Close
Menu

ਗੇਂਦਬਾਜ਼ੀ ਵਿੱਚ ਸੁਧਾਰ ਦੀ ਜ਼ਰੂਰਤ: ਕੋਹਲੀ

-- 10 January,2015

ਸਿਡਨੀ, ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਆਸਟਰੇਲੀਆ ਖ਼ਿਲਾਫ਼ ਟੈਸਟ ਸੀਰੀਜ਼ ਗਵਾਉਣ ਦੇ ਬਾਵਜੂਦ ਟੀਮ ਦੇ ਹਿੰਮਤੀ ਜਜ਼ਬੇ ਨੂੰ ਸਲਾਮ ਕੀਤਾ ਹੈ, ਪਰ ਨਾਲ ਹੀ ਸਪੱਸ਼ਟ ਕੀਤਾ ਕਿ ਸੰਘਰਸ਼ ਕਰਨ ਦੇ ਜਜ਼ਬੇ ਨਾਲ ਟੀਮ ਦੀ ਖ਼ਰਾਬ ਗੇਂਦਬਾਜ਼ੀ ਦਾ ਖ਼ਮਿਆਜਾ ਪੂਰਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਟੀਮ ਦੀ ਗੇਂਦਬਾਜ਼ੀ ਵਿੱਚ ਕਾਫ਼ੀ ਸੁਧਾਰ ਦੀ ਜ਼ਰੂਰਤ ਹੈ।
ਉਨ੍ਹਾਂ ਕਿਹਾ ਕਿ ਕੁਝ ਪਹਿਲੂਆਂ ’ਤੇ ਟੀਮ ਨੂੰ ਸੁਧਾਰ ਕਰਨ ਦੀ ਜ਼ਰੂਰਤ ਹੈ ਅਤੇ ਕੌਮਾਂਤਰੀ ਪੱਧਰ ’ਤੇ ਆਸਟਰੇਲੀਆ ਦੀ ਗੇਂਦਬਾਜ਼ੀ ਤੋਂ ਕਾਫੀ ਕੁਝ ਸਿੱਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਟੀਮ ਦੇ ਤੇਜ਼ ਗੇਂਦਬਾਜ਼ਾਂ ਨੂੰ ਪਤਾ ਹੈ ਕਿ ਘਰੇਲੂ ਪਿੱਚਾਂ ’ਤੇ ਰਿਵਰਸ ਸਵਿੰਗ ਕਿਵੇਂ ਕਰਨਾ ਹੈ, ਪਰ ਵਿਦੇਸ਼ੀ ਪਿੱਚਾਂ ’ਤੇ ਇਹ ਭਾਰਤੀ ਗੇਂਦਬਾਜ਼ ਅਸਫ਼ਲ ਸਿੱਧ ਹੁੰਦੇ ਹਨ। ਕੋਹਲੀ ਅਨੁਸਾਰ ਵਿਦੇਸ਼ਾਂ ਵਿੱਚ ਪਿੱਚਾਂ ਵਧੇਰੇ ਉਛਾਲ ਲੈਂਦੀਆਂ ਹਨ ਅਤੇ ਕਿਸੇ ਆਧਾਰ ’ਤੇ ਭਾਰਤੀ ਗੇਂਦਬਾਜ਼ੀ ਨੂੰ ਸੁਧਾਰ ਕਰਨ ਦੀ ਜ਼ਰੂਰਤ ਹੈ। ਇਸੇ ਦੌਰਾਨ ਟੀਮ ਇੰਡੀਆ ਦੇ ਸਾਬਕਾ ਕਪਤਾਨ ਸੁਨੀਲ ਗਵਾਸਕਰ ਨੇ ਕਿਹਾ ਕਿ ਭਾਰਤੀ ਟੀਮ ਨੂੰ ਨਵੇਂ ਗੇਂਦਬਾਜ਼ਾਂ ਦੀ ਤਲਾਸ਼ ਕਰਨੀ ਚਾਹੀਦੀ ਹੈ।
ਸੀਰੀਜ਼ ਵਿੱਚ ਬਣੀਆਂ ਸਭ ਤੋਂ ਵੱਧ ਦੌੜਾਂ: ਭਾਰਤ ਅਤੇ ਆਸਟਰੇਲੀਆ ਵਿੱਚ ਸਮਾਪਤ ਹੋਈ ਚਾਰ ਟੈਸਟ ਮੈਚਾਂ ਦੀ ਲੜੀ ਵਿੱਚ ਕੁੱਲ 5870 ਦੌੜਾਂ ਬਣੀਆਂ, ਜੋ ਚਾਰ ਟੈਸਟ ਮੈਚਾਂ ਦੀ ਲੜੀ ਵਿੱਚ ਸਭ ਤੋਂ ਵੱਧ ਹਨ। ਇਸ ਲੜੀ ਦੌਰਾਨ ਆਸਟਰੇਲੀਆ ਨੇ 3113 ਦੌੜਾਂ ਬਣਾਈਆਂ ਅਤੇ ਇਹ ਪਹਿਲਾ ਮੌਕਾ ਹੈ, ਜਦੋਂ ਚਾਰ ਟੈਸਟਾਂ ਦੀ ਸੀਰੀਜ਼ ਵਿੱਚ ਕਿਸੇ ਟੀਮ ਨੇ ਤਿੰਨ ਹਜ਼ਾਰ ਜਾਂ ਇਸ ਤੋਂ ਵੱਧ ਦੌੜਾਂ ਬਣਾਈਆਂ ਹਨ। ਇਸ ਤੋਂ ਪਹਿਲਾਂ ਦਾ ਰਿਕਾਰਡ ਦੱਖਣੀ ਅਫਰੀਕਾ ਦੇ ਨਾਂ ਸੀ, ਜਿਸ ਨੇ 2003-04 ਵਿੱਚ ਵੈਸਟ ਇੰਡੀਜ਼ ਖ਼ਿਲਾਫ਼ 2962 ਦੌੜਾਂ ਬਣਾਈਆਂ ਸਨ। ਭਾਰਤ ਅਤੇ ਆਸਟਰੇਲੀਆ ਵਿੱਚ ਇਸ ਸੀਰੀਜ਼ ਦੌਰਾਨ 25 ਵਾਰ ਟੈਸਟ ਪਾਰੀ ਦੌਰਾਨ ਗੇਂਦਬਾਜ਼ਾਂ ਨੇ 100 ਜਾਂ ਇਸ ਤੋਂ ਵੱਧ ਦੌੜਾਂ ਲੁਟਾਈਆਂ, ਜੋ ਕਿ ਨਵਾਂ ਰਿਕਾਰਡ ਹੈ। ਇਸ ਤੋਂ ਪਹਿਲਾਂ ਗੇਂਦਬਾਜ਼ਾਂ ਨੇ 1924-25 ਵਿੱਚ ਆਸਟਰੇਲੀਆ ਵਿੱਚ ਹੀ ਇੰਗਲੈਂਡ ਅਤੇ ਆਸਟਰੇਲੀਆ ਵਿਚਕਾਰ ਹੋਈ ਸੀਰੀਜ਼ ਦੌਰਾਨ 23 ਵਾਰ ਪਾਰੀ ਵਿੱਚ 100 ਜਾਂ ਇਸ ਤੋਂ ਵੱਧ ਦੌੜਾਂ ਖਰਚ ਕੀਤੀਆਂ ਸਨ।
ਮੌਜੂਦਾ ਭਾਰਤ-ਆਸਟਰੇਲੀਆ ਲੜੀ ਵਿੱਚ ਸਿਰਫ਼ ਗੇਂਦਬਾਜ਼ਾਂ ਨੇ ਹੀ ਨਿਰਾਸ਼ ਨਹੀਂ ਕੀਤਾ, ਸਗੋਂ ਬੱਲੇਬਾਜ਼ੀ ਵੀ ਖ਼ਾਸ ਸ਼ਲਾਘਾਯੋਗ ਨਹੀਂ ਰਹੀ। ਸੁਰੇਸ਼ ਰੈਨਾ ਸੀਰੀਜ਼ ਦੌਰਾਨ ਦੋਵਾਂ ਪਾਰੀਆਂ ਵਿੱਚ ਅਸਫ਼ਲ ਰਿਹਾ। ਉਹ ਆਪਣੀਆਂ ਪਿਛਲੀਆਂ ਤਿੰਨ ਪਾਰੀਆਂ ਵਿੱਚ ਵੀ ਖ਼ਾਤਾ ਨਹੀਂ ਖੋਲ੍ਹ ਸਕਿਆ ਅਤੇ ਇਸ ਤਰ੍ਹਾਂ ਉਸ ਨੇ ਜ਼ੀਰੋ ’ਤੇ ਆਊਟ ਹੋਣ ਦੀ ਹੈਟ੍ਰਿਕ ਬਣਾਈ। ਉਹ ਪਿਛਲੀਆਂ ਸੱਤ ਪਾਰੀਆਂ ਵਿੱਚ ਪੰਜ ਵਾਰ ਖ਼ਾਤਾ ਖੋਲ੍ਹਣ ਵਿੱਚ ਅਸਫ਼ਲ ਰਿਹਾ।

Facebook Comment
Project by : XtremeStudioz