Close
Menu

ਗੇਲ ਨੇ ਸੈਂਕੜਾ ਜੜ ਕੇ ਘਰੇਲੂ ਕ੍ਰਿਕਟ ਤੋਂ ਸੰਨਿਆਸ ਲਿਆ

-- 08 October,2018

ਬ੍ਰਿਜਟਾਊਨ, ਦੁਨੀਆ ਦੇ ਸਭ ਤੋਂ ਖ਼ਤਰਨਾਕ ਬੱਲੇਬਾਜ਼ ਵੈਸਟ ਇੰਡੀਜ਼ ਦੇ ਕ੍ਰਿਸ ਗੇਲ ਨੇ ਆਪਣੀ ਘਰੇਲੂ ਟੀਮ ਜਮੈਕਾ ਲਈ ਆਖ਼ਰੀ ਲਿਸਟ ‘ਏ’ ਮੈਚ ਖੇਡਦਿਆਂ ਤੇਜ਼ ਤਰਾਰ ਸੈਂਕੜਾ ਮਾਰਨ ਮਗਰੋਂ ਲਿਸਟ ਏ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤੀ। ਗੇਲ ਨੇ ਸੁਪਰ-50 ਮੁਕਾਬਲੇ ਵਿੱਚ ਜਮੈਕਾ ਵੱਲੋਂ ਆਪਣਾ ਆਖ਼ਰੀ ਲਿਸਟ ਏ ਮੈਚ ਖੇਡਿਆ। ਉਸ ਨੇ ਬਾਰਬਾਡੋਸ ਖ਼ਿਲਾਫ਼ ਸ਼ਾਨਦਾਰ ਸੈਂਕੜਾ ਮਾਰ ਕੇ ਟੀਮ ਨੂੰ ਜਿੱਤ ਦਿਵਾਈ। ਗੇਲ ਨੇ 114 ਗੇਂਦਾਂ ਵਿੱਚ ਦਸ ਚੌਕਿਆਂ ਅਤੇ ਅੱਠ ਛੱਕੇ ਮਾਰਦਿਆਂ 122 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ। 39 ਸਾਲਾ ਗੇਲ ਦਾ ਇਹ ਲਿਸਟ ਏ ਵਿੱਚ 27ਵਾਂ ਸੈਂਕੜਾ ਸੀ। ਗੇਲ ਦੇ ਸੈਂਕੜੇ ਦੇ ਬਾਵਜੂਦ ਜਮੈਕਾ ਦੀ ਟੀਮ 226 ਦੌੜਾਂ ’ਤੇ ਆਊਟ ਹੋ ਗਈ, ਪਰ ਉਸ ਨੇ ਬਾਰਬਾਡੋਸ ਨੂੰ 193 ਦੌੜਾਂ ’ਤੇ ਢੇਰ ਕਰਕੇ ਮੈਚ 33 ਦੌੜਾਂ ਨਾਲ ਜਿੱਤ ਲਿਆ। ਗੇਲ ਨੇ ਸੈਂਕੜਾ ਮਾਰਨ ਤੋਂ ਇਲਾਵਾ ਇੱਕ ਵਿਕਟ ਵੀ ਲਈ। ਗੇਲ ਨੂੰ ‘ਮੈਨ ਆਫ ਦਿ ਮੈਚ’ ਚੁਣਿਆ ਗਿਆ।
ਵੈਸਟ ਇੰਡੀਜ਼ ਦੇ ਬੱਲੇਬਾਜ਼ ਗੇਲ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਇਹ ਜਮੈਕਾ ਲਈ ਉਸ ਦਾ ਆਖ਼ਰੀ ਲਿਸਟ ਏ ਮੈਚ ਹੋਵੇਗਾ। ਹਾਲਾਂਕਿ ਉਸ ਨੇ ਕਿਹਾ ਕਿ ਉਹ ਜਮੈਕਾ ਲਈ ਇੱਕ ਚਾਰ ਰੋਜ਼ਾ ਮੁਕਾਬਲੇ ਵਿੱਚ ਖੇਡੇਗਾ, ਜੋ ਉਸ ਦੇ ਦੇਸ਼ ਦਾ ਆਖ਼ਰੀ ਮੈਚ ਹੋਵੇਗਾ। ਮੈਚ ਦੌਰਾਨ ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਉਸ ਨੂੰ ‘ਗਾਰਡ ਆਫ ਆਨਰ’ ਦਿੱਤਾ। ਗੇਲ ਨੇ ਲਿਸਟ ਏ ਵਿੱਚ 356 ਮੈਚ ਖੇਡੇ ਅਤੇ 12,436 ਦੌੜਾਂ ਬਣਾਈਆਂ, ਜਿਨ੍ਹਾਂ ਵਿੱਚ 27 ਸੈਂਕੜੇ ਅਤੇ 65 ਨੀਮ ਸੈਂਕੜੇ ਸ਼ਾਮਲ ਸਨ।

Facebook Comment
Project by : XtremeStudioz