Close
Menu

ਗੋਰਖਾਲੈਂਡ ਅੰਦੋਲਨ ਕਾਂਗਰਸ ਨੇ ਭੜਕਾਇਆ: ਮਮਤਾ

-- 07 September,2013

FILES-INDIA-POLITICS-BANERJEE

ਕੋਲਕਤਾ, 7 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਅਤੇ ਕੇਂਦਰ ਸਰਕਾਰ ਦਾਰਜੀਲਿੰਗ ਵਿਚ ਗੋਰਖਾਲੈਂਡ ਦੇ ਅੰਦੋਲਨ  ਨੂੰ  ਭੜਕਾ ਕੇ ਰਾਜ ਦੇ ਟੁਕੜੇ ਕਰਨਾ ਚਾਹੁੰਦੀ ਹੈ। ਗੋਰਖਾਲੈਂਡ ਅੰਦੋਲਨ ਨੂੰ ਤਬਾਹਕਾਰੀ ਅੰਦੋਲਨ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਕੇਂਦਰ ਸਰਕਾਰ ਪੱਛਮੀ ਬੰਗਾਲ ਨੂੰ  ਵੰਡਣਾ ਚਾਹੁੰਦੀ ਹੈ। ਉਨ੍ਹਾਂ ਨੇ ਗੋਰਖਾ ਜਨ ਸ਼ਕਤੀ ਮੋਰਚੇ ਦੇ ਆਗੂ ਦਾ ਨਾਮ ਲਏ ਬਿਨਾਂ ਕਿਹਾ, ‘‘ਜੇ ਜਨਜੀਵਨ ਠੱਪ ਕੀਤਾ ਜਾਵੇਗਾ, ਅਨਾਜ ਦੀ ਸਪਲਾਈ ਬੰਦ ਕਰਕੇ ਦਾਰਜੀਲਿੰਗ ਵਿਚ ਅਫਰਾਤਫਰੀ ਪੈਦਾ ਕੀਤੀ ਜਾ ਸਕਦੀ ਹੈ ਤਾਂ ਉਸ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਰਾਜ ਸਰਕਾਰ ਦੇ ਸਬਰ ਦੀ ਵੀ ਕੋਈ ਹੱਦ ਹੁੰਦੀ ਹੈ। ਇਸ ਲਈ  ਕਿਸੇ ਨੂੰ ਲਛਮਣ ਰੇਖਾ  ਪਾਰ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਕਿਉਂਕਿ ਸਥਿਤੀ ਹੋਰ  ਰੁਖ ਵੀ ਅਖਤਿਆਰ ਕਰ ਸਕਦੀ ਹੈ।
ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘‘ਪੱਛਮੀ ਬੰਗਾਲ ਦੇ  ਲੋਕ ਤਬਾਹਕੁਨ ਅੰਦੋਲਨ ਦਾ ਮੁਕਾਬਲਾ ਕਰਨਗੇ। ਦਾਰਜੀਲਿੰਗ ਨੂੰ ਸੂਬੇ ਤੋਂ ਵੱਖ ਕਰਨ ਲਈ ਯਤਨਾਂ ਦਾ ਵਿਰੋਧ ਕਰਨਗੇ।  ਮਮਤਾ  ਬੈਨਰਜੀ ਨੇ  ਗੋਰਖਾ ਜਨਸ਼ਕਤੀ ਮੋਰਚੇ ਨਾਲ ਦੋ-ਪੱਖੀ ਗੱਲਬਾਤ ਕਰਨ ਲਈ ਕੇਂਦਰ ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ 30 ਜੁਲਾਈ ਨੂੰ ਉਨ੍ਹਾਂ  ਪੱਤਰ ਲਿਖ ਕੇ ਇਹ ਵਾਅਦਾ ਕੀਤਾ ਸੀ ਕਿ ਦਾਰਜਲਿੰਗ ਦੇ ਮਾਮਲੇ ਸਬੰਧੀ ਪੈਦਾ ਹੋਣ ਵਾਲੀ ਸਥਿਤੀ ਤੋਂ ਕੇਂਦਰ, ਰਾਜ ਸਰਕਾਰ ਨੂੰ ਸੂਚਿਤ ਕਰੇਗਾ  ਪ੍ਰੰਤੂ ਕੇਂਦਰੀ ਗ੍ਰਹਿ ਮੰਤਰੀ ਨੇ ਉਸੇ ਹੀ ਦਿਨ ਦਿੱਲੀ ਵਿਚ ਗੋਰਖਾ ਜਨਸ਼ਕਤੀ ਮੋਰਚੇ ਦੇ ਲੀਡਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਗੱਲਬਾਤ ਲਈ ਕੇਂਦਰ ਨੇ ਰਾਜ ਸਰਕਾਰ ਦੀ ਕੋਈ ਸਲਾਹ ਨਹੀਂ ਲਈ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 30 ਸਾਲਾਂ ਤੋਂ ਦਾਰਜਲਿੰਗ ਦਾ ਵਿਕਾਸ ਰੁਕਿਆ ਹੋਇਆ ਹੈ ਤੇ ਵਿਕਾਸ ਲਈ ਲੋਕ ਉੱਥੇ ਸ਼ਾਂਤੀ ਦਾ ਮਾਹੌਲ ਚਾਹੁੰਦੇ ਹਨ।
ਇੱਥੇ ਇੱਕ ਸਮਾਰੋਹ ਵਿਚ ਤਕਰੀਰ ਕਰਦਿਆਂ ਮਮਤਾ ਬੈਨਰਜੀ ਨੇ ਕਿਹਾ ਕਿ ਸੀਪੀਐਮ ਦੇ 34 ਵਰ੍ਹਿਆਂ ਤੱਕ ਸ਼ਾਸਨਕਾਲ ਦੌਰਾਨ ਪੱਛਮੀ ਬੰਗਾਲ ਦਾ ਜੋ ਮਾਣ ਖਤਮ ਹੋ ਗਿਆ ਸੀ, ਉਸ ਨੂੰ ਤ੍ਰਿਣਾਮੂਲ ਕਾਂਗਰਸ ਨੇ ਬਹਾਲ ਕੀਤਾ ਹੈ। ਉਨ੍ਹਾਂ ਵਿਦਿਆ ਖੇਤਰ ਵਿਚ ਹੋਰ ਸੁਧਾਰ ਕਰਨ ਲਈ  ਵਿਦਿਅਕ ਮਿਸ਼ਨ ਬਣਾਉਣ ਦਾ ਵੀ ਐਲਾਨ ਕੀਤਾ। ਮੁੱਖ ਮੰਤਰੀ ਨੇ ਸਕੂਲਾਂ ’ਚ ਭਾਰ-ਰਹਿਤ ਸਿਲੇਬਸ ਲਾਗੂ ਕਰਨ ਉਪਰ ਜ਼ੋਰ ਦਿੱਤਾ। ਉਨ੍ਹਾਂ ਕਿਹਾ ਬੱਚਿਆਂ ਨੂੰ ਭਾਰ ਤੋਂ ਮੁਕਤ ਕਰਨ ਦੀ ਲੋੜ ਹੈ।

Facebook Comment
Project by : XtremeStudioz