Close
Menu

ਗਲੋਬਲ ਕਬੱਡੀ ਲੀਗ:ਹਰਿਆਣਾ ਲਾਇਨਜ਼ ਤੇ ਸਿੰਘ ਵਾਰੀਅਰਜ਼ ਪੰਜਾਬ ਸੈਮੀ ਫਾਈਨਲ ’ਚ

-- 30 October,2018

ਲੁਧਿਆਣਾ, ਗਲੋਬਲ ਕਬੱਡੀ ਲੀਗ ਦੇ ਦੂਜੇ ਗੇੜ ਦੇ ਅੰਤਿਮ ਦਿਨ ਅੱਜ ਹਰਿਆਣਾ ਲਾਇਨਜ਼ ਅਤੇ ਸਿੰਘ ਵਾਰੀਅਰਜ਼ ਪੰਜਾਬ ਨੇ ਜਿੱਤਾਂ ਦਰਜ ਕਰਕੇ ਸੈਮੀ ਫਾਈਨਲ ਵਿੱਚ ਥਾਂ ਬਣਾ ਲਈ ਹੈ। ਇੱਥੋਂ ਦੇ ਪੀਏਯੂ ਵਿੱਚ ਖ਼ਤਮ ਹੋਏ ਦੂਜੇ ਗੇੜ ਦੇ ਆਖ਼ਰੀ ਦੋ ਮੈਚਾਂ ਵਿੱਚ ਹਰਿਆਣਾ ਲਾਇਨਜ਼ ਨੇ ਬਲੈਕ ਪੈਂਥਰਜ਼ ਨੂੰ 59-52 ਅੰਕਾਂ ਨਾਲ ਜਦਕਿ ਸਿੰਘ ਵਾਰੀਅਰਜ਼ ਪੰਜਾਬ ਨੇ ਦਿੱਲੀ ਟਾਈਗਰਜ਼ ਨੂੰ 65-44 ਅੰਕਾਂ ਨਾਲ ਹਰਾ ਆਪਣਾ ਦਬਦਬਾ ਕਾਇਮ ਰੱਖਿਆ। ਹੁਣ ਤੀਜੇ ਗੇੜ ਦੇ ਮੁਕਾਬਲੇ ਮੁਹਾਲੀ ਵਿੱਚ ਪਹਿਲੀ ਨਵੰਬਰ ਤੋਂ ਖੇਡੇ ਜਾਣਗੇ।

ਪਹਿਲੇ ਮੈਚ ਵਿੱਚ ਹਰਿਆਣਾ ਲਾਇਨਜ਼ ਅਤੇ ਬਲੈਕ ਪੈਂਥਰਜ਼ ਦੀਆਂ ਟੀਮਾਂ ਦੌਰਾਨ ਤਕੜਾ ਸੰਘਰਸ਼ ਹੋਇਆ। ਅੱਧੇ ਸਮੇਂ ਤੱਕ ਹਰਿਆਣਾ ਲਾਇਨਜ਼ 31-27 ਅੰਕਾਂ ਨਾਲ ਅੱਗੇ ਸੀ। ਤੈਅ ਸਮੇਂ ਦੀ ਸਮਾਪਤੀ ਤੱਕ ਸਕੋਰ 59-52 ਅੰਕ ਲਾਇਨਜ਼ ਦੇ ਹੱਕ ਵਿੱਚ ਰਿਹਾ। ਲਾਇਨਜ਼ ਦੇ ਕਪਤਾਨ ਵਿਨੈ ਖੱਤਰੀ ਨੇ ਟੀਮ ਲਈ 16 ਅਤੇ ਰਵੀ ਦਿਓਰਾ ਨੇ 17 ਅੰਕ ਜੁਟਾਏ, ਜਦਕਿ ਬਲੈਕ ਪੈਂਥਰਜ਼ ਦੇ ਮੱਖਣ ਨੇ 15 ਅੰਕਾਂ ਦਾ ਯੋਗਦਾਨ ਪਾਇਆ। ਇਸ ਮੈਚ ਰਾਹੀਂ ਹਰਿਆਣਾ ਲਾਇਨਜ਼ ਨੇ ਇਸ ਲੀਗ ਵਿੱਚ ਚੌਥੀ ਜਿੱਤ ਦਰਜ ਕਰਕੇ 10 ਮੈਚਾਂ ਤੋਂ ਬਾਅਦ ਕੁਲ 13 ਅੰਕ ਹਾਸਲ ਕਰਕੇ ਸੈਮੀ ਫਾਈਨਲ ਵਿੱਚ ਥਾਂ ਬਣਾ ਲਈ ਹੈ। ਬਲੈਕ ਪੈਂਥਰਜ਼ ਦੀ ਇਹ ਸੱਤਵੀਂ ਹਾਰ ਹੈ। ਉਸ ਦੇ ਨੌਂ ਮੈਚਾਂ ਵਿੱਚੋਂ ਦੋ ਜਿੱਤਾਂ ਅਤੇ ਸੱਤ ਹਾਰਾਂ ਨਾਲ ਸਿਰਫ਼ ਛੇ ਅੰਕ ਹੀ ਹਨ। ਅੰਕ ਸੂਚੀ ਵਿੱਚ ਬਲੈਕ ਪੈਂਥਰਜ਼ ਦੀ ਟੀਮ ਸਭ ਤੋਂ ਹੇਠਾਂ ਖਿਸਕ ਗਈ ਹੈ। ਦੂਜੇ ਮੈਚ ਵਿੱਚ ਸਿੰਘ ਵਾਰੀਅਰਜ਼ ਨੇ ਦਿੱਲੀ ਟਾਈਗਰਜ਼ ਨੂੰ 65-44 ਅੰਕਾਂ ਹਰਾ ਕੇ ਸੈਮੀ ਫਾਈਨਲ ਵਿੱਚ ਥਾਂ ਪੱਕੀ ਕੀਤੀ। ਅੱਧੇ ਸਮੇਂ ਤੱਕ ਸਿੰਘ ਵਾਰੀਅਰਜ਼ 29-20 ਅੰਕਾਂ ਨਾਲ ਅੱਗੇ ਸੀ। ਅੱਧੇ ਸਮੇਂ ਬਾਅਦ ਪੰਜਾਬ ਦੀ ਟੀਮ ਦੇ ਰੇਡਰਾਂ ਨੇ ਬਿਹਤਰੀਨ ਰੇਡ ਪਾਏ। ਤੈਅ ਸਮੇਂ ਦੀ ਸਮਾਪਤੀ ਤੱਕ ਸਕੋਰ 65-44 ਸਿੰਘ ਵਾਰੀਅਰਜ਼ ਪੰਜਾਬ ਦੇ ਹੱਕ ਵਿੱਚ ਰਿਹਾ। ਸਿੰਘ ਵਾਰੀਅਰਜ਼ ਨੇ ਹੁਣ ਤੱਕ 9 ਮੈਚਾਂ ਤੋਂ ਬਾਅਦ 6 ਜਿੱਤਾਂ ਨਾਲ ਅਤੇ ਇਕ ਡਰਾਅ ਨਾਲ ਕੁਲ 19 ਅੰਕ ਹਾਸਲ ਕੀਤੇ ਹਨ। ਜਦਕਿ ਦਿੱਲੀ ਟਾਇਗਰਜ਼ 10 ਮੈਚਾਂ ਤੋਂ ਬਾਅਦ ਤਿੰਨ ਜਿੱਤਾਂ ਅਤੇ 7 ਹਾਰਾਂ ਨਾਲ 9 ਅੰਕ ਹਾਸਲ ਕਰ ਸਕੀ । ਦਿੱਲੀ ਦੀ ਇਸ ਹਾਰ ਨੇ ਉਸ ਨੂੰ ਸੈਮੀ ਫਾਈਨਲ ਦੀ ਦੌੜ ਵਿੱਚੋਂ ਬਾਹਰ ਕਰ ਦਿੱਤਾ।

Facebook Comment
Project by : XtremeStudioz