Close
Menu

ਘੁਟਾਲਿਆਂ ‘ਚ ਲਿਪਤ ਮੰਤਰੀਆਂ ਨੂੰ ਬਚਾਉਣ ‘ਚ ਲੱਗੀ ਕਾਂਗਰਸ ਸਰਕਾਰ : ਹਰਸਿਮਰਤ ਬਾਦਲ

-- 21 September,2013

DSC01967

ਮਾਨਸਾ ,21 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਲੋਕ ਸਭਾ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਦਿੱਲੀ ਦੀ ਕਾਂਗਰਸ ਸਰਕਾਰ ਘੁਟਾਲਿਆਂ ‘ਚ ਲਿਪਤ ਮੰਤਰੀਆਂ ਨੂੰ ਬਚਾਉਣ ਵਿਚ ਲੱਗੀ ਹੋਈ ਹੈ, ਜਿਸ ਦੀ ਤਾਜ਼ਾ ਮਿਸਾਲ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਸੁਸ਼ੀਲ ਕੁਮਾਰ ਸ਼ਿੰਦੇ ਨੂੰ ਆਦਰਸ਼ ਹਾਊਸਿੰਗ ਸੁਸਾਇਟੀ ਘੁਟਾਲੇ ਵਿਚੋਂ ਸੀ.ਬੀ.ਆਈ. ਵਲੋਂ ਦਿੱਤੀ ਕਲੀਨ ਚਿੱਟ ਤੋਂ ਮਿਲਦੀ ਹੈ। ਉਨ੍ਹਾਂ ਕਿਹਾ ਕਿ ਰੇਲਵੇ ਘੁਟਾਲੇ ਵਿਚ ਵੀ ਰੇਲ ਮੰਤਰੀ ਸ਼੍ਰੀ ਪਵਨ ਬਾਂਸਲ, 2 ਜੀ ਸਪੈਕਟ੍ਰਮ ਘੁਟਾਲਾ, ਕਾਮਨ ਵੈਲਥ ਖੇਡਾਂ ਦਾ ਘੁਟਾਲਾ, ਕੋਇਲਾ ਅਤੇ ਹੈਲੀਕਾਪਟਰ ਘੁਟਾਲੇ ਕਰਨ ਵਾਲੇ ਮੰਤਰੀਆਂ ਨੂੰ ਵੀ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸੀ ਮੰਤਰੀ ਘੁਟਾਲਿਆਂ ਤੋਂ ਰੱਜ ਗਏ, ਤਾਂ ਕਾਂਗਰਸ ਸਰਕਾਰ ਵਲੋਂ ਇਨ੍ਹਾਂ ਨੂੰ ਬਚਾਉਣ ਲਈ ਹੱਥ ਪੈਰ ਮਾਰੇ ਜਾ ਰਹੇ ਹਨ, ਪਰ ਇਹ ਮੰਤਰੀ ਅਦਾਲਤ ਤੋਂ ਬਚਣਗੇ ਨਹੀਂ। ਉਨ੍ਹਾਂ ਕਿਹਾ ਕਿ ਭੋਲੀ-ਭਾਲੀ ਜਨਤਾ ਦੇ ਪੈਸਿਆਂ ਨੂੰ ਲੁੱਟ ਕੇ ਆਪਣੀਆਂ ਜੇਬਾਂ ਭਰਨ ਵਾਲੇ ਭ੍ਰਿਸ਼ਟਾਚਾਰੀ ਮੰਤਰੀਆਂ ਨੂੰ ਅਦਾਲਤ ਵਲੋਂ ਜੇਲ੍ਹ ਦੀ ਹਵਾ ਖੁਆਈ ਜਾਵੇਗੀ, ਭਾਵੇਂ ਇਨ੍ਹਾਂ ਨੂੰ ਬਚਾਉਣ ਲਈ ਦਿੱਲੀ ਸਰਕਾਰ ਜਿੰਨੇ ਮਰਜ਼ੀ ਹੱਥਕੰਡੇ ਵਰਤ ਲਵੇ। ਬੀਬੀ ਬਾਦਲ ਅੱਜ ਸਰਦੂਲਗੜ੍ਹ ਹਲਕੇ ਦੇ ਪਿੰਡਾਂ ਵਿਚ ਸੰਗਤ ਦਰਸ਼ਨ ਦੌਰਾਨ ਸੰਬੋਧਨ ਕਰ ਰਹੇ ਸਨ।

ਲੋਕ ਸਭਾ ਮੈਂਬਰ ਨੇ ਕਿਹਾ ਕਿ ਕਾਂਗਰਸ ਵਲੋਂ ਪੰਜਾਬ ਨਾਲ ਕੀਤਾ ਜਾਂਦਾ ਵਿਤਕਰਾ ਅੱਜ ਫਿਰ ਉਦੋਂ ਜੱਗ ਜਾਹਿਰ ਹੋ ਗਿਆ, ਜਦੋਂ ਕੇਂਦਰ ਦੇ ਵਾਤਾਵਰਣ ਮੰਤਰਾਲੇ ਨੇ ਪੰਜਾਬ ਦੀ ਸਨਅਤੀ ਨਗਰੀ ਲੁਧਿਆਣਾ ਵਿਚ ਕੋਈ ਵੀ ਨਵੀਂ ਸਨਅਤੀ ਇਕਾਈ ਲਾਏ ਜਾਣ ‘ਤੇ ਰੋਕ ਲਗਾ ਦਿੱਤੀ। ਉਨ੍ਹਾਂ ਕਿਹਾ ਕਿ ਇੱਥੇ ਹੀ ਬਸ ਨਹੀਂ ਪੰਜਾਬ ਦੇ ਕਾਂਗਰਸੀਆਂ ਵਲੋਂ ਗਰਭਵਤੀ ਔਰਤਾਂ ਦੀ ਸਹੂਲਤ ਲਈ ਚਲਾਈ ਗਈ 108 ਐਂਬੂਲੈਂਸ ਸੇਵਾ ਵੀ ਬੰਦ ਕਰਵਾਉਣ ਦੇ ਯਤਨ ਕੀਤੇ ਜਾ ਰਹੇ  ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮੈਂਬਰ ਪਾਰਲੀਮੈਂਟ ਬੀਬੀ ਸੰਤੋਸ਼ ਚੌਧਰੀ ਨੇ ਕੇਂਦਰ ਦੀ ਆਪਣੀ ਕਾਂਗਰਸ ਸਰਕਾਰ ਤੋਂ ਪੰਜਾਬ ਲਈ ਸਿਹਤ ਸਹੂਲਤਾਂ ਤਾਂ ਕੀ ਲਿਆਉਣੀਆਂ ਸਨ, ਉਲਟਾ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਦੀ ਐਂਬੂਲੈਂਸ ਉਪਰ ਫੋਟੋ ਨੂੰ ਮੁੱਦਾ ਬਣਾ ਕੇ ਜੱਚਾ ਅਤੇ ਬੱਚਾ ਦੀ ਰਖਵਾਲੀ ਲਈ ਦਿੱਤੀ ਹੋਈ ਸਹੂਲਤ ਵੀ ਖੋਹੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਸ਼ੀ੍ਰ ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਕਾਂਗਰਸੀ ਵਿਧਾਇਕਾਂ, ਮੰਤਰੀਆਂ ਨੂੰ ਇਕੱਠੇ ਹੋਕੇ ਪੰਜਾਬ ਨਾਲ ਹੋ ਰਹੇ ਧੱਕੇ ਬਾਰੇ ਆਪਣੀ ਕਾਂਗਰਸ ਸਰਕਾਰ ਕੋਲ ਆਵਾਜ਼ ਉਠਾਉਣੀ ਚਾਹੀਦੀ ਹੈ।

ਬੀਬੀ ਹਰਸਿਮਰਤ ਕੌਰ ਬਾਦਲ ਨੇ ਪਿੰਡ ਆਹਲੂਪੁਰ, ਲੋਹਗੜ੍ਹ, ਭਗਵਾਨਪੁਰ ਹੀਂਗਣਾ, ਮੀਰਪੁਰ ਕਲਾਂ, ਮੀਰਪੁਰ ਖੁਰਦ, ਕਾਹਨੇਵਾਲਾ, ਭੂੰਦੜ ਅਤੇ ਪਿੰਡ ਟਿੱਬੀ ਹਰੀ ਸਿੰਘ ਵਾਲਾ ਵਿਖੇ ਸੰਗਤ ਦਰਸ਼ਨ ਦੌਰਾਨ ਜਨਤਾ ਦੀਆਂ ਮੁਸ਼ਕਲਾਂ ਸੁਣੀਆਂ। ਉਨ੍ਹਾਂ ਮੁਸ਼ਕਲਾਂ ਦੇ ਤੁਰੰਤ ਨਿਪਟਾਰੇ ਲਈ ਜ਼ਿਲ੍ਹਾ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਵੀ ਕੀਤੀਆਂ। ਇਸ ਮੌਕੇ ਉਨ੍ਹਾਂ ਪਿੰਡਾਂ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ ਕਰੀਬ 80 ਲੱਖ ਰੁਪਏ ਦੀਆਂ ਗ੍ਰਾਂਟਾਂ ਵੀ ਜਾਰੀ ਕੀਤੀਆਂ ਅਤੇ ਨੌਜਵਾਨਾਂ ਨੂੰ ਖੇਡ ਕਿੱਟਾਂ ਵੀ ਵੰਡੀਆਂ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸਰਦੂਲਗੜ੍ਹ ਦੇ ਇੰਚਾਰਜ ਸ਼੍ਰੀ ਦਿਲਰਾਜ ਸਿੰਘ ਭੂੰਦੜ, ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਸ਼੍ਰੀ ਸੁਖਦੇਵ ਸਿੰਘ ਚੈਨੇਵਾਲਾ, ਬਲਾਕ ਸੰਮਤੀ ਚੇਅਰਮੈਨ ਸ਼੍ਰੀ ਹਰਮੇਸ਼ ਸਿੰਘ ਰੋੜਕੀ, ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਸ਼੍ਰੀ ਗੁਰਪ੍ਰੀਤ ਸਿੰਘ ਬਣਾਂਵਾਲੀ, ਐਮ.ਸੀ. ਸ਼੍ਰੀ ਬੌਬੀ ਜੈਨ ਅਤੇ ਅਕਾਲੀ ਆਗੂ ਸ਼੍ਰੀ ਚਰਨਜੀਤ ਸਿੰਘ ਮਾਨ ਤੋਂ ਇਲਾਵਾ ਹੋਰ ਵੀ ਸਖ਼ਸ਼ੀਅਤਾਂ ਹਾਜ਼ਰ ਸਨ।

ਪਿੰਡਾਂ ਵਿਚ ਜੁੜੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਮੈਂਬਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਹਮੇਸ਼ਾਂ ਪੰਜਾਬ ਦੇ ਹਰੇਕ ਵਰਗ ਦੀ ਬਾਂਹ ਫੜੀ ਹੈ, ਜਦਕਿ ਦੂਜੇ ਪਾਸੇ ਕੇਂਦਰ ਦੀ ਕਾਂਗਰਸ ਸਰਕਾਰ ਨੇ ਜਨਤਾ ‘ਤੇ ਮਹਿੰਗਾਈ ਦਾ ਵਾਧੂ ਬੋਝ ਪਾਇਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਖਜ਼ਾਨੇ ਵਿਚ ਯੋਗਦਾਨ ਪਾਉਣ ਵਾਲੇ ਪੰਜਾਬ ਨੂੰ ਬਣਦੇ ਹੱਕ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ ਅਤੇ ਪੰਜਾਬ ਦੇ ਪੈਸੇ ਨਾਲ ਦੂਸਰੇ ਸੂਬਿਆਂ ਦੀ ਤਰੱਕੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਕਾਂਗਰਸ ਸਰਕਾਰ ਦੀਆਂ ਮਾੜੀਆਂ ਨੀਤੀਆਂ ਸਦਕਾ ਹੀ ਦੇਸ਼ ਦੀ ਤਰੱਕੀ ਸਿਰਫ਼ 4 ਫੀਸਦੀ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਦੀ ਦਿੱਖ ਬਦਲਣ ਲਈ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਸ਼ੁੱਧ ਪਾਣੀ ਤੋਂ ਲੈ ਕੇ ਨਾਲਿਆਂ ਅਤੇ ਛੱਪੜਾਂ ਦੀ ਸਫਾਈ ਤੱਕ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਲਾਭਪਾਤਰੀ ਨੂੰ ਪੈਨਸ਼ਨਾਂ ਅਤੇ ਸ਼ਗਨ ਸਕੀਮ ਦੀ ਰਾਸ਼ੀ ਸਬੰਧੀ ਕੋਈ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤਾਂ ਮਾਨਸਾ ਵਿਖੇ ਬਣੇ ਉਨ੍ਹਾਂ ਦੇ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Facebook Comment
Project by : XtremeStudioz