Close
Menu

ਗੈਰਕਾਨੂੰਨੀ ਇਮੀਗ੍ਰੇਸ਼ਨ ਖਿਲਾਫ ਸੱਜੇ ਪੱਖੀ ਗਰੁੱਪ ਨੇ ਕਿਊਬਿਕ ਵਿੱਚ ਕੀਤਾ ਮੁਜ਼ਾਹਰਾ

-- 21 August,2017

ਕਿਊਬਿਕ, ਸੱਜੇ ਪੱਖੀ ਗਰੁੱਪ ਦੇ ਸੈਂਕੜੇ ਮੈਂਬਰਾਂ ਨੇ ਕਿਊਬਿਕ ਸਿਟੀ ਵਿੱਚ ਹੋ ਰਹੀ ਗੈਰਕਾਨੂੰਨੀ ਇਮੀਗ੍ਰੇਸ਼ਨ ਖਿਲਾਫ ਐਤਵਾਰ ਨੂੰ ਮੁਜ਼ਾਹਰਾ ਕੀਤਾ। ਪਰ ਖੱਬੇ ਪੱਖੀ ਮੁਜ਼ਾਹਰਾਕਾਰੀਆਂ ਵੱਲੋਂ ਉਨ੍ਹਾਂ ਨੂੰ ਧੱਕੇ ਨਾਲ ਰੋਕਣ ਦੀ ਕੋਸਿ਼ਸ਼ ਕੀਤੀ ਗਈ।
ਸੱਜੇ ਪੱਖੀਆਂ ਦਾ ਮੁਜ਼ਾਹਰਾ ਲਾ ਮਿਊਟ,ਵੱਲੋਂ ਆਯੋਜਿਤ ਕੀਤਾ ਗਿਆ ਸੀ। ਇਹ ਗਰੁੱਪ ਇਸਲਾਮ ਦੇ ਖਿਲਾਫ ਹੈ ਤੇ ਕਈ ਇਸ ਨੂੰ ਨਸਲਵਾਦੀ ਗਰੁੱਪ ਵੀ ਮੰਨਦੇ ਹਨ। ਲਾ ਮਿਊਟ ਕੋਲ ਮੁਜ਼ਾਹਰਾ ਕਰਨ ਲਈ ਪਰਮਿਟ ਵੀ ਸੀ ਤੇ ਉਨ੍ਹਾਂ ਦੁਪਹਿਰੇ 2:00 ਵਜੇ ਮਾਰਚ ਕਰਨ ਦੀ ਯੋਜਨਾ ਬਣਾਈ ਸੀ ਪਰ ਸੈਂਕੜਿਆਂ ਦੀ ਗਿਣਤੀ ਵਿੱਚ ਖੱਬੇ ਪੱਖੀ ਮੁਜ਼ਾਹਰਾਕਾਰੀਆਂ ਨੇ ਉਨ੍ਹਾਂ ਦਾ ਰਾਹ ਰੋਕ ਲਿਆ। ਕਈ ਖੁਦ ਨੂੰ ਫਾਸ਼ੀਵਾਦ ਵਿਰੋਧੀ ਵੀ ਦੱਸ ਰਹੇ ਸਨ।
ਪੁਲਿਸ ਵੱਲੋਂ ਸੱਜੇ ਪੱਖੀਆਂ ਦੇ ਮਾਰਚ ਨੂੰ ਅੱਗੇ ਵੱਧਣ ਦੀ ਇਜਾਜ਼ਤ ਦਿੱਤੇ ਜਾਣ ਤੋਂ ਬਾਅਦ ਖੱਬੇ ਪੱਖੀ ਮੁਜ਼ਾਹਰਾਕਾਰੀਆਂ, ਜਿਨ੍ਹਾਂ ਵਿੱਚੋਂ ਕੁੱਝ ਨੇ ਮੂੰਹ ਢਕੇ ਹੋਏ ਸਨ, ਨੇ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ, ਅੱਗ ਬਾਲ ਲਈ ਤੇ ਬੋਤਲਾਂ ਤੇ ਕੁਰਸੀਆਂ ਵਿਰੋਧੀ ਧਿਰ ਵੱਲ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਮੀਡੀਆ ਮੈਂਬਰਾਂ ਉੱਤੇ ਵੀ ਹਮਲਾ ਕੀਤਾ।
ਪੁਲਿਸ ਨੇ ਤੁਰੰਤ ਹੀ ਖੱਬੇ ਪੱਖੀਆਂ ਦੇ ਮੁਜ਼ਾਹਰੇ ਨੂੰ ਗੈਰਕਾਨੂੰਨੀ ਕਰਾਰ ਦੇ ਦਿੱਤਾ ਤੇ ਇਸ ਦਾ ਕਾਰਨ ਹਿੰਸਕ ਕਾਰਵਾਈ ਤੇ ਬਰਬਰਤਾ ਦੱਸਿਆ ਗਿਆ। ਪਰ ਇਸ ਦੇ ਬਾਵਜੂਦ ਬਹੁਤੇ ਮੁਜ਼ਾਹਰਾਕਾਰੀ ਉੱਥੇ ਹੀ ਬਣੇ ਰਹੇ। ਇਸ ਅੜਿੱਕੇ ਦੇ ਖ਼ਤਮ ਹੋਣ ਤੱਕ ਸੱਜੇ ਪੱਖੀਆਂ ਦੇ ਗਰੁੱਪ ਨੇ ਇੱਕ ਸਰਕਾਰੀ ਇਮਾਰਤ ਦੇ ਅੰਦਰ ਹੀ ਉਡੀਕ ਕੀਤੀ। ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ।
ਲਾ ਮਿਊਟ ਸ਼ਾਮੀਂ 6:00 ਵਜੇ ਮਾਰਚ ਸ਼ੁਰੂ ਕਰ ਸਕਿਆ। ਉਨ੍ਹਾਂ ਨੇ ਹੱਥਾਂ ਵਿੱਚ ਸਾਈਨ ਬੋਰਡ ਵੀ ਚੁੱਕੇ ਹੋਏ ਸਨ ਜਿਨ੍ਹਾਂ ਉੱਤੇ ਲਿਖਿਆ ਸੀ ਕਿ ਜਿੰ਼ਦਗੀ ਦੇ ਮਿਆਰ ਨੂੰ ਸਾਂਭ ਕੇ ਰੱਖਣਾ ਤੇ ਦੇਸ਼ ਦੀ ਸੁਰੱਖਿਆ ਨੂੰ ਬਰਕਰਾਰ ਰੱਖਣਾ ਨਸਲਵਾਦ ਨਹੀਂ ਹੈ। ਹੋਰਨਾਂ ਨੇ ਫਰੀ ਸਪੀਚ ਵਾਲੇ ਸਾਈਨ ਚੁੱਕੇ ਹੋਏ ਸਨ। ਲਾ ਮਿਊਟ ਇਹ ਦਾਅਵਾ ਕਰਦਾ ਹੈ ਕਿ ਉਹ ਨਸਲ ਦੇ ਅਧਾਰ ਉੱਤੇ ਕਿਸੇ ਨਾਲ ਪੱਖਪਾਤ ਨਹੀਂ ਕਰਦਾ ਸਗੋਂ ਉਹ ਗੈਰਕਾਨੂੰਨੀ ਬਰੌਡਰ ਕਰੌਸਿੰਗ ਦੇ ਖਿਲਾਫ ਹੈ। ਆਰਸੀਐਮਪੀ ਨੇ ਪਹਿਲੀ ਅਗਸਤ ਤੋਂ 15 ਅਗਸਤ ਤੱਕ 3800 ਪਨਾਹ ਹਾਸਲ ਕਰਨ ਦੇ ਚਾਹਵਾਨਾਂ ਨੂੰ ਅਮਰੀਕਾ ਤੇ ਕਿਊਬਿਕ ਦਰਮਿਆਨ ਸਰਹੱਦ ਪਾਰ ਕਰਨ ਤੋਂ ਰੋਕਿਆ ਸੀ। ਇਸ ਤੋਂ ਪਹਿਲਾਂ ਜੁਲਾਈ ਵਿੱਚ ਵੀ 3000 ਅਜਿਹੇ ਲੋਕਾਂ ਨੂੰ ਰੋਕਿਆ ਜਾ ਚੁੱਕਿਆ ਹੈ।

Facebook Comment
Project by : XtremeStudioz