Close
Menu

ਗਾਂਧੀ ਗਰੁੱਪ ਸਟੂਡੈਂਟਸ ਯੂਨੀਅਨ ਦੇ ਆਗੂ ਦੀ ਗੋਲੀਆਂ ਮਾਰ ਦੇ ਹੱਤਿਆ

-- 31 August,2015

ਸ੍ਰੀ ਮੁਕਤਸਰ ਸਾਹਿਬ, 31 ਅਗਸਤ: ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਜਥੇਬੰਦੀ ‘ਗਾਂਧੀ ਗਰੁੱਪ ਸਟੂਡੈਂਟਸ ਯੂਨੀਅਨ’ ਦੇ ਕੈਂਪਸ ਪ੍ਰੈਜ਼ੀਡੈਂਟ ਅਤੇ ਮੁਕਤਸਰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਕਾਂਗਰਸੀ ਆਗੂ ਗੁਰਿੰਦਰ ਸਿੰਘ ਕੋਕੀ ਬਾਵਾ ਦੇ ਭਤੀਜੇ ਅੰਮ੍ਰਿਤਪਾਲ ਸਿੰਘ ਪੈਂਸੀ ਬਾਵਾ ਦੀ ਸ਼ਨਿਚਰਵਾਰ ਦੀ ਰਾਤ ਪਿੰਡ ਰੁਪਾਣਾ ਵਿੱਚ ਸਿਰ ਅਤੇ ਛਾਤੀ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗੲੀ। ਕਤਲ ਦਾ ਦੋਸ਼ ਪੈਂਸੀ ਬਾਵਾ ਦੇ ਦੋਸਤ ਭੰਵਰਪਾਲ ਸਿੰਘ, ਉਸ ਦੇ ਪਿਤਾ ਨਵਦੀਪ ਸਿੰਘ ਉਰਫ਼ ਨੀਪਾ ਤੇ ਉਸ ਦੀ ਮਾਤਾ ਦੇ ਸਿਰ ਲੱਗ ਰਿਹਾ ਹੈ।
ਥਾਣਾ ਸਦਰ ਮੁਕਤਸਰ ਦੀ ਪੁਲੀਸ ਨੇ ਤਿੰਨਾ ਜਣਿਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 302, 307, 34 ਅਤੇ ਅਸਲਾ ਐਕਟ ਦੀ ਧਾਰਾ 25, 27, 54, 59  ਤਹਿਤ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਨਵਦੀਪ ਸਿੰਘ ਦੀ ਲੱਤ ਵਿੱਚ ਗੋਲੀ ਲੱਗਣ ਕਰਕੇ ਸਿਵਲ ਹਸਪਤਾਲ ਮੁਕਤਸਰ ਦੇ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਰੈਫ਼ਰ ਕਰ ਦਿੱਤਾ ਹੈ। ਪੈਂਸੀ ਬਾਵਾ ਦੀ ਦੇਹ ਪੋਸਟਮਾਰਟਮ ਕਰ ਕੇ ਵਾਰਸਾਂ ਹਵਾਲੇ ਕਰ ਦਿੱਤੀ ਗੲੀ ਹੈ। ਪੈਂਸੀ ਬਾਵਾ ਦਾ ਅੰਤਿਮ ਸੰਸਕਾਰ ਪਿੰਡ ਚੱਕ ਬੀੜ ਸਰਕਾਰ ਦੇ ਸ਼ਮਸ਼ਾਨ ਘਾਟ ਵਿੱਚ ਅੱਜ ਬਾਅਦ ਦੁਪਹਿਰ ਕੀਤਾ ਗਿਆ। ਪੈਂਸੀ ਬਾਵਾ (26) ਚੰਡੀਗੜ੍ਹ ਵਿੱਚ ਆਪਣੀ ਭੈਣ, ਜੋ ਸੈਕਟਰ 26 ਦੇ ਕਾਲਜ ਵਿੱਚ ਲੈਕਚਰਾਰ ਸੀ, ਨਾਲ ਰਹਿੰਦਾ ਸੀ ਤੇ ਚੰਡੀਗੜ੍ਹ ਹੀ ਪੜ੍ਹਦਾ ਸੀ।
ਥਾਣਾ ਸਦਰ ਦੀ ਪੁਲੀਸ ਅਨੁਸਾਰ ਗੁਰਿੰਦਰ ਸਿੰਘ ਬਾਵਾ ਕੋਕੀ ਨੇ ਪੁਲੀਸ ਨੂੰ ਸੂਚਨਾ ਦਿੱਤੀ ਕਿ ਉਸ ਦਾ ਭਤੀਜਾ ਅੰਮ੍ਰਿਤਪਾਲ ਸਿੰਘ ਪੈਂਸੀ ਬਾਵਾ ਚੰਡੀਗੜ੍ਹ ਪੜ੍ਹਦਾ ਸੀ ਤੇ 4-5 ਦਿਨ ਪਹਿਲਾਂ ਮੁਕਤਸਰ ਆਇਆ ਸੀ। ਸ਼ਨੀਵਾਰ ਦੀ ਸ਼ਾਮ ੳੁਹ ਆਪਣੇ ਦੋਸਤ ਸੰਜੀਵ ਕੁਮਾਰ ਤੇ ਸੰਤੋਖ ਸਿੰਘ ਨਾਲ ਦਾਵਤ ਹੋਟਲ ਵਿੱਚ ਗਿਆ ਸੀ। ਉੱਥੇ ਪੈਂਸੀ ਨੂੰ ਰੁਪਾਣਾ ਤੋਂ ਉਸ ਦੇ ਦੋਸਤ ਭੰਵਰਪਾਲ ਸਿੰਘ ਦਾ ਫੋਨ ਆ ਗਿਆ ਅਤੇ ੳੁਹ ਰੁਪਾਣਾ ਚਲਾ ਗਿਆ। ਜਦੋਂ ਰਾਤ 9 ਵਜੇ ਤਕ ਪੈਂਸੀ ਘਰ ਨਾ ਆਇਆ ਤਾਂ ੳੁਸ ਦੇ ਪਿਤਾ ਰਵਿੰਦਰ ਸਿੰਘ ਪਟਵਾਰੀ ਨੇ ਬਾਵਾ ਕੋਕੀ ਨੂੰ ਦੱਸਿਆ ਅਤੇ ਉਹ ਸੰਜੀਵ ਕੁਮਾਰ, ਸੰਤੋਖ ਸਿੰਘ ਤੇ ਹਰਮਨ ਬਾਵਾ ਨਾਲ ਪਿੰਡ ਰੁਪਾਣਾ, ਭੰਵਰਪਾਲ ਸਿੰਘ ਦੇ ਘਰ ਗਏ। ੳੁੱਥੇ ਉਨ੍ਹਾਂ ਵੇਖਿਆ ਕਿ ਭੰਵਰਪਾਲ ਸਿੰਘ ਕੋਲ 12 ਬੋਰ ਦੀ ਬੰਦੂਕ ਤੇ ਉਸ ਦੇ ਬਾਪ ਨਵਦੀਪ ਸਿੰਘ ਕੋਲ ਪਿਸਟਲ ਸੀ ਤੇ ਭੰਵਰ ਦੀ ਮਾਤਾ ਵੀ ਉੱਥੇ ਹੀ ਮੌਜੂਦ ਸੀ ਜਦੋਂਕਿ ਪੈਂਸੀ ਗੋਲੀਆਂ ਲੱਗਣ ਕਰਕੇ ਜ਼ਮੀਨ ’ਤੇ ਡਿੱਗਿਆ ਪਿਆ ਸੀ। ਮੌਕੇ ਦੀ ਨਜ਼ਾਕਤ ਵੇਖਦਿਆਂ ੳੁਹ ਉੱਥੋਂ ਆ ਗਏ। ਮਗਰੋਂ ਭੰਵਰਪਾਲ ਸਿੰਘ ਆਪਣੀ ਆਲਟੋ ਕਾਰ ਵਿੱਚ ਪੈਂਸੀ ਨੂੰ ਲੈ ਕੇ ਸਿਵਲ ਹਸਪਤਾਲ ਮੁਕਤਸਰ ਪੁੱਜਾ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।  ਪੈਂਸੀ ਦੇ ਦੋਸਤਾਂ ਨੇ ਦੱਸਿਆ ਕਿ ਭੰਵਰਪਾਲ ਸਿੰਘ ਤੇ ਅੰਮ੍ਰਿਤਪਾਲ ਸਿੰਘ ਗੂੜ੍ਹੇ ਦੋਸਤ ਸਨ। ਪਿੰਡ ਰੁਪਾਣਾ ਤੋਂ ਮਿਲੀ ਜਾਣਕਾਰੀ ਅਨੁਸਾਰ ਭੰਵਰਪਾਲ ਸਿੰਘ ਦੇ ਪਿਤਾ ਨਵਦੀਪ ਸਿੰਘ ਦੀ ਲੱਤ ਵਿੱਚ ਵੀ ਗੋਲੀ ਵੱਜੀ ਸੀ ਤੇ ਭੰਵਰਪਾਲ ਉਸ ਨੂੰ ਵੀ ਆਪਣੀ ਕਾਰ ਵਿੱਚ ਲੈ ਕੇ ਮੁਕਤਸਰ ਸਿਵਲ ਹਸਪਤਾਲ ਆਇਆ ਸੀ, ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਉਸ ਨੂੰ ਲੁਧਿਆਣਾ ਭੇਜ ਦਿੱਤਾ।

Facebook Comment
Project by : XtremeStudioz