Close
Menu

ਗਲੋਬਲ ਵਾਰਮਿੰਗ ਕੈਨੇਡਾ ਦੀ ਵਾਈਨ ਇੰਡਸਟਰੀ ਲਈ ਵਰਦਾਨ : ਟਰੂਡੋ

-- 05 December,2017

ਬੀਜਿੰਗ—ਸੋਮਵਾਰ ਨੂੰ ਬੀਜਿੰਗ ‘ਚ ਹੋਈ ਇੱਕ ਪੈਨਲ ਗੱਲਬਾਤ ‘ਚ ਚੀਨ ਦੇ ਦੌਰੇ ‘ਤ ਪਹੁੰਚੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਕੈਨੇਡਾ ਦੀ ਵਾਈਨ ਇੰਡਸਟਰੀ ਲਈ ਗਲੋਬਲ ਵਾਰਮਿੰਗ ਇੱਕ ਕਿਸਮ ਦਾ ਵਰਦਾਨ ਹੈ।ਆਪਣੇ ਚਾਰ ਰੋਜ਼ਾ ਚੀਨ ਦੌਰੇ ਦੇ ਪਹਿਲੇ ਦਿਨ ਟਰੂਡੋ ਦੇਸ਼ ਦੀ ਸਭ ਤੋਂ ਮਸ਼ਹੂਰ ਸੋਸ਼ਲ ਮੀਡੀਆ ਕੰਪਨੀ ਸਾਈਨਾ ਵੇਬੂ ਦੇ ਹੈੱਡਕੁਆਰਟਰ ‘ਤ ਪਹੁੰਚੇ। ਟਰੂਡੋ ਕੈਨੇਡਾ ਨੂੰ ਟੂਰਿਸਟ ਡੈਸਟੀਨੇਸ਼ਨ ਵਜੋਂ ਹੱਲਾਸ਼ੇਰੀ ਦੇਣ ਤੇ 2018 ‘ਚ ਦੋਵਾਂ ਮੁਲਕਾਂ ਵਿਚਾਲੇ ਸੈਰ ਸਪਾਟੇ ਨੂੰ ਪ੍ਰਫੁੱਲਿਤ ਕਰਨ ਦੇ ਇਰਾਦੇ ਨਾਲ ਗਏ ਹਨ। ਟਰੂਡੋ ਨੇ ਕੈਨੇਡਾ ਦੀ ਵੰਨ-ਸੁਵੰਨਤਾ, ਇੱਥੋਂ ਦੇ ਸ਼ਹਿਰਾਂ ਤੇ ਕੁਦਰਤੀ ਨਜ਼ਾਰਿਆਂ ਦਾ ਵਧੀਆ ਗੁਣਗਾਣ ਕੀਤਾ। ਫਿਰ ਗੱਲਬਾਤ ਖਾਣ-ਪੀਣ ਵੱਲ ਵਧੀ। ਇਕ ਵਿਅਕਤੀ ਨੇ ਕੈਨੇਡੀਅਨ ਬੀਅਰ ਦਾ ਜ਼ਿਕਰ ਵੀ ਕੀਤਾ।
ਟਰੂਡੋ ਨੇ ਆਖਿਆ ਕਿ ਗਲੋਬਲ ਵਾਰਮਿੰਗ ਸਦਕਾ ਉੱਤਰ ਵੱਲ ਹੋਰ ਤਪਿਸ਼ ਵੱਧ ਰਹੀ ਹੈ ਪਰ ਕੈਨੇਡੀਅਨ ਵਾਈਨਜ਼ ਦਾ ਕੰਮਕਾਜ ਇਸ ਸਦਕਾ ਸਹੀ ਚੱਲ ਰਿਹਾ ਹੈ। ਪਰ ਟਰੂਡੋ ਨੇ ਇਸ ਟਿੱਪਣੀ ‘ਤੇ ਖੁੱਲ੍ਹ ਕੇ ਚਾਨਣਾ ਨਹੀਂ ਪਾਇਆ। ਇੱਥੇ ਦੱਸਣਾ ਬਣਦਾ ਹੈ ਕਿ ਸਰਕਾਰ ਆਉਣ ਵਾਲੇ ਸਾਲਾਂ ‘ਚ ਚਾਹੁੰਦੀ ਹੈ ਕਿ ਕੈਨੇਡਾ ਆਉਣ ਵਾਲੇ ਚੀਨੀ ਯਾਤਰੀਆਂ ਦੀ ਗਿਣਤੀ ‘ਚ ਵਾਧਾ ਹੋਵੇ।
ਇਸ ਦੌਰੇ ‘ਤ ਟਰੂਡੋ ਨਾਲ ਚਾਰ ਕੈਬਨਿਟ ਮੰਤਰੀ ਵੀ ਗਏ ਹਨ। ਇਨ੍ਹਾਂ ‘ਚ ਵਾਤਾਵਰਣ ਮੰਤਰੀ ਕੈਥਰੀਨ ਮੈਕੈਨਾ ਵੀ ਸ਼ਾਮਲ ਹਨ, ਜੋ ਕਿ ਕਲੀਨ ਐਨਰਜੀ ਤਕਨਾਲੋਜੀ ਦੇ ਖੇਤਰ ‘ਚ ਕੈਨੇਡਾ ਤੇ ਚੀਨ ਦਰਮਿਆਨ ਸਹਿਯੋਗ ਦੇ ਨਵੇਂ ਰਾਹ ਤਲਾਸ਼ਣ ਦੀ ਕੋਸ਼ਿਸ਼ ਕਰ ਰਹੀ ਹੈ। ਵਾਤਾਵਰਣ ‘ਚ ਹੋ ਰਹੀਆਂ ਤਬਦੀਲੀਆਂ ਨਾਲ ਸਿੱਝਣ ਲਈ ਚੀਨ, ਕੈਨੇਡਾ ਨਾਲ ਸਹਿਯੋਗ ਕਰਨਾ ਚਾਹੁੰਦਾ ਹੈ ਕਿਉਂਕਿ ਇਸ ਦੇ ਕਈ ਸ਼ਹਿਰਾਂ ‘ਚ ਸਾਫ ਆਬੋ-ਹਵਾ ਦੀ ਕਾਫੀ ਦਿੱਕਤ ਹੈ।
ਟਰੂਡੋ ਨੂੰ ਚੀਨ ਦੇ ਆਪਣੇ ਦੌਰੇ ਦੇ ਪਹਿਲੇ ਦਿਨ ਬੀਜਿੰਗ ਦੀ ਮਸ਼ਹੂਰ ਸਮੌਗ ਦੇ ਦਰਸ਼ਨ ਕਿਤੇ ਵੀ ਨਹੀਂ ਹੋਏ। ਆਸਮਾਨ ਬਿਲਕੁਲ ਸਾਫ ਸੀ ਪਰ ਠੰਢ ਜ਼ਰੂਰ ਹੱਢ ਜਮਾ ਦੇਣ ਵਾਲੀ ਸੀ। ਟਰੂਡੋ ਵੱਲੋਂ ਦਿਨ ਵੇਲੇ ਚੀਨ ਦੇ ਪ੍ਰੀਮੀਅਰ ਲੀ ਕੇਕੀਆਂਗ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ ਤੇ ਇਸ ਦੌਰਾਨ ਕਾਰੋਬਾਰ ਤੇ ਵਪਾਰ ਸਬੰਧੀ ਵਿਚਾਰ ਵਟਾਂਦਰਾ ਵੀ ਕੀਤਾ ਜਾਵੇਗਾ। ਕੈਨੇਡਾ ਤੇ ਚੀਨ ਵੱਲੋਂ ਅਜੇ ਵੀ ਮੁਕਤ ਵਪਾਰ ਸਬੰਧੀ ਗੱਲਬਾਤ ਸ਼ੁਰੂ ਕਰਨ ਦਾ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ।

Facebook Comment
Project by : XtremeStudioz