Close
Menu

ਗੋਬਿੰਦ ਧਾਮ ‘ਚ ਫਸੇ 3500 ਧਾਰਮਿਕ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ

-- 30 June,2015

*ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਵਿਸ਼ੇਸ਼ ਹੈਲੀਕਾਪਟਰਾਂ ਰਾਹੀਂ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਨੂੰ ਪਹਿਲ ਦਿੱਤੀ

* ਜ਼ਿਲ੍ਹਾ ਪ੍ਰਸ਼ਾਸ਼ਨ ਨੇ ਗੋਬਿੰਦ ਘਾਟ ਵਿਖੇ ਡੇਰਾ ਲਾ ਕੇ ਬੈਠੇ ਕੁਝ ਧਾਰਮਿਕ ਯਾਤਰੀਆਂ ਨੂੰ

* ਸ੍ਰੀ ਹੇਮਕੁੰਟ ਸਾਹਿਬ ਵਿਖੇ ਮੱਥਾ ਟੇਕਣ ਲਈ ਆਗਿਆ ਦਿੱਤੀ

* ਸਾਰੇ ਧਾਰਮਿਕ ਯਾਤਰੀ ਮੰਗਲਵਾਰ ਤੱਕ ਵਾਪਸ ਪੰਜਾਬ ਆਉਣਗੇ

ਚੰਡੀਗੜ੍ਹ, 30 ਜੂਨ: ਗੋਬਿੰਦ ਧਾਮ ਵਿੱਚ ਫਸੇ 3500 ਧਾਰਮਿਕ ਯਾਤਰੀਆਂ ਨੂੰ ਜੋਸ਼ੀ ਮੱਠ ਦੇ ਪ੍ਰਸ਼ਾਸ਼ਨ, ਇੰਡੋ ਤਿਬਤੀਅਨ ਬਾਰਡ ਪੁਲਿਸ (ਆਈ.ਟੀ.ਬੀ.ਪੀ) ਅਤੇ ਰਾਸ਼ਟਰੀ ਆਫਤਾ ਰਿਸਪਾਂਸ ਫੋਰਸ (ਐਨ.ਡੀ.ਆਰ.ਐਫ) ਦੀਆਂ ਸਮੂਹਿਕ ਕੋਸ਼ਿਸ਼ਾਂ ਅਤੇ ਸਰਗਰਮ ਸਹਿਯੋਗ ਦੇ ਨਾਲ ਸੁਰੱਖਿਅਤ ਬਾਹਰ ਕੱਢ ਕੇ ਵਾਪਸ ਗੋਬਿੰਦ ਘਾਟ ਜਾਂ ਜੋਸ਼ੀ ਮੱਠ ਵਿਖੇ ਪਹੁੰਚਾ ਦਿੱਤਾ ਹੈ।
ਸ੍ਰੀ ਹੇਮਕੁੰਟ ਸਾਹਿਬ ਦੇ ਰਾਸਤੇ ਉਤੇ ਗੋਬਿੰਦ ਘਾਟ ਅਤੇ ਗੋਬਿੰਦ ਧਾਮ ਤੋਂ ਧਾਰਮਿਕ ਯਾਤਰੀਆਂ ਨੂੰ ਬਾਹਰ ਕੱਢਣ ਲਈ ਪੰਜਾਬ ਸਰਕਾਰ ਵਲੋਂ ਤਾਇਨਾਤ ਕੀਤੀ ਵਿਸ਼ੇਸ਼ ਟੀਮ ਦੇ ਮੁੱਖੀ ਸੀਨੀਅਰ ਆਈ.ਏ.ਐਸ ਅਧਿਕਾਰੀ ਸ੍ਰੀ ਏ.ਐਸ. ਮਿਗਲਾਨੀ ਨੇ ਅੱਜ ਇਸ ਦਾ ਪ੍ਰਗਟਾਵਾ ਕਰਦੇ ਹੋਏ ਦੱਸਿਆ ਕਿ ਗੋਬਿੰਦ ਧਾਮ ਵਿੱਚ ਫਸੇ ਸਾਰੇ ਧਾਰਮਿਕ ਯਾਤਰੀਆਂ ਨੂੰ ਬਚਾ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਸੁਰੱਖਿਅਤ ਗੋਬਿੰਦ ਘਾਟ ਅਤੇ ਜੋਸ਼ੀ ਮੱਠ ਵਿਖੇ ਪਹੁੰਚਾ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਹੈਲੀਕਾਪਟਰਾਂ ਦੇ ਰਾਹੀਂ ਗੋਬਿੰਦ ਧਾਮ ਤੋਂ ਤਕਰੀਬਨ 1500 ਧਾਰਮਿਕ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ ਹੈ ਅਤੇ ਬਾਕੀ 2000 ਵਿਅਕਤੀਆਂ ਨੂੰ ਗੋਬਿੰਦ ਘਾਟ ਅਤੇ ਗੋਬਿੰਦ ਧਾਮ ਵਿਚਕਾਰ ਬਣਾਏ ਆਰਜੀ ਪੁਲ ਰਾਹੀਂ ਪੈਦਲ ਗੋਬਿੰਦ ਘਾਟ ਪਹੁੰਚਾਇਆ ਗਿਆ ਹੈ। ਜੋਸ਼ੀ ਮੱਠ ਪ੍ਰਸ਼ਾਸ਼ਨ ਨੇ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਪਹਿਲ ਦੇ ਅਧਾਰ ‘ਤੇ ਹੈਲੀਕਾਪਟਰਾਂ ਰਾਹੀਂ ਬਾਹਰ ਕੱਢਣ ਨੂੰ ਪ੍ਰਾਥਮਿਕਤਾ ਦਿੱਤੀ ਜਦਕਿ ਨੌਜਵਾਨਾਂ ਨੂੰ ਪੈਦਲ ਗੋਬਿੰਦ ਘਾਟ ਆਉਣ ਲਈ ਆਖਿਆ ਗਿਆ। ਇਸੇ ਦੌਰਾਨ ਕੱਲ ਗੋਬਿੰਦ ਧਾਮ ਵਿਖੇ ਫਸੇ 35-40 ਨੌਜਵਾਨਾਂ ਨੇ ਪੈਦਲ ਗੋਬਿੰਦ ਘਾਟ ਆਉਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਉਨ੍ਹਾਂ ਨੇ ਹੈਲੀਕਾਪਟਰਾਂ ਰਾਹੀਂ ਵਾਪਸ ਲਿਆਉਣ ‘ਤੇ ਜ਼ੋਰ ਦਿੱਤਾ ਜਿਸ ਕਰਕੇ ਉਨ੍ਹਾਂ ਨੂੰ ਅੱਜ ਸਵੇਰੇ ਵਿਸ਼ੇਸ਼ ਹੈਲੀਕਾਪਟਰ ਰਾਹੀਂ ਇਥੇ ਲਿਆਂਦਾ ਗਿਆ। ਉਨ੍ਹਾਂ ਸਪਸ਼ਟ ਕੀਤਾ ਕਿ ਗੋਬਿੰਦ ਧਾਮ ਵਿਖੇ ਹੁਣ ਇੱਕ ਵੀ ਧਾਰਮਿਕ ਯਾਤਰੀ ਫਸਿਆ ਹੋਇਆ ਨਹੀਂ ਹੈ ਅਤੇ ਸਾਰਿਆਂ ਨੂੰ ਹੀ ਗੋਬਿੰਦ ਘਾਟ/ਜੋਸ਼ੀ ਮੱਠ ਲਿਆਂਦਾ ਜਾ ਚੁੱਕਾ ਹੈ ਜਿਥੋਂ ਉਹ ਵਾਪਸ ਆਪਣੀਆਂ ਗੱਡੀਆਂ ਉਤੇ ਜਾਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਉਪਰ ਪੰਜਾਬ ਆਉਣਗੇ। ਸ੍ਰੀ ਮਿਗਲਾਨੀ ਨੇ ਕਿਹਾ ਕਿ ਗੋਬਿੰਦ ਧਾਮ ਤੋਂ ਗੋਬਿੰਦ ਘਾਟ/ਜੋਸ਼ੀ ਮੱਠ ਵਾਪਸ ਆਉਣ ਵਾਲੇ ਸਾਰੇ ਧਾਰਮਿਕ ਯਾਤਰੀ ਕੱਲ ਸਵੇਰ ਤੱਕ ਪੰਜਾਬ ਭੇਜ ਦਿੱਤੇ ਜਾਣਗੇ।
ਸ੍ਰੀ ਮਿਗਲਾਨੀ ਨੇ ਇਹ ਵੀ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਗੋਬਿੰਦ ਘਾਟ ਵਿਖੇ ਡੇਰਾ ਲਾ ਕੇ ਬੈਠੇ ਕੁਝ ਧਾਰਮਿਕ ਯਾਤਰੀ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਲਈ ਅੜੇ ਹੋਏ ਹਨ ਅਤੇ ਉਨ੍ਹਾਂ ਨੂੰ ਵਿਸ਼ੇਸ਼ ਟੀਮ ਦੇ ਨਿੱਜੀ ਦਖਲ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਪਵਿੱਤਰ ਧਾਰਮਿਕ ਸਥਾਨ ਵੱਲ ਜਾਣ ਦੀ ਆਗਿਆ ਦੇ ਦਿੱਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਵਿਚ ਨਵੇਂ ਸਿਰਿਓਂ ਮੀਂਹ ਪੈਣ ਦੀ ਭਵਿੱਖਬਾਨੀ ਕੀਤੀ ਹੈ।
ਇਸ ਮੌਕੇ ਰਜਿਸਟਰਾਰ ਸਹਿਕਾਰੀ ਸਭਾਵਾਂ ਸ੍ਰੀ ਏ.ਐਸ. ਮਿਗਲਾਨੀ ਦੇ ਨਾਲ ਵਿਸ਼ੇਸ਼ ਟੀਮ ਦੇ ਇੰਸਪੈਕਟਰ ਜਨਰਲ ਪੁਲਿਸ ਸ੍ਰੀ ਗੌਤਮ ਚੀਮਾ, ਐਸ.ਡੀ.ਐਮ ਮੋਹਾਲੀ ਸ੍ਰੀ ਲਖਮੀਰ ਸਿੰਘ ਅਤੇ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਕੈਪਟਨ ਗੁਰਦੀਪ ਸਿੰਘ ਢਿੱਲੋਂ ਹਾਜ਼ਰ ਸਨ।

Facebook Comment
Project by : XtremeStudioz