Close
Menu

ਘੁਟਾਲੇ ਕਰਨ ਵਾਲਿਆਂ ਦੇ ਹੁਣ ਬੁਰੇ ਦਿਨ-ਮੋਦੀ

-- 26 May,2015

ਪ੍ਰਧਾਨ ਮੰਤਰੀ ਨੇ ਪੇਸ਼ ਕੀਤਾ ਇਕ ਸਾਲ ਦਾ ਰਿਪੋਰਟ ਕਾਰਡ

ਮਥੁਰਾ (ਉੱਤਰ ਪ੍ਰਦੇਸ਼)-ਕੌਮੀ ਜਮਹੂਰੀ ਗਠਜੋੜ (ਐਨ. ਡੀ. ਏ.) ਸਰਕਾਰ ਦੀ ਪਹਿਲੀ ਵਰ੍ਹੇਗੰਢ ਮਨਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਕ ਸਾਲ ਦਾ ਰਿਪੋਰਟ ਕਾਰਡ ਪੇਸ਼ ਕੀਤਾ ਜਿਸ ਵਿਚ ਉਨ੍ਹਾਂ ਇਸ ਕਾਰਜਕਾਲ ਨੂੰ ਭ੍ਰਿਸ਼ਟਾਚਾਰ ਅਤੇ ਘੁਟਾਲਿਆਂ ਤੋਂ ਮੁਕਤ ਹੋਣ ਦਾ ਦਾਅਵਾ ਕੀਤਾ ਪਰ ਕਿਹਾ ਕਿ ਉਨ੍ਹਾਂ ਲੋਕਾਂ ਦੀ ਬੁਰੇ ਦਿਨ ਆ ਗਏ ਹਨ ਜਿਨ੍ਹਾਂ ਆਪਣੇ 60 ਸਾਲ ਦੇ ਕਾਰਜਕਾਲ ਦੌਰਾਨ ਦੇਸ਼ ਨੂੰ ਲੁੱਟਿਆ ਹੈ। ਪਿਛਲੀ ਯੂ. ਪੀ. ਏ. ਸਰਕਾਰ ‘ਤੇ ਹਮਲਾ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਜੇਕਰ ਉਸ ਸਰਕਾਰ ਨੂੰ ਇਕ ਸਾਲ ਹੋਰ ਮਿਲ ਜਾਂਦਾ ਤਾਂ ਉਹ ਦੇਸ਼ ਨੂੰ ਡੋਬ ਦਿੰਦੀ ਅਤੇ ਹੁਣ ਕਿਸੇ ਰਾਜਸੀ ਨੇਤਾ ਦੇ ਦਾਮਾਦ ਜਾਂ ਪੁੱਤਰ ਦੀ ਸ਼ਮੂਲੀਅਤ ਵਾਲੇ ਘੁਟਾਲਿਆਂ ਦੀ ਕੋਈ ਕਥਾ ਕਹਾਣੀ ਸਾਹਮਣੇ ਨਹੀਂ ਆਉਂਦੀ। ਉਨ੍ਹਾਂ ਕਿਹਾ ਕਿ ਕੁਝ ਲੋਕ ਅੱਜ ਕਲ੍ਹ ਜ਼ਰੂਰ ਮੁਸ਼ਕਿਲ ‘ਚ ਫਸੇ ਹੋਏ ਹਨ। ਉਨ੍ਹਾਂ ਦੀ ਮੁਸ਼ਕਿਲ ਬਾਰੇ ਅਸਲੀਅਤ ਇਹ ਹੈ ਕਿ ਸਾਰੇ ਲੋਕਾਂ ਦੇ ਅੱਛੇ ਦਿਨ ਆ ਗਏ ਹਨ ਪਰ ਉਨ੍ਹਾਂ ਲਈ ਬੁਰੇ ਦਿਨ ਹਨ। ਉਹ ਚਿਲਾ ਰਹੇ ਹਨ ਕਿਉਂਕਿ ਦਿੱਲੀ ਦੇ ਰਾਜਸੀ ਗਲਿਆਰਿਆਂ ਵਿਚ ਪਿਛਲੇ 60 ਸਾਲ ਕੇਵਲ ਉਨ੍ਹਾਂ ਦੀ ਹੀ ਸੁਣੀ ਜਾਂਦੀ ਰਹੀ ਅਤੇ ਉਹ ਆਪਣੀ ਮਰਜ਼ੀ ਨਾਲ ਦੇਸ਼ ਨੂੰ ਚਲਾਉਂਦੇ ਰਹੇ ਹਨ। ਭਾਜਪਾ ਦੇ ਵਿਚਾਰਧਾਰਕ ਦੀਨ ਦਿਆਲ ਉਪਧਿਆਏ ਦੀ ਜਨਮ ਸਥਾਨ ਵਿਖੇ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਸਾਲਾਂ ਬੱਧੀ ਦੇਸ਼ ਨੂੰ ਲੁੱਟਿਆ ਹੈ ਉਨ੍ਹਾਂ ਲਈ ਉਹ ਚੰਗੇ ਦਿਨਾਂ ਦੀ ਗਰੰਟੀ ਨਹੀਂ ਦੇ ਸਕਦੇ। ਅਸੀਂ ਦੇਸ਼ ਨੂੰ ਇਸ ਤਰੀਕੇ ਨਾਲ ਚਲਾਵਾਂਗੇ ਜਿਸ ਨਾਲ ਉਨ੍ਹਾਂ ਲਈ ਹੋਰ ਬੁਰੇ ਦਿਨ ਆਉਣ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਵਧਣ। ਹੁਣ ਤੁਹਾਡਾ ਕੋਈ ਵੀ ਪੈਸਾ ਨਹੀਂ ਲੁੱਟ ਸਕਦਾ। ਐਨ. ਡੀ. ਏ. ਸਰਕਾਰ ਦੇ ਇਕ ਸਾਲ ਪੂਰਾ ਹੋਣ ‘ਤੇ ਭਾਜਪਾ ਨੇ ਲੱਗਭੱਗ 200 ਰੈਲੀਆਂ ਕਰਨ ਦੀ ਯੋਜਨਾ ਬਣਾਈ ਹੈ। ਸ੍ਰੀ ਮੋਦੀ ਜਿਨ੍ਹਾਂ ਆਪਣੇ ਇਕ ਘੰਟੇ ਦੇ ਭਾਸ਼ਣ ਦੌਰਾਨ ਕਿਸਾਨ ਪੱਖੀ ਅਤੇ ਗਰੀਬ ਪੱਖੀ ਹੋਣ ‘ਤੇ ਡਾਢਾ ਜ਼ੋਰ ਦਿੱਤਾ ਨੇ ਵਿਵਾਦਪੂਰਣ ਜ਼ਮੀਨ ਪ੍ਰਾਪਤੀ ਬਿੱਲ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਜਿਸ ਕਾਰਨ ਉਨ੍ਹਾਂ ਦੀ ਸਰਕਾਰ ਵਿਰੋਧੀ ਧਿਰ ਦੇ ਸਖਤ ਵਿਰੋਧ ਦਾ ਸਾਹਮਣਾ ਕਰ ਰਹੀ ਹੈ।

Facebook Comment
Project by : XtremeStudioz