Close
Menu

ਖੇਤੀਬਾੜੀ ਨੂੰ ਵਿਹਾਰਕ ਅਤੇ ਗਤੀਸ਼ੀਲ ਬਣਾਉਣ ਦੀ ਲੋੜ-ਮੋਦੀ

-- 27 May,2015

ਆਧੁਨਿਕ ਖੇਤੀ ਤਕਨੀਕ, ਬਦਲਾਵਾਂ ਅਤੇ ਖੋਜਾਂ ਲਈ ‘ਕਿਸਾਨ ਚੈਨਲ’ ਦੀ ਸ਼ੁਰੂਆਤ

ਨਵੀਂ ਦਿੱਲੀ, 27ਮਈ-ਦੇਸ਼ ਦੇ ਸਭ ਤੋਂ ਅਣਗੌਲੇ ਪਰ ਲੋੜੀਂਦੇ ਖੇਤਰ ਭਾਵ ਖੇਤੀਬਾੜੀ ਨੂੰ ਵਿਹਾਰਕ ਅਤੇ ਗਤੀਸ਼ੀਲ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ ਦੇ ਵਿਗਿਆਨ ਭਵਨ ‘ਚ 24 ਘੰਟੇ ਚੱਲਣ ਵਾਲੇ ‘ਕਿਸਾਨ ਚੈਨਲ’ ਦਾ ਉਦਘਾਟਨ ਕੀਤਾ | ਮੋਦੀ ਸਰਕਾਰ ਦੇ ਸੱਤਾ ‘ਚ ਆਉਣ ਦੇ ਇਕ ਸਾਲਾ ਜਸ਼ਨਾਂ ਦੇ ਵੱਡੇ ਐਲਾਨ ਵਜੋਂ ਦੇਸ਼ ਦੇ ਕਿਸਾਨ ਨੂੰ ਆਧੁਨਿਕ ਤਕਨੀਕ ਅਤੇ ਆਲਮੀ ਪੱਧਰ ਦੇ ਬਦਲਾਵਾਂ ਨਾਲ ਜੋੜੇ ਰੱਖਣ ਲਈ ਕਿਸਾਨ ਚੈਨਲ ਨੂੰ ਮੋਦੀ ਨੇ ਨਾ ਸਿਰਫ ਇਕ ਜ਼ਰੀਆ ਸਗੋਂ ਸਮੇਂ ਦੀ ਲੋੜ ਦੱਸਿਆ | ਵਿਵਾਦਤ ਜ਼ਮੀਨ ਪ੍ਰਾਪਤੀ ਬਿੱਲ ਕਾਰਣ ਕਿਸਾਨ ਵਿਰੋਧੀ ਛਵੀ ਦੇ ਤੌਰ ‘ਤੇ ਪ੍ਰਚਾਰਿਤ ਹੋ ਰਹੀ ਭਾਜਪਾ ਨੇ ਅੱਜ ਦੇ ਦਿਨ ਭਾਜਪਾ ਦੇ ਇਕ ਸਾਲ ਮੁਕੰਮਲ ਹੋਣ ‘ਤੇ ਕਿਸਾਨਾਂ ਨੂੰ ਖਾਸੀ ਅਹਿਮੀਅਤ ਦੇਣ ਦੀ ਉਚੇਚਾ ਕੋਸ਼ਿਸ਼ ਕੀਤੀ | ਪਹਿਲਾਂ ਪ੍ਰਧਾਨ ਮੰਤਰੀ ਵੱਲੋਂ ਜਨਤਾ ਦੇ ਨਾਂਅ ਲਿਖੀ ਖੁੱਲ੍ਹੀ ਚਿੱਠੀ ‘ਚ ਵੀ ‘ਅੰਨਦਾਤਾ ਸੁਖੀਭਵੈ’ ਨੂੰ ਸਰਕਾਰ ਦੀ ਸਭ ਤੋਂ ਉੱਚੀ ਤਰਜੀਹ ਦੱਸਿਆ | ਦੇਸ਼ ਦੇ ਤਕਰੀਬਨ ਹਰ ਅਖਬਾਰ ਦੇ ਪਹਿਲੇ ਸਫੇ ‘ਤੇ ਆਈ ਇਸ ਇਸ਼ਤਿਹਾਰੀ ਚਿੱਠੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਕਾਰ ਵੱਲੋਂ ਕਿਸਾਨਾਂ ਲਈ ਲਈਆਂ ਸਾਰੀਆਂ ਪਹਿਲਕਦਮੀਆਂ ਦਾ ਵੇਰਵਾ ਦਿੱਤਾ | ਫਿਰ ਭਾਵੇਂ ਉਹ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਹੋਵੇ, ਸਾਇਲ ਹੈਲਥ ਕਾਰਡ ਜਾਂ ਨਵੀਂ ਯੂਰੀਆ ਖੇਤੀ ਨੀਤੀ | ਨਾਲ ਹੀ ਸ੍ਰੀ ਮੋਦੀ ਨੇ ਹਰ ਔਕੜ ‘ਚ ਕਿਸਾਨ ਨਾਲ ਖੜ੍ਹੇ ਹੋਣ ਦੀ ਵਚਨਬੱਧਤਾ ਨੂੰ ਵੀ ਦੁਹਰਾਇਆ | ਕਿਸਾਨ ਚੈਨਲ ਨੂੰ ‘ਬਦਲਾਅ ਦੀ ਹਵਾ’ ਕਰਾਰ ਦਿੰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਬਿਨਾਂ ਤਬਦੀਲੀ ਦੇ ਹਾਲਾਤ ਨਹੀਂ ਬਦਲਣਗੇ | ਖੇਡ ਚੈਨਲਾਂ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ 24 ਘੰਟਿਆਂ ਦੇ ਖੇਡ ਚੈਨਲਾਂ ਨੇ ਜਿਵੇਂ ਵੇਖਣ ਵਾਲਿਆਂ ਨੂੰ ਖੇਡਾਂ ਦੀਆਂ ਬਰੀਕੀਆਂ, ਇਸ ਨਾਲ ਜੁੜੇ ਹੋਰ ਰੋਜ਼ਗਾਰਾਂ ਤੋਂ ਜਾਣੂ ਕਰਵਾਇਆ ਹੈ, ਉਸੇ ਤਰ੍ਹਾਂ ਕਿਸਾਨ ਚੈਨਲਾਂ ਰਾਹੀਂ ਆਧੁਨਿਕ ਤਕਨੀਕਾਂ, ਮੌਸਮ ਦਾ ਹਾਲ, ਆਲਮੀ ਪੱਧਰ ‘ਤੇ ਹੋ ਰਹੀਆਂ ਖੋਜਾਂ ਅਤੇ ਤਬਦੀਲੀਆਂ ਦੀ ਜਾਣਕਾਰੀ ਹਾਸਲ ਕੀਤੀ ਜਾ ਸਕੇਗੀ | ‘ਜੈ ਜਵਾਨ, ਜੈ ਕਿਸਾਨ’ ਦਾ ਨਾਅਰਾ ਦੇਣ ਵਾਲੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦਾ ਹਵਾਲਾ ਦਿੰਦਿਆਂ ਨਰਿੰਦਰ ਮੋਦੀ ਨੇ ਕਿਹਾ ਕਿ ਸ਼ਾਸਤਰੀ ਦੀ ਇਕ ਆਵਾਜ਼ ‘ਤੇ ਦੇਸ਼ ਨੂੰ ਅਨਾਜ ‘ਚ ਆਤਮ ਨਿਰਭਰ ਬਣਾਉਣ ਵਾਲੇ ਕਿਸਾਨ ਨੂੰ ਅੱਜ ਇਕ ਹੋਰ ਚੁਣੌਤੀ ਆਪਣੇ ਮੋਢਿਆਂ ‘ਤੇ ਲੈਣ ਦੀ ਲੋੜ ਹੈ | ਇਸ ਵੇਲੇ ਕਿਸਾਨ ਨੂੰ ਦੇਸ਼ ਦੀ ਜ਼ਰੂਰਤ ਅਤੇ ਆਲਮੀ ਮੰਡੀ ਨੂੰ ਧਿਆਨ ‘ਚ ਰੱਖ ਕੇ ਖੇਤੀ ਕਰਨ ਦੀ ਸਲਾਹ ਦਿੱਤੀ | ਕੁਪੋਸ਼ਣ ਨੂੰ ਅਜੋਕੇ ਭਾਰਤ ਦੀ ਸਭ ਤੋਂ ਵੱਡੀ ਚੁਣੌਤੀ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਸਾਨਾਂ ਨੂੰ ਦਾਲਾਂ ਦੀ ਪੈਦਾਵਾਰ ਵਧਾਉਣ ਦੀ ਅਪੀਲ ਕੀਤੀ | 2020 ‘ਚ ਆਜ਼ਾਦੀ ਦੇ 75 ਸਾਲ ਪੂਰੇ ਹੋਣ ਮੌਕੇ ਭਾਰਤ ਨੂੰ ਦਾਲਾਂ ਦੀਆਂ ਦਰਾਮਦਾਂ ਬੰਦ ਕਰਨ ਲਈ ਪ੍ਰਧਾਨ ਮੰਤਰੀ ਨੇ ਕਿਸਾਨਾਂ ਨੂੰ ਮਿਸ਼ਨ ਮੋਡ ‘ਚ ਆਉਣ ਨੂੰ ਕਿਹਾ | ਪੁਰਾਣੇ ਸਮਿਆਂ ਦੇ ਮੁਕਾਬਲੇ ਪ੍ਰਤੀ ਹੈਕਟੇਅਰ ਅਨਾਜ ਦੀ ਪੈਦਾਵਾਰ ਘੱਟ ਹੋਣ ‘ਤੇ ਚਿੰਤਾ ਪ੍ਰਗਟ ਕਰਦਿਆਂ ਪ੍ਰਧਾਨ ਮੰਤਰੀ ਨੇ ਭਾਰਤ ਦਾ ਔਸਤ ਉਤਪਾਦਨ 2 ਟਨ ਪ੍ਰਤੀ ਹੈਕਟੇਅਰ ਤੋਂ ਵਧਾ ਕੇ ਵਿਸ਼ਵ ਦੀ ਔਸਤ ਉਤਪਾਦਨ 3 ਟਨ ਪ੍ਰਤੀ ਹੈਕਟੇਅਰ ਕਰਨ ਦਾ ਟੀਚਾ ਦਿੱਤਾ | ਉਨ੍ਹਾਂ ਨੇ ਇਸ ਮੁਸ਼ਕਿਲ ਟੀਚੇ ਨੂੰ ਹਾਸਿਲ ਕਰਨ ਲਈ ਕਿਸਾਨਾਂ ਨੂੰ ਵੱਡੇ ਸੁਪਨੇ ਵੇਖਣ ਲਈ ਪ੍ਰੇਰਦਿਆਂ ਖੇਤੀਬਾੜੀ ‘ਚ ਮੁਕਾਬਲੇਬਾਜ਼ੀ ਦਾ ਮਾਹੌਲ ਸਿਰਜਣ ਲਈ ਕਿਸੇ ਜ਼ਮਾਨੇ ‘ਚ ਸਭ ਤੋਂ ਵਧੀਆ ਕਿੱਤੇ ਦਾ ਦਰਜਾ ਰੱਖਣ ਵਾਲੀ ਖੇਤੀਬਾੜੀ ਦੀ ਨਿੱਘਰ ਰਹੀ ਹਾਲਤ ਲਈ ਕਿਸਾਨ ਦੀ ਘੱਟ ਜਾਣਕਾਰੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਜਦ ਤਕ ਸਫਲਤਾ ਨੂੰ ਕਿਸਾਨ ਪ੍ਰਤੱਖ ਰੂਪ ‘ਚ ਨਹੀਂ ਦੇਖਦਾ, ਯਕੀਨ ਨਹੀਂ ਕਰਦਾ ਅਤੇ ਕਿਸਾਨ ਚੈਨਲ ਇਸ ਦਿਸ਼ਾ ‘ਚ ਇਕ ਕੋਸ਼ਿਸ਼ ਹੈ | ਅੱਜ ਦੇ ਤਕਰੀਬਨ ਅੱਧੇ ਘੰਟੇ ਦੇ ਸੰਬੋਧਨ ‘ਚ ਮੋਦੀ ਨੇ ਬਿਨਾਂ ਕਿਸੇ ਦਾ ਨਾਂਅ ਲਏ ਇਹ ਕਹਿਣ ‘ਤੇ ਗੁਰੇਜ਼ ਨਹੀਂ ਕੀਤਾ ਕਿ ਕਿਸਾਨਾਂ ਦਾ ਬੁਨਿਆਦੀ ਸੁਭਾਅ ਭੋਲਾ ਹੁੰਦਾ ਹੈ ਅਤੇ ਲਗਭਗ 50 ਫੀਸਦੀ ਕਿਸਾਨਾਂ ਨੂੰ ਨਾ ਤਾਂ ਖੇਤੀਬਾੜੀ ਮੰਤਰੀ, ਨਾ ਸੰਬੰਧਿਤ ਮੰਤਰਾਲੇ ਅਤੇ ਨੀਤੀਆਂ ਦੀ ਜਾਣਕਾਰੀ ਹੁੰਦੀ ਹੈ ਅਤੇ ਕਿਸਾਨ ਚੈਨਲ ਰਾਹੀਂ ਕਿਸਾਨਾਂ ਨੂੰ ਇਨ੍ਹਾਂ ਸਭ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ |

Facebook Comment
Project by : XtremeStudioz