Close
Menu

ਚੀਨ ਨੂੰ ਅਮਰੀਕਾ ਦਾ ਵੱਡਾ ਝਟਕਾ, ਚੀਨੀ ਸਮਾਨ ‘ਤੇ ਲੱਗੇਗਾ 14 ਲੱਖ ਕਰੋੜ ਰੁਪਏ ਦਾ ਟੈਕਸ

-- 18 September,2018

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਚੀਨ ਦੇ ਖਿਲਾਫ ਛੇੜੀ ਗਈ ਕਾਰੋਬਾਰੀ ਜੰਗ ਵਧਦੀ ਜਾ ਰਹੀ ਹੈ। ਹੁਣ ਟਰੰਪ ਪ੍ਰਸ਼ਾਸਨ ਚੀਨ ਦੇ ਉਤਪਾਦਾਂ ‘ਤੇ 200 ਅਰਬ ਡਾਲਰ (ਕਰੀਬ 14.42 ਲੱਖ ਕਰੋੜ ਰੁਪਏ) ਦਾ ਟੈਕਸ ਲਗਾਉਣ ਦੀ ਤਿਆਰੀ ‘ਚ ਹੈ। ‘ਦ ਵਾਲ ਸਟ੍ਰੀਟ ਜਨਰਲ’ ਦੀ ਰਿਪੋਰਟ ਮੁਤਾਬਕ, ਟੈਕਸ ਵਿਵਾਦ ਨੂੰ ਲੈ ਦੋਵਾਂ ਦੇਸ਼ਾਂ ‘ਚ ਮੁੜ ਤੋਂ ਨਵੇਂ ਪੱਧਰ ‘ਤੇ ਗੱਲਬਾਤ ਹੋ ਸਕਦੀ ਹੈ। ਪਿਛਲੇ ਹਫਤੇ ਟਰੰਪ ਨੇ ਕਿਹਾ ਸੀ ਕਿ ਇਸ ਤਰ੍ਹਾਂ ਦਾ ਕਦਮ ਬਹੁਤ ਛੇਤੀ ਚੁੱਕਿਆ ਜਾ ਸਕਦਾ ਹੈ। ਆਰਥਿਕ ਮਾਮਲਿਆਂ ‘ਤੇ ਨਜ਼ਰ ਰੱਖਣ ਵਾਲੇ ਸੂਤਰ ਮੁਤਾਬਕ, ਟੈਕਸ ਕਰੀਬ 10 ਫੀਸਦੀ ਹੋ ਸਕਦਾ ਹੈ। ਹਾਲਾਂਕਿ ਇਸ ਸਾਲ ਦੇ ਸ਼ੁਰੂ ‘ਚ ਇਹ 25 ਫੀਸਦੀ ਕਿਹਾ ਗਿਆ ਸੀ। ਚੀਨ ਤੇ ਅਮਰੀਕਾ ਨੇ ਪਹਿਲਾਂ ਹੀ 50 ਅਰਬ ਡਾਲਰ ਦਾ ਟੈਕਸ ਇਕ-ਦੂਜੇ ਦੇ ਉਤਪਾਦਾਂ ‘ਤੇ ਲਗਾ ਦਿੱਤਾ ਹੈ।

ਚੀਨ ਨੇ 60 ਅਰਬ ਡਾਲਰ ਦਾ ਟੈਕਸ ਹੋਰ ਅਮਰੀਕੀ ਉਤਪਾਦਾਂ ‘ਤੇ ਲਗਾਇਆ ਹੈ। ਇਸ ਦੀ ਨਵੀਂ ਸੂਚੀ ਵੀ ਜਾਰੀ ਕੀਤੀ ਗਈ ਹੈ। ਟਰੰਪ ਪ੍ਰਸ਼ਾਸਨ ਦੀ ਨਵੀਂ ਟੈਕਸ ਯੋਜਨਾ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਕਾਰੋਬਾਰੀ ਜੰਗ ਅਗਲੇ ਪੱਧਰ ‘ਤੇ ਪੁੱਜਣ ਦੀ ਸੰਭਾਵਨਾ ਵਧ ਗਈ ਹੈ। ਵਾਈਟ ਹਾਊਸ ਦੇ ਬੁਲਾਰੇ ਵਾਲਟਰਸ ਨੇ ਟੈਕਸ ਐਲਾਨ ਨੂੰ ਲੈ ਕੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ।

ਵਾਲਟਰ ਮੁਤਾਬਕ ਟਰੰਪ ਸਪੱਸ਼ਟ ਹਨ ਕਿ ਅਮਰੀਕੀ ਪ੍ਰਸ਼ਾਸਨ ਚੀਨ ਦੇ ਵਪਾਰ ਦੇ ਗਲਤ ਤਰੀਕਿਆਂ ਨੂੰ ਰੋਕਣ ਲਈ ਉਸ ਦੇ ਉਤਪਾਦਾਂ ‘ਤੇ ਸਖਤ ਟੈਕਸ ਲਾਵੇਗਾ। ਚੀਨ ਨੂੰ ਵਾਰ-ਵਾਰ ਅਪੀਲ ਕੀਤੀ ਜਾਂਦੀ ਰਹੀ ਹੈ ਕਿ ਉਹ ਅਮਰੀਕਾ ਨਾਲ ਲੰਬੇ ਸਮੇਂ ਤੋਂ ਚੱਲ ਰਹੇ ਇਸ ਮੁੱਦੇ ਦਾ ਹੱਲ ਕੱਢਣ ਦੀ ਪਹਿਲ ਕਰੇ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਵੀ ਅਮਰੀਕਾ ਦੇ ਨਾਲ ਇਸ ਮੁੱਦੇ ‘ਤੇ ਗੱਲਬਾਤ ਲਈ ਸਹਿਮਤੀ ਜਤਾਈ ਹੈ। ਪਿਛਲੀ ਵਾਰ 22 ਅਗਸਤ ਨੂੰ ਦੋਵਾਂ ਦੇਸ਼ਾਂ ਦੇ ਰਾਜਦੂਤ ਇਸ ਮੁੱਦੇ ‘ਤੇ ਮਿਲੇ ਸਨ ਪਰ ਕੋਈ ਨਤੀਜਾ ਨਹੀਂ ਨਿਕਲ ਸਕਿਆ।

Facebook Comment
Project by : XtremeStudioz