Close
Menu

ਗਾਇ ਕੈਰਨ ਵੀ ਫੈਡਰਲ ਐਨਡੀਪੀ ਲੀਡਰਸਿ਼ਪ ਦੌੜ ਵਿੱਚ ਹੋਏ ਸ਼ਾਮਲ

-- 28 February,2017

ਗੈਟੀਨਿਊ, ਕਿਊਬਿਕ: ਕਿਊਬਿਕ ਤੋਂ ਐਮਪੀ ਗਾਇ ਕੈਰਨ ਵੀ ਐਨਡੀਪੀ ਦੀ ਲੀਡਰਸਿ਼ਪ ਦੌੜ ਵਿੱਚ ਸ਼ਾਮਲ ਹੋ ਗਏ ਹਨ। ਹੁਣ ਇਸ ਦੌੜ ਵਿੱਚ ਹਿੱਸਾ ਲੈਣ ਵਾਲਿਆਂ ਦੀ ਗਿਣਤੀ ਤਿੰਨ ਹੋ ਗਈ ਹੈ।
ਕੈਰਨ, ਜੋ ਕਿ ਅਰਥਸ਼ਾਸਤਰੀ ਹਨ, ਨੇ ਗੈਟਿਨਿਊ, ਕਿਊਬਿਕ ਵਿੱਚ ਸੋਮਵਾਰ ਨੂੰ ਇਹ ਐਲਾਨ ਕੀਤਾ। ਉਨ੍ਹਾਂ ਇਹ ਥਾਂ ਇਸ ਲਈ ਚੁਣੀ ਕਿਉਂਕਿ 2011 ਵਿੱਚ ਐਨਡੀਪੀ ਦੇ ਮਰਹੂਮ ਆਗੂ ਜੈਕ ਲੇਅਟਨ ਨੇ ਵੀ ਇੱਥੇ ਹੀ ਆਪਣੀ ਮੁਹਿੰਮ ਵਿੱਢੀ ਸੀ। ਉਸੇ ਸਾਲ ਪਹਿਲੀ ਵਾਰੀ ਕੈਰਨ ਹਾਊਸ ਆਫ ਕਾਮਨਜ਼ ਦਾ ਹਿੱਸਾ ਬਣੇ ਸਨ।
ਸੋਮਵਾਰ ਨੂੰ ਹੀ ਕੈਰਨ ਨੇ ਆਪਣੀ ਯੋਜਨਾ ਦੇ ਪਹਿਲੇ ਹਿੱਸੇ ਦਾ ਖੁਲਾਸਾ ਕੀਤਾ ਤੇ ਸਾਰੇ ਕੈਨੇਡੀਅਨਾਂ ਲਈ ਬੇਸਿਕ ਆਮਦਨ ਕਾਇਮ ਕਰਨ ਦਾ ਪ੍ਰਸਤਾਵ ਪੇਸ਼ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਉਹ ਓਟਵਾ, ਮਾਂਟਰੀਅਲ, ਟਰੌਇਸ-ਰਿਵੀਏਰੇਜ਼, ਕਿਊਬਿਕ ਸਿਟੀ ਤੇ ਰਿਮੋਸਕੀ, ਕਿਊਬਿਕ ਦਾ ਦੌਰਾ ਕਰਨਗੇ। ਹੁਣ ਇੱਕ ਵਾਰੀ ਮੁੜ ਕਿਊਬਿਕ ਵਿੱਚ ਆਪਣਾ ਆਧਾਰ ਮਜ਼ਬੂਤ ਕਰਨਾ ਐਨਡੀਪੀ ਲਈ ਬਹੁਤ ਮੁਸ਼ਕਲ ਕੰਮ ਹੈ। ਕੈਰਨ ਨੇ ਆਖਿਆ ਕਿ ਇੱਥੇ ਪਾਰਟੀ ਕੋਲ ਸਿਰਫ 16 ਸੀਟਾਂ ਹੀ ਹਨ। ਉਨ੍ਹਾਂ ਅੱਗੇ ਆਖਿਆ ਕਿ ਟੋਰਾਂਟੋ ਤੇ ਐਟਲਾਂਟਿਕ ਕੈਨੇਡਾ ਉਹ ਇਲਾਕੇ ਹੋ ਸਕਦੇ ਹਨ ਜਿੱਥੇ ਅਸੀਂ ਅੱਗੇ ਵੱਧਣ ਦੀ ਤਾਂਘ ਲਾ ਸਕਦੇ ਹਾਂ।
ਉਨ੍ਹਾਂ ਆਖਿਆ ਕਿ ਕਿਊਬਿਕ ਵਾਸੀ ਹੋਣ ਨਾਤੇ, ਜਿਸ ਦੀ ਪਰਵਰਿਸ਼ ਰਿਮੋਸਕੀ ਵਿੱਚ ਹੋਈ, ਜਿਹੜਾ ਓਟਵਾ, ਮਾਂਟਰੀਅਲ ਤੇ ਟੋਰਾਂਟੋ ਵਿੱਚ ਵੀ ਰਹਿੰਦਾ ਰਿਹਾ ਹੋਵੇ, ਉਹ ਕਿਤੇ ਵੀ ਤੇ ਕਿਹੋ ਜਿਹੇ ਹਾਲਾਤ ਵਿੱਚ ਵੀ ਕੰਮ ਕਰ ਸਕਦੇ ਹਨ। ਉਨ੍ਹਾਂ ਦਾ ਮਕਸਦ ਇਹ ਹੈ ਕਿ ਐਨਡੀਪੀ ਇੱਕ ਤੱਟ ਤੋਂ ਲੈ ਕੇ ਦੂਜੇ ਤੱਟ ਤੱਕ ਆਪਣਾ ਆਧਾਰ ਮਜ਼ਬੂਤ ਕਰ ਲਵੇ। ਮਲਕੇਅਰ ਨੂੰ ਬਦਲਣ ਦੀ ਦੌੜ ਵਿੱਚ ਉੱਤਰੀ ਓਨਟਾਰੀਓ ਤੋਂ ਐਮਪੀ ਚਾਰਲੀ ਐਂਗਸ ਤੇ ਬੀਸੀ ਤੋਂ ਐਮਪੀ ਪੀਟਰ ਜੂਲੀਅਨ ਵੀ ਸ਼ਾਮਲ ਹੋ ਚੁੱਕੇ ਹਨ। ਲੀਡਰਸਿ਼ਪ ਲਈ ਬਹਿਸ 12 ਮਾਰਚ ਨੂੰ ਓਟਵਾ ਵਿੱਚ ਹੋਵੇਗੀ।
ਮੈਨੀਟੋਬਾ ਤੋਂ ਐਮਪੀ ਨਿੱਕੀ ਐਸ਼ਟਨ ਤੇ ਡਿਪਟੀ ਓਨਟਾਰੀਓ ਐਨਡੀਪੀ ਆਗੂ ਜਗਮੀਤ ਸਿੰਘ ਵੀ ਇਸ ਦੌੜ ਵਿੱਚ ਸ਼ਾਮਲ ਹੋਣ ਬਾਰੇ ਵਿਚਾਰ ਕਰ ਰਹੇ ਹਨ। ਐਨਡੀਪੀ ਦਾ ਨਵਾਂ ਆਗੂ ਅਕਤੂਬਰ ਦੇ ਅੰਤ ਤੱਕ ਚੁਣਿਆ ਜਾਵੇਗਾ।

Facebook Comment
Project by : XtremeStudioz