Close
Menu

ਚਾਰਲੀ ਐਂਗਸ ਐਨਡੀਪੀ ਲੀਡਰਸਿ਼ਪ ਦੌੜ ਵਿੱਚ ਸ਼ਾਮਲ

-- 27 February,2017

ਓਟਵਾ,  ਓਨਟਾਰੀਓ ਤੋਂ ਐਮਪੀ ਚਾਰਲੀ ਐਂਗਸ ਐਤਵਾਰ ਨੂੰ ਰਸਮੀ ਤੌਰ ਉੱਤੇ ਐਨਡੀਪੀ ਲੀਡਰਸਿ਼ਪ ਦੌੜ ਵਿੱਚ ਸ਼ਾਮਲ ਹੋ ਗਏ। ਇਹ ਮੁਕਾਬਲੇਬਾਜ਼ੀ ਦੀ ਦੌੜ ਅਗਲੇ ਮਹੀਨੇ ਓਟਵਾ ਵਿੱਚ ਹੋਣ ਜਾ ਰਹੀ ਬਹਿਸ ਨਾਲ ਹੋਰ ਤੇਜ਼ ਹੋਣ ਵਾਲੀ ਹੈ।
ਦ ਕੈਨੇਡੀਅਨ ਪ੍ਰੈੱਸ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਐਂਗਸ ਨੇ ਆਖਿਆ ਕਿ ਐਨਡੀਪੀ ਦੀ ਲੀਡਰਸਿ਼ਪ ਦੀ ਦੌੜ ਅਸਲ ਵਿੱਚ ਪਾਰਟੀ ਵਿੱਚ ਨਵਾਂ ਸਾਹ-ਸੱਤ ਫੂਕਣ ਲਈ ਹੈ। 2015 ਵਿੱਚ ਹੋਈਆਂ ਫੈਡਰਲ ਚੋਣਾਂ ਵਿੱਚ ਸਾਡੀ ਪਾਰਟੀ ਤੀਜੀ ਧਿਰ ਵਜੋਂ ਸੁੰਗੜ ਕੇ ਰਹਿ ਗਈ ਹੈ ਤੇ ਇਸ ਨੂੰ ਆਪਣਾ ਅਸਲੀ ਦਰਜਾ ਹਾਸਲ ਕਰਨ ਲਈ ਕਾਫੀ ਸੰਘਰਸ਼ ਕਰਨਾ ਪੈ ਰਿਹਾ ਹੈ।
ਉਨ੍ਹਾਂ ਆਖਿਆ ਕਿ ਉਹ ਇਸ ਪ੍ਰਕਿਰਿਆ ਦੌਰਾਨ ਲੋਕਾਂ ਨਾਲ ਨਵੇਂ ਸਿਰੇ ਤੋਂ ਮੁਲਾਕਾਤ ਕਰਕੇ, ਉਨ੍ਹਾਂ ਨਾਲ ਨਵੇਂ ਸਿਰੇ ਤੋਂ ਰਿਸ਼ਤੇ ਉਸਾਰ ਕੇ ਤੇ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਅੱਗੇ ਵੱਧਣਾ ਚਾਹੁਣਗੇ। ਉੱਤਰੀ ਓਨਟਾਰੀਓ ਤੋਂ ਐਮਪੀ ਐਂਗਸ ਪਹਿਲੀ ਵਾਰੀ 2004 ਵਿੱਚ ਚੁਣੇ ਗਏ ਸਨ। ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਸਿਆਸਤ ਹਮੇਸ਼ਾਂ ਕਮਿਊਨਿਟੀ ਦੇ ਪੱਧਰ ਉੱਤੇ ਜੁੜੀ ਹੋਈ ਹੈ ਤੇ ਉਹ ਹਮੇਸ਼ਾਂ ਸੱਚ ਬੋਲਣ ਦੀ ਹੀ ਕੋਸਿ਼ਸ਼ ਕਰਦੇ ਹਨ। ਇਸੇ ਤਰ੍ਹਾਂ ਹੀ ਤੁਸੀਂ ਮੈਂਬਰ ਬਣਾ ਸਕਦੇ ਹੋਂ, ਲੋਕਾਂ ਨੂੰ ਡੋਨੇਟ ਕਰਨ ਲਈ ਰਾਜ਼ੀ ਕਰ ਸਕਦੇ ਹੋਂ ਤੇ ਸੱਭ ਤੋਂ ਵੱਡੀ ਗੱਲ ਲੋਕਾਂ ਨੂੰ ਆਪਣੇ ਨਾਲ ਜੋੜ ਸਕਦੇ ਹੋਂ।
ਇਸ ਸਮੇਂ ਜਦੋਂ ਪਾਰਟੀ ਦਾ ਖਜ਼ਾਨਾ ਬਿਲਕੁਲ ਖਾਲੀ ਹੈ ਤਾਂ ਪਾਰਟੀ ਲਈ ਸੱਭ ਤੋਂ ਵੱਡੀ ਚੁਣੌਤੀ 2019 ਵਿੱਚ ਹੋਣ ਵਾਲੀਆਂ ਚੋਣਾਂ ਲਈ ਆਪਣੀ ਫੰਡਰੇਜਿ਼ੰਗ ਸਮਰੱਥਾ ਨੂੰ ਵਧਾਉਣਾ ਹੈ। ਇਸ ਤੋਂ ਇਲਾਵਾ ਪਿਛਲੀਆਂ ਚੋਣਾਂ ਵਿੱਚ ਲਿਬਰਲਾਂ ਨੂੰ ਵੋਟ ਪਾਉਣ ਵਾਲੇ ਪ੍ਰੋਗਰੈਸਿਵਜ਼ ਦਾ ਸਮਰਥਨ ਵਾਪਿਸ ਹਾਸਲ ਕਰਨਾ ਵੀ ਐਨਡੀਪੀ ਲਈ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੋਣ ਵਾਲਾ। ਐਂਗਸ ਨੇ ਬੜੇ ਹੀ ਸਾਫ ਲਫਜ਼ਾਂ ਵਿੱਚ ਆਖਿਆ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੋਲ ਮੱਧਵਰਗ ਦੀ ਓਨੀ ਸਮਝ ਨਹੀਂ ਹੈ ਜਿੰਨੀ ਉਨ੍ਹਾਂ ਨੂੰ ਹੈ। ਉਨ੍ਹਾਂ ਆਖਿਆ ਕਿ ਉਹ ਅਜੇ ਵੀ ਅਜਿਹੇ ਲੋਕਾਂ ਨੂੰ ਜਾਣਦੇ ਹਨ ਜਿਹੜੇ ਘੰਟੇ ਦੇ 12 ਡਾਲਰ ਕਮਾਉਂਦੇ ਹਨ ਤੇ ਆਪਣੇ ਪਰਿਵਾਰਾਂ ਦਾ ਸਹੀ ਢੰਗ ਨਾਲ ਪਾਲਨ ਪੋਸ਼ਣ ਨਹੀਂ ਕਰ ਸਕਦੇ।
ਐਂਗਸ ਨੂੰ ਮੂਲਵਾਸੀ ਲੋਕਾਂ ਦੀ ਪੈਰਵੀ ਕਰਨ ਵਾਲੇ ਵਜੋਂ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਤੋਂ ਇਲਾਵਾ ਬੀਸੀ ਤੋਂ ਐਮਪੀ ਪੀਟਰ ਜੂਲੀਅਨ ਵੀ ਐਨਡੀਪੀ ਦੀ ਲੀਡਰਸਿ਼ਪ ਦੌੜ ਵਿੱਚ ਹਿੱਸਾ ਲੈਣ ਲਈ ਆਪਣਾ ਨਾਂ ਦਰਜ ਕਰਵਾ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ ਕਿਊਬਿਕ ਤੋਂ ਐਮਪੀ ਗਾਇ ਕੈਰਨ ਵੱਲੋਂ ਸੋਮਵਾਰ ਨੂੰ ਇਸ ਮੁਕਾਬਲੇ ਵਿੱਚ ਨਿੱਤਰਣ ਦੀ ਆਸ ਹੈ। ਇਨ੍ਹਾਂ ਦੇ ਨਾਲ ਹੀ ਮੈਨੀਟੋਬਾ ਤੋਂ ਐਮਪੀ ਨਿੱਕੀ ਐਸ਼ਟਨ ਤੇ ਡਿਪਟੀ ਓਨਟਾਰੀਓ ਐਨਡੀਪੀ ਆਗੂ ਜਗਮੀਤ ਸਿੰਘ ਵੀ ਇਸ ਦੌੜ ਵਿੱਚ ਸ਼ਾਮਲ ਹੋਣ ਲਈ ਆਪਣੇ ਪਰ ਤੋਲ ਰਹੇ ਹਨ। ਪਹਿਲੀ ਲੀਡਰਸਿ਼ਪ ਬਹਿਸ 12 ਮਾਰਚ ਨੂੰ ਹੋਵੇਗੀ ਤੇ ਵੋਟਿੰਗ ਅਕਤੂਬਰ ਵਿੱਚ ਹੋਵੇਗੀ।

Facebook Comment
Project by : XtremeStudioz