Close
Menu

ਗੁਰਦੀਪ ਸਿੰਘ ਖਹਿਰਾ ਕਰਨਾਟਕ ਤੋਂ ਅੰਮ੍ਰਿਤਸਰ ਜੇਲ੍ਹ ਵਿੱਚ ਤਬਦੀਲ

-- 27 June,2015

ਅੰਮ੍ਰਿਤਸਰ, 27 ਜੂਨ
ਦਵਿੰਦਰਪਾਲ ਸਿੰਘ ਭੁੱਲਰ ਤੋਂ ਬਾਅਦ ਇਕ ਹੋਰ ਸਿੱਖ ਕੈਦੀ ਗੁਰਦੀਪ ਸਿੰਘ ਖਹਿਰਾ ਨੂੰ ਵੀ ਕਰਨਾਟਕ ਦੀ ਜੇਲ੍ਹ ਤੋਂ ਅੰਮ੍ਰਿਤਸਰ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। 8 ਸਾਲ ਬਾਅਦ ਆਪਣੇ ਪੁੱਤਰ ਨੂੰ ਮਿਲਣ ਗਏ ਮਾਪੇ ਅੱਜ ਉਸ ਨਾਲ ਮੁਲਾਕਾਤ ਨਹੀਂ ਕਰ ਸਕੇ।
ਖਹਿਰ ਨੂੰ ਕਰਨਾਟਕ ਦੀ ਜੇਲ੍ਹ ਤੋਂ ਬੀਤੀ ਦੇਰ ਰਾਤ ਸੱਚਖੰਡ ਐਕਸਪ੍ਰੈਸ ਰਾਹੀਂ ਅੰਮ੍ਰਿਤਸਰ ਲਿਆਂਦਾ ਗਿਆ ਸੀ। ਇਹ ਰੇਲ ਗੱਡੀ ਲਗਪਗ ਰਾਤ ਦੋ ਵਜੇ ਤੋਂ ਬਾਅਦ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਪੁੱਜੀ। ਜਿਵੇਂ ਹੀ ਖਹਿਰਾ ਕਰਨਾਟਕ ਪੁਲੀਸ ਨਾਲ ਰੇਲ ਗੱਡੀ ਦੇ ਡੱਬੇ ਵਿੱਚੋਂ ਬਾਹਰ ਆਇਆ ਤਾਂ ਸਟੇਸ਼ਨ ’ਤੇ ਮੌਜੂਦ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਵੱਲੋਂ ਉਸਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਗਈ।  ਇਸ ਤੋਂ ਇਲਾਵਾ ਸੰਤ ਭਿੰਡਰਾਵਾਲਾ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ ਗਏ। ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਨੇ ਸਿੱਖ ਕੈਦੀ ਨੂੰ ਸਿਰੋਪਾਓ ਦੇਣ ਦਾ ਵੀ ਯਤਨ ਕੀਤਾ ਪਰ ਪੁਲੀਸ ਨੇ ਅਜਿਹਾ ਨਾ ਹੋਣ ਦਿੱਤਾ, ਜਿਸ ਕਾਰਨ ਸਿੱਖ ਕਾਰਕੁਨਾਂ ਅਤੇ ਪੁਲੀਸ ਜਵਾਨਾਂ ਵਿਚਾਲੇ ਹਲਕੀ ਧੱਕਾ ਮੁੱਕੀ ਵੀ ਹੋਈ। ਖਹਿਰਾ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਤੁਰੰਤ ਕੇਂਦਰੀ ਜੇਲ੍ਹ ਲੈ ਜਾਇਆ ਗਿਆ, ਜਿਥੇ ਉਸਨੂੰ  ਆਮ ਬੈਰਕ ਵਿੱਚ ਬੰਦ ਕੀਤਾ ਗਿਆ ਹੈ। ਰੇਲਵੇ ਸਟੇਸ਼ਨ ’ਤੇ ੳੁਸ ਦੇ ਹੱਕ ਵਿਚ ਨਾਅਰੇ ਲਾਉਣ ਵਾਲਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਜਰਨੈਲ ਸਿੰਘ ਸਖੀਰਾ, ਹਰਬੀਰ ਸਿੰਘ ਸੰਧੂ, ਯੂਨਾਈਟਿਡ ਅਕਾਲੀ ਦਲ ਦੇ ਮੋਹਕਮ ਸਿੰਘ ਅਤੇ ਫੈਡਰੇਸ਼ਨ ਭਿੰਡਰਾਂਵਾਲਾ ਦੇ ਬਲਵੰਤ ਸਿੰਘ ਗੋਪਾਲਾ ਹਾਜ਼ਰ ਸਨ।
ਖਹਿਰਾ ’ਤੇ ਦਿੱਲੀ ਅਤੇ ਬਿਦਰ ਵਿੱਚ ਬੰਬ ਧਮਾਕੇ ਕਰਨ ਦਾ ਦੋਸ਼ ਹੈ। ਉਸਨੂੰ 1990 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ 1991 ਵਿੱਚ ਬਿਦਰ ਦੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਅੰਮ੍ਰਿਤਸਰ ਜ਼ਿਲੇ ਦੇ ਜੱਲੂਪੁਰ ਖੇੜਾ ਪਿੰਡ ਦਾ ਵਾਸੀ ਇਸ ਸਾਬਕਾ ਖਾਡ਼ਕੂ ਨੂੰ ਕਰਨਾਟਕ ਪੁਲੀਸ ਟੀਮ ਨੇ ਅੰਮ੍ਰਿਤਸਰ ਕੇਂਦਰੀ ਜੇਲ੍ਹ ਦੇ ਹਵਾਲੇ ਕੀਤਾ ਹੈ।
ਇਸ ਦੌਰਾਨ ਅੱਜ ਸਵੇਰੇ ਖਹਿਰਾ ਦੇ ਮਾਪਿਆਂ ਨੇ ਉਸ ਨਾਲ ਮੁਲਾਕਾਤ ਕਰਨ ਦਾ ਯਤਨ ਕੀਤਾ ਹੈ ਪਰ ਜੇਲ੍ਹ ਨਿਯਮਾਂ ਮੁਤਾਬਕ ਅੱਜ ਉਸ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ ਗਈ। ਮੁਲਾਕਾਤ ਕਰਨ ਲਈ ਆਏ ਰਿਸ਼ਤੇਦਾਰਾਂ ਵਿੱਚ ਉਸਦਾ ਪਿਤਾ ਬੰਤਾ ਸਿੰਘ, ਮਾਤਾ ਜਗੀਰ ਕੌਰ, ਭੈਣਾਂ ਅਤੇ ਭਣੇਵਾ ਸ਼ਾਮਲ ਸਨ। ਉਨ੍ਹਾਂ ਆਖਿਆ ਕਿ ਜੇਲ੍ਹ ਪ੍ਰਸ਼ਾਸਨ ਨੇ ਸ਼ਨਿਚਵਾਰ ਅਤੇ ਮੰਗਲਵਾਰ ਨੂੰ ਦੁਪਹਿਰ 12 ਤੋਂ 1 ਵਜੇ ਦਰਮਿਆਨ ਹੀ ਮਿਲਣ ਲੲੀ ਕਿਹਾ ਹੈੇ। ਉਸਦੇ ਪਿਤਾ ਬੰਤਾ ਸਿੰਘ ਨੇ ਦੱਸਿਆ ਕਿ ਉਹ ਆਪਣੇ ਬੇਟੇ ਨੂੰ ਅੱਠ ਸਾਲ ਬਾਅਦ ਮਿਲਣ ਲਈ ਆਇਆ ਹੈ। ਇਸ ਤੋਂ ਪਹਿਲਾਂ ਉਹ ਆਪਣੀ ਭੈਣ ਦੇ ਵਿਆਹ ’ਤੇ ਪੈਰੋਲ ’ਤੇ ਰਿਹਾਅ ਹੋ ਕੇ ਆਇਆ ਸੀ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਗੁਰਦੀਪ ਸਿੰਘ ਨਾਲ ਮੁਲਾਕਾਤ ਦੇ ਮਾਮਲੇ ਵਿੱਚ ਪੱਖਪਾਤ ਕੀਤਾ ਜਾ ਰਿਹਾ ਹੈ। ਇਕ ਪਾਸੇ ਦਵਿੰਦਰਪਾਲ ਸਿੰਘ ਭੁੱਲਰ ਨਾਲ ਮੁਲਾਕਾਤ ਲਈ ਹਰ ਵੇਲੇ ਪ੍ਰਵਾਨਗੀ ਦਿੱਤੀ ਜਾ ਰਹੀ ਹੈ, ਜਦੋਂਕਿ ਗੁਰਦੀਪ ਸਿੰਘ ਨਾਲ ਮੁਲਾਕਾਤ ਲਈ ਸ਼ਨਿਚਵਾਰ ਅਤੇ ਮੰਗਲਵਾਰ ਦਾ ਸਮਾਂ ਦਿੱਤਾ ਗਿਆ ਹੈ।
ਇਸ ਦੌਰਾਨ ਭਾਜਪਾ ਆਗੂ ਲਕਸ਼ਮੀ ਕਾਂਤਾ ਚਾਵਲਾ ਨੇ ਇਕ ਬਿਆਨ ਵਿੱਚ ਸਿੱਖ ਕੈਦੀਆਂ ਨੂੰ ਅੰਮ੍ਰਿਤਸਰ ਦੀ ਜੇਲ੍ਹ ਵਿਚ ਤਬਦੀਲ ਕੀਤੇ ਜਾਣ ਦਾ ਵਿਰੋਧ ਕਰਦਿਆਂ ਆਖਿਆ ਕਿ ਖੁਫੀਆ ਏਜੰਸੀਆਂ ਇਨ੍ਹਾਂ ਅਤਿਵਾਦੀਆਂ ਦੇ ਪੰਜਾਬ ਜੇਲ੍ਹ ਵਿੱਚ ਤਬਾਦਲੇ ਦੇ ਖਿਲਾਫ ਚੌਕਸ ਕਰ ਚੁੱਕੀਆਂ ਹਨ ਪਰ ਇਸ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਅਜਿਹੇ ਕੈਦੀਆਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ, ਜਿਸ ਨਾਲ ਸੂਬੇ ਦੀ ਸ਼ਾਂਤੀ ਨੂੰ ਖਤਰਾ ਪੈਦਾ ਹੋ ਸਕਦਾ ਹੈ।

Facebook Comment
Project by : XtremeStudioz