੰਘ ਦੇ ਪ੍ਰਧਾਨ ਨਰਿੰਦਰ ਬਤਰਾ ਤੋਂ ਇਲਾਵਾ ਮੁੱਕੇਬਾਜ਼ ਮੇਰੀਕੌਮ, ਸੁਸ਼ੀਲ ਕੁਮਾਰ, ਸਾਇਨਾ ਨੇਹਵਾਲ, ਪੀਵੀ ਸਿੰਧੂ, ਮਾਨਿਕ ਬਤਰਾ ਅਤੇ ਹੀਨਾ ਸਿੱਧੂ ਮੌਜੂਦ ਸਨ।ਖੇਡ ਮੰਤਰੀ ਨੇ ਸੋਨ ਤਗ਼ਮਾ ਜੇਤੂਆਂ ਨੂੰ 30-30 ਲੱਖ ਰੁਪਏ, ਜਦਕਿ ਚਾਂਦੀ ਅਤੇ ਕਾਂਸੀ ਦਾ ਤਗ਼ਮਾ ਜੇਤੂ ਨੂੰ ਕ੍ਰਮਵਾਰ 20 ਅਤੇ 10 ਲੱਖ ਰੁਪਏ ਦਿੱਤੇ। 

Facebook Comment
Project by : XtremeStudioz