Close
Menu

ਗੈਰ-ਸਰਕਾਰੀ ਮੁਲਾਜ਼ਮ ਨੂੰ ਚੋਣ ਡਿਊਟੀ ‘ਤੇ ਨਾ ਟੰਗੇ ਸਰਕਾਰ-ਆਪ

-- 30 April,2019

ਅਮਨ ਅਰੋੜਾ ਨੇ ਪੰਜਾਬ ਸਰਕਾਰ ਦੇ ਨਾਲ-ਨਾਲ ਚੋਣ ਕਮਿਸ਼ਨ ਨੂੰ ਕੀਤੀ ਅਪੀਲ

ਚੰਡੀਗੜ੍ਹ, 30 ਅਪ੍ਰੈਲ 2019

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਸਕੂਲਾਂ-ਕਾਲਜਾਂ ਸਮੇਤ ਹੋਰ ਗੈਰ-ਸਰਕਾਰੀ ਸੰਸਥਾਵਾਂ ਦੇ ਮੁਲਾਜ਼ਮਾਂ ਨੂੰ ਚੋਣ ਡਿਊਟੀਆਂ ਦੇਣ ਦਾ ਵਿਰੋਧ ਕੀਤਾ ਹੈ।

‘ਆਪ’ ਵੱਲੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ, ਵਿਧਾਇਕ ਅਤੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਮਨ ਅਰੋੜਾ ਨੇ ਕਿਹਾ ਕਿ ਸਰਕਾਰ ਪ੍ਰਾਈਵੇਟ ਸਕੂਲਾਂ-ਸੰਸਥਾਵਾਂ ਦੇ ਮੁਲਾਜ਼ਮਾਂ ਨੂੰ ਚੋਣ ਡਿਊਟੀਆਂ ‘ਤੇ ਟੰਗ ਰਹੀ ਹੈ, ਜੋ ਇਨ੍ਹਾਂ ਸੰਸਥਾਵਾਂ ਅਤੇ ਗੈਰ ਸਰਕਾਰੀ ਮੁਲਾਜ਼ਮਾਂ ਨਾਲ ਸਰਾਸਰ ਧੱਕਾ ਹੈ। ਇਸ ਲਈ ਸਰਕਾਰ ਗੈਰ ਸਰਕਾਰੀ ਸੰਸਥਾਵਾਂ ਦੇ ਸਟਾਫ਼ ਗਲ ਚੋਣ ਡਿਊਟੀ ਪਾਉਣ ਦੀ ਥਾਂ ਸਰਕਾਰੀ ਮੁਲਾਜ਼ਮਾਂ ਨੂੰ ਹੀ ਇਹ ਜ਼ਿੰਮੇਵਾਰੀ ਦੇਵੇ।

ਅਮਨ ਅਰੋੜਾ ਨੇ ਕਿਹਾ ਕਿ ਗੈਰ-ਸਰਕਾਰੀ ਮੁਲਾਜ਼ਮਾਂ ਨੂੰ ਚੋਣ ਡਿਊਟੀ ਦੇ ਕੇ ਇੱਕ ਪਾਸੇ ਉਨ੍ਹਾਂ ‘ਤੇ ਸੱਤਾਧਾਰੀ ਧਿਰ ਦੇ ਲੋਕਾਂ ਦਾ ਸਿਆਸੀ ਦਬਾਅ, ਦੂਜੇ ਪਾਸੇ ਉਨ੍ਹਾਂ ਉੱਪਰ ਬਿਨਾ ਮਤਲਬ ਵਾਧੂ ਜ਼ਿੰਮੇਵਾਰੀ ਥੋਪੀ ਜਾ ਰਹੀ ਹੈ। ਅਮਨ ਅਰੋੜਾ ਨੇ ਕਿਹਾ ਕਿ ਇਹ ਸੁਭਾਵਿਕ ਹੈ ਕਿ ਸੱਤਾਧਾਰੀ ਧਿਰ ਦੇ ਲੋਕ ਵੋਟਾਂ ਮੌਕੇ ਪੁੱਠੀ-ਸਿੱਧੀ ਗੈਰ-ਕਾਨੂੰਨੀ ਮਦਦ ਲਈ ਸਭ ਤੋਂ ਪਹਿਲਾਂ ਗੈਰ-ਸਰਕਾਰੀ ਸੰਸਥਾਵਾਂ ਦੇ ਅਜਿਹੇ ਗੈਰ-ਸਰਕਾਰੀ ਮੁਲਾਜ਼ਮਾਂ ‘ਤੇ ਹੀ ਪਾਉਣਗੇ।

ਅਮਨ ਅਰੋੜਾ ਨੇ ਕਿਹਾ ਕਿ ਬਹੁਤ ਸਾਰੀਆਂ ਗੈਰ-ਸਰਕਾਰੀ ਸੰਸਥਾਵਾਂ ਖ਼ਾਸ ਕਰ ਕੇ ਪ੍ਰਾਈਵੇਟ ਸਕੂਲ ਅਤੇ ਕਾਲਜਾਂ ਦੇ ਮਾਲਕ ਜਾਂ ਪ੍ਰਬੰਧਕ ਕਮੇਟੀਆਂ ਕਿਸੇ ਨਾ ਕਿਸੇ ਸਿਆਸੀ ਪਾਰਟੀ ਨਾਲ ਜੁੜੀਆਂ ਹੋਈਆ ਹਨ। ਜਿਸ ਦੀ ਸਭ ਤੋਂ ਵੱਡੀ ਮਿਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਹੈ, ਜਿਸ ਦਾ ਪੰਜਾਬ ‘ਚ ਸਕੂਲ ਅਤੇ ਕਾਲਜ ਚਲਾਉਂਦੀ ਹੈ ਅਤੇ ਅਕਾਲੀ ਦਲ (ਬਾਦਲ) ਨਾਲ ਸਿੱਧਾ ਸੰਬੰਧ ਹੈ। ਇੱਥੋਂ ਤੱਕ ਕਿ ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸੰਗਰੂਰ ਤੋਂ ਅਕਾਲੀ ਦਲ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਦੀ ਨਾਮਜ਼ਦਗੀ ਵੀ ਨਾਲ ਜਾ ਕੇ ਕਰਵਾਈ ਹੈ ਹਾਲਾਂਕਿ ਬਤੌਰ ਇੱਕ ਧਾਰਮਿਕ ਸੰਸਥਾ ਦੇ ਮੁਖੀ ਹੋਣ ਵਜੋਂ ਇੱਕ ਉਮੀਦਵਾਰ ਨਾਲ ਜਨਤਕ ਤੌਰ ‘ਤੇ ਜਾਣਾ ਨੈਤਿਕ ਅਤੇ ਸੰਵਿਧਾਨਿਕ ਤੌਰ ‘ਤੇ ਗ਼ਲਤ ਹੈ।

ਅਮਨ ਅਰੋੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ-ਨਾਲ ਚੋਣ ਕਮਿਸ਼ਨ ਨੂੰ ਵੀ ਅਪੀਲ ਕੀਤੀ ਕਿ ਇਹ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਲਈ ਸਰਕਾਰੀ ਮੁਲਾਜ਼ਮਾਂ ਦੀਆਂ ਹੀ ਡਿਊਟੀਆਂ ਯਕੀਨੀ ਬਣਾਉਣ ਅਤੇ ਇਸ ਸਖ਼ਤ ਡਿਊਟੀ ਵਾਲੇ ਝੰਜਟ ‘ਚ ਪ੍ਰਾਈਵੇਟ ਮੁਲਾਜ਼ਮਾਂ ਦੀ ਬਲੀ ਨਾ ਲੈਣ ਜੋ ਪਹਿਲਾਂ ਹੀ ਬੇਰੁਜ਼ਗਾਰੀ ਅਤੇ ਸਰਕਾਰਾਂ ਦੀਆਂ ਰੁਜ਼ਗਾਰ ਵਿਰੋਧੀ ਨੀਤੀਆਂ ਕਾਰਨ ਪ੍ਰਾਈਵੇਟ ਸੰਸਥਾਵਾਂ ‘ਚ ਬੜੀ ਮੁਸ਼ਕਿਲ ਨਾਲ ਪੇਟ ਪਾਲ ਰਹੇ ਹਨ।

Facebook Comment
Project by : XtremeStudioz