Close
Menu

ਗੁਆਂਢੀ ਦੇਸਾਂ ਵਲੋਂ ਵਾਰ ਵਾਰ ਘੁਸਪੈਠ ਨੇ ਯੂ.ਪੀ.ਏ ਸਰਕਾਰ ਦੀ ਕਾਬਲੀਅਤ ‘ਤੇ ਸਵਾਲੀਆ ਚਿੰਨ੍ਹ ਲਾਇਆ : ਸੁਖਬੀਰ ਬਾਦਲ

-- 07 August,2013

Main-photo-dycm-punjab-300x279

ਚੰਡੀਗੜ੍ਹ, 7 ਅਗਸਤ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਭਾਰਤ-ਪਾਕਿ ਸਰਹੱਦ ‘ਤੇ ਪੁਣਛ ਸੈਕਟਰ ਵਿਚ ਪੰਜ ਭਾਰਤੀ ਸੈਨਿਕਾਂ ਦੀ ਬਿਨਾਂ ਭੜਕਾਹਟ ਹੱਤਿਆ ਕੀਤੇ ਜਾਣ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕਿਹਾ ਕਿ ਵਾਰ ਵਾਰ ਬਿਨਾਂ ਭੜਕਾਹਟ ਦੇ ਇਹ ਹੱਤਿਆਵਾਂ ਕੀਤੇ ਜਾਣ ਨੇ ਕਾਂਗਰਸ ਦੀ ਅਗਵਾਈ ਵਾਲੀ ਯੂ ਪੀ ਏ ਸਰਕਾਰ ਦੀ ਤੁਸ਼ਟੀਕਰਨ ਵਾਲੀ ਕਮਜ਼ੋਰ ਦੀ ਨੀਤੀ ਨੂੰ ਉਜਾਗਰ ਕੀਤਾ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਉਪ ਮੁੱਖ ਮੰਤਰੀ ਨੇ ਕਿਹਾ ਕਿ  ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਪਾਕਿਸਤਾਨ ਵਰਗੇ ਇਕ ਛੋਟੇ ਜੇਹੇ ਗਵਾਂਢੀ ਦਾ ਵੀ ਸਾਡੇ ਖੇਤਰ ਵਿਚ ਵੜ੍ਹ ਕੇ ਸਾਡੇ ਸੈਨਿਕਾਂ ਦੀ ਹੱਤਿਆ ਕਰਨ ਦਾ ਜੇਰਾ ਹੈ ਜਿਸ ਨਾਲ ਦੇਸ਼ ਨੂੰ ਚਲਾ ਰਹੀ ਕਾਂਗਰਸ ਦੀ ਅਗਵਾਈ ਵਾਲੀ ਯੂ ਪੀ ਏ ਸਰਕਾਰ ਦੀ ਨਪੁੰਕਤਾ ਦਾ ਪਤਾ ਚਲਦਾ ਹੈ। ਉਹਨਾਂ ਕਿਹਾ ਕਿ ਪਾਕਿਸਤਾਨ ਅਤੇ ਚੀਨ ਨੇ ਵੀ ਸਮਝ ਲਿਆ ਹੈ ਕਿ ਮੁੰਬਈ ਵਿਚ 26/11 ਨੂੰ ਹੋਏ ਹਮਲੇ, ਭਾਰਤ-ਪਾਕਿ ਸਰਹੱਦ ‘ਤੇ ਸੈਨਿਕਾਂ ਦੇ ਸਿਰ ਕਤਮ ਕਰਨ ਆਦਿ ਵਰਗੀਆਂ ਘਟਨਾਵਾਂ ਜੋ ਭਾਰਤ ਦੀ ਅਖੰਡਤਾ ‘ਤੇ ਹਮਲਾ ਹਨ ਦੇ ਬਾਵਜੂਦ ਭਾਰਤ ਕੋਲ ਸਖ਼ਤ ਕਦਮ ਚੁੱਕਣ ਦਾ ਜਿਗਰਾ ਨਹੀਂ ਹੈ। ਉਹਨਾਂ ਕਿਹਾ ਕਿ ਇਸ ਸਭ ਨੇ ਅੰਤਰ ਰਾਸ਼ਟਰੀ ਡਿਪਲੋਮੈਟਿਕ ਪੱਧਰ ‘ਤੇ ਭਾਰਤ ਦੀ ਕਮਜ਼ੋਰੀ ਤੇ ਬੇਵਸੀ ਸਾਹਮਣੇ ਲਿਆਂਦੀ ਹੈ। ਉਹਨਾਂ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਯੂ ਪੀ ਏ ਸਰਕਾਰ ਨੇ ਦੇਸ਼ ਦੇ ਸਰਹੱਦਾਂ ਦੀ ਰਾਖੀ ਦੀ ਆਪਣੀ ਮੁਢਲੀ ਜ਼ਿੰਮੇਵਾਰੀ ਨਿਭਾਉਣ ‘ਚ ਅਸਫਲ ਰਹਿ ਕੇ ਦੇਸ਼ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਮਜ਼ਾਕ ਉਡਾਇਆ ਹੈ ਤੇ ਹੁਣ ਇਸਨੂੰ ਦੇਸ਼ ਚਲਾਉਣ ਦਾ ਕੋਈ ਅਧਿਕਾਰ ਨਹੀਂ ਰਹਿ ਜਾਂਦਾ। ਉਹਨਾਂ ਨੇ 10 ਜਨਪਥ ਵੱਲੋਂ ਸਿਰਫ ਸੰਕੇਤਕ ਰੋਸ ਪ੍ਰਗਟਾਉਣ ਨੂੰ ਨਾਕਾਫੀ ਦੱਸਦਿਆਂ ਆਖਿਆ ਕਿ ਭਾਰਤ ਦੇ ਲੋਕ ਸੱਤਾਧਾਰੀ ਪਾਰਟੀ ਤੋਂ ਸੰਕੇਤ ਪ੍ਰਤੀਕਰਮ ਨਹੀਂ ਬਲਕਿ ਠੋਸ ਕਾਰਵਾਈ ਦੀ ਆਸ ਰੱਖਦੇ ਹਨ।

ਉਪ ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਲੱਖਾਂ ਸੈਨਿਕ ਦਿਨ ਰਾਤ ਸਾਡੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਹਨ ਅਤੇ ਅਜਿਹਾ ਕਰਦਿਆਂ ਆਪਣਾ ਜੀਵਨ ਖਤਰੇ ਵਿਚ ਪਾਉਂਦੇ ਹਨ। ਇਹ ਬੜੇ ਹੀ ਸ਼ਰਮ ਵਾਲੀ ਗੱਲ ਹੈ ਕਿ ਸੱਤਾਧਾਰੀ ਗਠਜੋੜ ਪਾਕਿਸਤਾਨ ਵੱਲੋਂ ਬਿਨਾਂ ਭੜਕਾਹਟ ਦੇ ਇਹਨਾਂ ਦੀ ਹੱਤਿਆ ਨੂੰ ਬੜੇ ਸਹਿਜ ਤੇ ਹਲਕੇ ਢੰਗ ਨਾਲ ਲੈ ਰਿਹਾ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਸ ਮਾਮਲੇ ‘ਤੇ ਅੱਗੇ ਆਉਂਦਿਆਂ ਪਾਕਿਸਤਾਨ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਉਹ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਅਜਾਈਂ ਨਾ ਸਮਝੇ ਬਲਕਿ ਪ੍ਰਧਾਨ ਮੰਤਰੀ ਨੂੰ ਦੇਰ ਨਾਲ ਹੀ ਸਹੀ ਪਰ ਵਾਰ ਵਾਰ ਹੁੰਦੀ ਇਸ ਕਾਰਵਾਈ ਬਾਰੇ ਫੈਸਲਾਕੁੰਨ ਕਾਰਵਾਈ ਨਾਲ ਜਵਾਬ ਦੇਣਾ ਚਾਹੀਦਾ ਹੈ।

Facebook Comment
Project by : XtremeStudioz