Close
Menu

ਗੇਂਦਬਾਜ਼ਾਂ ਨੇ ਦਿਵਾਈ ਮੁੰਬਈ ਨੂੰ ਜਿੱਤ

-- 26 April,2015

ਮੁੰਬਈ(ਭਾਸ਼ਾ)-ਲੈਂਡਲ ਸਿਮਨਸ ਦੇ ਜੁਝਾਰੂ ਅਰਧ ਸੈਂਕੜੇ ਤੋਂ ਬਾਅਦ ਲਸਿਥ ਮਲਿੰਗਾ ਤੇ ਮਿਸ਼ੇਲ ਮੈਕਲੇਨਾਘਨ ਦੀ ਤੂਫਾਨੀ ਗੇਂਦਬਾਜ਼ੀ ਨਾਲ ਮੁੰਬਈ ਇੰਡੀਅਨਜ਼ ਨੇ ਆਈ. ਪੀ. ਐੱਲ. 8 ‘ਚ ਅੱਜ ਇਥੇ ਸਨਰਾਈਜ਼ਰਸ ਹੈਦਰਾਬਾਦ ਨੂੰ 20 ਦੌੜਾਂ ਨਾਲ ਹਰਾ ਕੇ ਦੂਜੀ ਜਿੱਤ ਦਰਜ ਕੀਤੀ। ਮੁੰਬਈ ਨੇ ਭੁਵਨੇਸ਼ਵਰ (26 ਦੌੜਾਂ ‘ਤੇ 3 ਵਿਕਟਾਂ), ਪ੍ਰਵੀਨ ਕੁਮਾਰ (35 ਦੌੜਾਂ ‘ਤੇ 2 ਵਿਕਟਾਂ) ਅਤੇ ਡੇਲ ਸਟੇਨ (38 ਦੌੜਾਂ ‘ਤੇ 2 ਵਿਕਟਾਂ) ਦੀ ਧਾਰਦਾਰ ਗੇਂਦਬਾਜ਼ੀ ਤੇ ਸਿਮਨਸ ਦੀ 51 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਮਦਦ ਨਾਲ 8 ਵਿਕਟਾਂ ‘ਤੇ 157 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ।
ਇਸ ਦੇ ਜਵਾਬ ‘ਚ ਹੈਦਰਾਬਾਦ ਦੀ ਟੀਮ ਲਸਿਥ ਮਲਿੰਗਾ (23 ਦੌੜਾਂ ‘ਤੇ 4 ਵਿਕਟਾਂ) ਤੇ ਮੈਕਲੇਨਾਘਨ (20 ਦੌੜਾਂ ‘ਤੇ 3 ਵਿਕਟਾਂ) ਦੀ ਜ਼ਬਰਦਸਤ ਗੇਂਦਬਾਜ਼ੀ ਸਾਹਮਣੇ 8 ਵਿਕਟਾਂ ‘ਤੇ 137 ਦੌੜਾਂ ਹੀ ਬਣਾ ਸਕੀ।
ਮੁੰਬਈ ਦੀ 7 ਮੈਚਾਂ ‘ਚ ਇਹ ਦੂਜੀ ਜਿੱਤ ਹੈ ਤੇ ਉਸ ਦੇ 4 ਅੰਕ ਹੋ ਗਏ ਹਨ। 6 ਮੈਚਾਂ ‘ਚ ਚੌਥੀ ਹਾਰ ਤੋਂ ਬਾਅਦ ਹੈਦਰਾਬਾਦ ਦੇ ਵੀ 4 ਅੰਕ ਹਨ। ਮੁੰਬਈ ਦੀ ਟੀਮ ਹਾਲਾਂਕਿ ਖਰਾਬ ਨੈੱਟ ਰਨ ਰੇਟ ਕਾਰਨ ਅਜੇ ਵੀ 8 ਟੀਮਾਂ ‘ਚ ਆਖਰੀ ਸਥਾਨ ‘ਤੇ ਚੱਲ ਰਹੀ ਹੈ। ਟੀਚੇ ਦਾ ਪਿੱਛਾ ਕਰਨ ਉਤਰੀ ਹੈਦਰਾਬਾਦ ਨੂੰ ਸਲਾਮੀ ਬੱਲੇਬਾਜ਼ ਸ਼ਿਖਰ ਧਵਨ (42) ਨੇ ਤੂਫਾਨੀ ਸ਼ੁਰੂਆਤ ਦਿਵਾਈ। ਉਸ ਨੇ ਕਪਤਾਨ ਡੇਵਿਡ ਵਾਰਨਰ (09) ਨਾਲ ਪਹਿਲੀ ਵਿਕਟ ਲਈ ਸਿਰਫ 5 ਓਵਰਾਂ ‘ਚ 45 ਦੌੜਾਂ ਜੋੜੀਆਂ। ਧਵਨ ਨੇ ਚੌਥੇ ਓਵਰ ‘ਚ ਹਰਭਜਨ ਸਿੰਘ ਨੂੰ ਨਿਸ਼ਾਨਾ ਬਣਾਉਂਦਿਆਂ 3 ਚੌਕੇ ਤੇ ਇਕ ਛੱਕਾ ਲਗਾਇਆ।
ਮਲਿੰਗਾ ਨੇ ਵਾਰਨਰ ਨੂੰ ਥਰਡਮੈਨ ‘ਤੇ ਅੰਬਾਤੀ ਰਾਇਡੂ ਹੱਥੋਂ ਕੈਚ ਕਰਵਾ ਕੇ ਸਨਰਾਈਜ਼ਰਸ ਨੂੰ ਪਹਿਲਾ ਝਟਕਾ ਦਿੱਤਾ। ਧਵਨ ਵੀ ਅਗਲੇ ਓਵਰ ‘ਚ ਮੈਕਲੇਨਾਘਨ ਦੀ ਗੇਂਦ ‘ਤੇ ਮਲਿੰਗਾ ਨੂੰ ਕੈਚ ਦੇ ਬੈਠਾ। ਲਗਾਤਾਰ ਵਿਕਟਾਂ ਗੁਆਉਣ ਤੋਂ ਬਾਅਦ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਦਬਾਅ ਵਿਚ ਆ ਗਈ  ਤੇ ਫਿਰ ਉਸ ਤੋਂ ਉੱਭਰਨ ‘ਚ ਨਾਕਾਮ ਰਹੀ। ਹੈਦਰਾਬਾਦ ਨੂੰ ਇਸ ਤੋਂ ਬਾਅਦ ਬਾਊਂਡਰੀ ਲਗਾਉਣ ਲਈ ਜੂਝਣਾ ਪਿਆ। ਬੋਪਾਰਾ ਨੇ ਮੈਕਲੇਨਾਘਨ ਦੀ ਗੇਂਦ ‘ਤੇ ਦੋ ਦੌੜਾਂ ਬਣਾ ਕੇ 15ਵੇਂ ਓਵਰ ‘ਚ ਆਪਣੀ ਟੀਮ ਦਾ ਸਕੋਰ 100 ਦੌੜਾਂ ‘ਤੇ ਪਹੁੰਚਾਇਆ।
ਹੈਦਰਾਬਾਦ ਨੂੰ ਆਖਰੀ 5 ਓਵਰਾਂ ‘ਚ 24 ਦੌੜਾਂ ਦੀ ਲੋੜ ਸੀ। ਹਨੂਮਾ ਵਿਹਾਰੀ ਨੇ ਆਰ. ਵਿਨੇ ਕੁਮਾਰ ਨੂੰ ਦੋ ਚੌਕੇ ਜੜ ਕੇ ਮਲਿੰਗਾ ਨੂੰ ਵੀ ਚੌਕਾ ਲਗਾ ਕੇ ਦੌੜਾਂ ਦੀ ਗਤੀ ਵਧਾਉਣ ਦੀ ਕੋਸ਼ਿਸ਼ ਕੀਤੀ। ਬੋਪਾਰਾ ਜੋ ਕਿ ਬਦਲਵੇਂ ਖਿਡਾਰੀ ਦੇ ਤੌਰ ‘ਤੇ ਮੈਦਾਨ ‘ਤੇ ਆਇਆ ਸੀ, ਹਾਰਦਿਕ ਪੰਡਿਆ ਨੂੰ ਕੈਚ ਦੇ ਬੈਠਾ। ਉਸ ਦੇ ਆਊਟ ਹੋਣ ਤੋਂ ਬਾਅਦ ਹੀ ਹੈਦਰਾਬਾਦ ਦੀ ਜਿੱਤ ਦੀ ਉਮੀਦ ਟੁੱਟ ਗਈ। ਬੋਪਾਰਾ ਨੇ 27 ਗੇਂਦਾਂ ‘ਤੇ 23 ਦੌੜਾਂ ਬਣਾਈਆਂ।
ਇਸ ਤੋਂ ਪਹਿਲਾਂ ਮੁੰਬਈ ਵਲੋਂ ਸਿਮਨਸ ਨੇ 42 ਗੇਂਦਾਂ ‘ਤੇ 6 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 51 ਦੌੜਾਂ ਦੀ ਪਾਰੀ ਖੇਡੀ। ਉਸ ਤੋਂ ਇਲਾਵਾ ਕੀਰੋਨ ਪੋਲਾਰਡ ਹੀ ਟਿਕ ਕੇ ਖੇਡਿਆ, ਜਿਸ ਨੇ 24 ਗੇਂਦਾਂ ‘ਤੇ 3 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 33 ਦੌੜਾਂ ਬਣਾਈਆਂ।

Facebook Comment
Project by : XtremeStudioz