Close
Menu

ਖੰਨਾ ਪਹਿਲੀ ਵਾਰ ਵਿਸ਼ਵ ਕੱਪ ਦੇ ਮੈਚਾਂ ਦੀ ਗਵਾਹ ਬਣੇਗਾ

-- 09 December,2014

*     ਖੰਨਾ ਵਿਖੇ ਭਲਕੇ 10 ਦਸੰਬਰ ਨੂੰ ਖੇਡੇ ਜਾਣਗੇ ਚਾਰ ਮੁਕਾਬਲੇ; ਭਾਰਤ ਕਰੇਗਾ ਆਪਣੇ ਸਫਰ ਦੀ ਸ਼ੁਰੂਆਤ
*       ਅਜ਼ਰਬਾਈਜਾਨ ਦੀ ਮਹਿਲਾ ਟੀਮ ਖੇਡੇਗੀ ਕਬੱਡੀ ਦਾ ਪਲੇਠਾ ਮੁਕਾਬਲਾ

ਖੰਨਾ (ਲੁਧਿਆਣਾ)/ਚੰਡੀਗੜ੍ਹ, ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਭਲਕੇ 10 ਦਸੰਬਰ ਨੂੰ ਵਿਸ਼ਵ ਕੱਪ ਦੇ ਮੇਜ਼ਬਾਨੀ ਵਾਲੇ ਸ਼ਹਿਰਾਂ ਵਿੱਚ ਸੁਮਾਰ ਹੋ ਜਾਵੇਗੀ ਜਦੋਂ ਇਥੇ ਪੰਜਵੇਂ ਕਬੱਡੀ ਵਿਸ਼ਵ ਕੱਪ ਦੇ ਚਾਰ ਮੈਚ ਖੇਡੇ ਜਾਣਗੇ। ਖੰਨਾ ਪਹਿਲੀ ਵਾਰ ਵਿਸ਼ਵ ਕੱਪ ਦੇ ਮੈਚਾਂ ਦਾ ਗਵਾਹ ਬਣੇਗਾ ਜਿਸ ਨੂੰ ਲੈ ਕੇ ਇਲਾਕਾ ਵਾਸੀਆਂ ਵਿੱਚ ਬਹੁਤ ਉਤਸ਼ਾਹ ਹੈ। ਮੈਚਾਂ ਦਾ ਉਦਘਾਟਨ ਸਿੰਜਾਈ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ ਕਰਨਗੇ। ਪ੍ਰਸਿੱਧ ਪੰਜਾਬੀ ਗਾਇਕ ਸਰਬਜੀਤ ਚੀਮਾ ਆਪਣੇ ਸੱਭਿਆਚਾਰਕ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ।
ਖੰਨਾ ਵਿਖੇ ਭਲਕੇ ਵਿਸ਼ਵ ਕੱਪ ਦੇ ਚਾਰ ਮੈਚ ਖੇਡੇ ਜਾਣਗੇ ਜਿਨ੍ਹਾਂ ਵਿੱਚ ਪੁਰਸ਼ ਤੇ ਮਹਿਲਾ ਵਰਗ ਦੇ ਦੋ-ਦੋ ਮੈਚ ਹੋਣਗੇ। ਚਾਰ ਵਾਰ ਦੀ ਚੈਂਪੀਅਨ ਭਾਰਤੀ ਪੁਰਸ਼ਾਂ ਦੀ ਟੀਮ ਵਿਸ਼ਵ ਕੱਪ ਦੀ ਸਫਰ ਦੀ ਸ਼ੁਰੂਆਤ ਵੀ ਇਥੋਂ ਹੀ ਕਰੇਗੀ ਜਦੋਂ ਕਿ ਮਹਿਲਾ ਵਰਗ ਵਿੱਚ ਪਹਿਲੀ ਵਾਰ ਹਿੱਸਾ ਲੈ ਰਹੀ ਅਜ਼ਰਬਾਈਜਾਨ ਦੀ ਟੀਮ ਕਬੱਡੀ ਦਾ ਪਲੇਠਾ ਵਿਸ਼ਵ ਕੱਪ ਮੈਚ ਖੇਡੇਗੀ।
ਖੰਨਾ ਵਿਖੇ 12 ਵਜੇ ਦੁਪਹਿਰ ਮੈਚ ਸ਼ੁਰੂ ਹੋਣਗੇ ਅਤੇ ਪਹਿਲਾ ਮੈਚ ਮਹਿਲਾ ਵਰਗ ਦੇ ਪੂਲ ‘ਏ’ ਦੀਆਂ ਟੀਮਾਂ ਅਜ਼ਰਬਾਈਜਾਨ ਤੇ ਡੈਨਮਾਰਕ ਵਿਚਾਲੇ ਖੇਡਿਆ ਜਾਵੇਗਾ। ਦੂਜਾ ਮੈਚ ਪੁਰਸ਼ ਵਰਗ ਵਿੱਚ ਪੂਲ ‘ਏ’ ਦਾ ਆਸਟਰੇਲੀਆ ਤੇ ਇਰਾਨ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਇਸ ਗਰੁੱਪ ਦੀ ਸਥਿਤੀ ਸਾਫ ਕਰੇਗਾ ਕਿਉਂਕਿ ਦੋਵੇਂ ਟੀਮਾਂ ਇਕ-ਇਕ ਮੈਚ ਜਿੱਤ ਚੁੱਕੀਆਂ ਅਤੇ ਇਸ ਮੈਚ ਦੀ ਜੇਤੂ ਟੀਮ ਦੇ ਸੈਮੀ ਫਾਈਨਲ ਵਿੱਚ ਪਹੁੰਚਣ ਦੇ ਜ਼ਿਆਦਾ ਆਸਾਰ ਹੋਣਗੇ। ਇਰਾਨ ਨੇ ਅਮਰੀਕਾ ਨੂੰ ਹਰਾ ਕੇ ਵੱਡਾ ਦਾਅਵਾ ਪੇਸ਼ ਕੀਤਾ ਹੈ ਜਦੋਂ ਕਿ ਆਸਟਰੇਲੀਆ ਨੇ ਸਪੇਨ ਨੂੰ ਹਰਾਇਆ ਸੀ।
ਦਿਨ ਦਾ ਤੀਜਾ ਮੈਚ ਮਹਿਲਾ ਵਰਗ ਵਿੱਚ ਪੂਲ ‘ਬੀ’ ਦੀਆਂ ਟੀਮਾਂ ਪਾਕਿਸਤਾਨ ਤੇ ਇੰਗਲੈਂਡ ਵਿਚਾਲੇ ਖੇਡਿਆ ਜਾਵੇਗਾ। ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਹੱਥੋਂ ਹਾਰਨ ਕਰਕੇ ਇੰਗਲੈਂਡ ਟੀਮ ਲਈ ਇਹ ਮੈਚ ਬਹੁਤ ਅਹਿਮ ਹੈ ਅਤੇ ਇੰਗਲੈਂਡ ਮੁਕਾਬਲੇ ਵਿੱਚ ਬਣੇ ਰਹਿਣ ਲਈ ਹਰ ਹੀਲੇ ਜਿੱਤ ਹਾਸਲ ਕਰਨਾ ਚਾਹੇਗਾ। ਦਿਨ ਦਾ ਆਖਰੀ ਤੇ ਚੌਥਾ ਮੈਚ ਪੁਰਸ਼ ਵਰਗ ਦੇ ਪੂਲ ‘ਏ’ ਦੀਆਂ ਟੀਮਾਂ ਵਿਚਾਲੇ ਹੋਵੇਗਾ ਜਿਸ ਵਿੱਚ ਚਾਰ ਵਾਰ ਦੇ ਚੈਂਪੀਅਨ ਭਾਰਤ ਦਾ ਮੁਕਾਬਲਾ ਸਪੇਨ ਹੋਵੇਗਾ। ਭਾਰਤੀ ਟੀਮ ਇਸ ਵਾਰ ਪੰਜਵੇਂ ਖਿਤਾਬ ਲਈ ਜੇਤੂ ਸ਼ੁਰੂਆਤ ਕਰਨਾ ਚਾਹੇਗਾ ਜਦੋਂ ਕਿ ਸਪੇਨ ਟੀਮ ਪਹਿਲੇ ਮੈਚ ਦੀ ਹਾਰ ਤੋਂ ਬਾਅਦ ਭਾਰਤ ਨੂੰ ਸਖਤ ਟੱਕਰ ਦੇਣ ਦੀ ਕੋਸ਼ਿਸ਼ ਕਰੇਗੀ।

Facebook Comment
Project by : XtremeStudioz