Close
Menu

ਚੀਨ ਨੂੰ ਇਕ ਇੰਚ ਭੂਮੀ ਵੀ ਨਹੀਂ ਖੋਹਣ ਦਿਆਂਗੇ

-- 07 September,2013

A.K.ANOTNY(CHIEF MINISTER OF KERLA)

ਨਵੀਂ ਦਿੱਲੀ, 7 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਚੀਨ ਸਬੰਧੀ ਆਪਣੀ ਨੀਤੀ ਲਈ ਵਿਰੋਧੀ ਧਿਰ ਦੇ ਜ਼ੋਰਦਾਰ ਹਮਲੇ ਦਾ ਸਾਹਮਣਾ ਕਰ ਰਹੀ ਕੇਂਦਰ ਸਰਕਾਰ ਨੇ ਅੱਜ ਸੰਸਦ ਵਿਚ ਦਾਅਵਾ ਕੀਤਾ ਕਿ ਭਾਰਤ ਵੱਲੋਂ ਅਸਲ ਕੰਟਰੋਲ ਰੇਖਾ (ਐਲਏਸੀ) ਉੱਤੇ ਸਮਰੱਥਾਵਾਂ ਵਿਚ ਤੇਜ਼ੀ ਨਾਲ ਵਾਧਾ ਕੀਤੇ ਜਾਣ ਕਾਰਨ ਚੀਨ ਦੇ ਦਿਲ ਵਿਚ ‘ਡਰ’ ਪੈਦਾ ਹੋਣ ਕਰਕੇ ਕਈ ਵਾਰ ਦੋਵਾਂ ਮੁਲਕਾਂ ਦੀਆਂ ਫੌਜਾਂ ਦਰਮਿਆਨ ਟਕਰਾਅ ਵਾਲੇ ਹਾਲਾਤ ਬਣ ਜਾਂਦੇ ਹਨ। ਸਰਕਾਰ ਨੇ ਕਿਹਾ ਕਿ ਚੀਨ ਨੂੰ ਡਰ ਹੈ ਕਿ ਕਿਤੇ ਭਾਰਤ ਉਸ ਦੇ ਬਰਾਬਰ ਨਾ ਖੜ੍ਹਾ ਹੋ ਜਾਵੇ।
ਇਹ ਗੱਲ ਅੱਜ ਇਸ ਮੁੱਦੇ ਉੱਤੇ ਸੰਸਦ ਦੇ ਦੋਵੇਂ ਸਦਨਾਂ ਵਿਚ ਜ਼ੋਰਦਾਰ ਹੰਗਾਮਾ ਹੋਣ ਤੋਂ ਬਾਅਦ ਰੱਖਿਆ  ਮੰਤਰੀ ਏ. ਕੇ.  ਐਂਟਨੀ ਨੇ ਲੋਕ ਸਭਾ ਤੇ ਰਾਜ ਸਭਾ ਵਿਚ ਆਪਣੇ ਬਿਆਨਾਂ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਭਾਰਤ ਦਾ ਕੋਈ ਹਿੱਸਾ ਚੀਨ ਨੂੰ ਛੱਡੇ ਜਾਣ ਦਾ  ਸਵਾਲ ਹੀ ਪੈਦਾ ਨਹੀਂ ਹੁੰਦਾ। ਉਂਜ ਉਨ੍ਹਾਂ ਮੰਨਿਆ ਕਿ ਸਰਹੱਦੀ ਬੁਨਿਆਦੀ ਢਾਂਚਾ ਉਸਾਰਨ ਦੇ ਮਾਮਲੇ ਵਿਚ  ਭਾਰਤ ਨਾਲੋਂ ਚੀਨ ਦਾ ‘ਹੱਥ ਉਚਾ’ ਹੈ ਕਿਉਂਕਿ ਭਾਰਤ ਨੇ ਸਰਹੱਦ ਤੇ ਐਲ ਏ ਸੀ ਉੱਤੇ ਸੜਕਾਂ ਆਦਿ  ਦੀ ਉਸਾਰੀ ਦਾ ਫੈਸਲਾ ਲੈਣ ਵਿਚ ਦੇਰ ਕਰ ਦਿੱਤੀ।
ਚੀਨ ਵੱਲੋਂ ਲੱਦਾਖ ਵਿਚ ਭਾਰਤੀ ਜ਼ਮੀਨ ਹਥਿਆਏ ਜਾਣ ਦੇ ਮੁੱਦੇ ਉਤੇ ਲੋਕ ਸਭਾ ਵਿਚ ਅੱਜ ਜ਼ੋਰਦਾਰ ਹੰਗਾਮਾ ਹੋਇਆ ਤੇ ਦੂਜੇ ਪਾਸੇ ਰੱਖਿਆ ਮੰਤਰੀ ਏ.ਕੇ. ਐਂਟਨੀ ਨੇ ਅਜਿਹੀਆਂ ਰਿਪੋਰਟਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਦੇਸ਼ ਦਾ ਕੋਈ ਹਿੱਸਾ ਚੀਨ ਨੂੰ ਸੌਂਪਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਕੌਮੀ ਸਲਾਮਤੀ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ।ਲੋਕ ਸਭਾ ਵਿਚ ਵਿਰੋਧੀ ਧਿਰ ਭਾਜਪਾ ਅਤੇ ਯੂਪੀਏ ਦੀ ਭਾਈਵਾਲ ਸਮਾਜਵਾਦੀ ਪਾਰਟੀ ਦੇ ਮੈਂਬਰਾਂ ਨੇ ਸਰਕਾਰ ਉਤੇ ਜ਼ੋਰਦਾਰ ਹੱਲਾ ਬੋਲਿਆ ਜਿਸ ਕਾਰਨ ਸ੍ਰੀ ਐਂਟਨੀ ਨੂੰ ਇਹ ਬਿਆਨ ਦੇਣਾ ਪਿਆ। ਮੈਂਬਰਾਂ ਦਾ ਕਹਿਣਾ ਸੀ ਕਿ ਸਰਕਾਰ ਦੀ ਇਕ ਉੱਚ-ਪੱਧਰੀ ਕਮੇਟੀ ਨੇ ਰਿਪੋਰਟ ਦਿੱਤੀ ਹੈ ਕਿ ਚੀਨ ਨੇ ਭਾਰਤ ਦੇ 640 ਵਰਗ ਕਿਲੋਮੀਟਰ ਇਲਾਕੇ ਉਤੇ ਕਬਜ਼ਾ ਕਰ ਲਿਆ ਹੈ। ਉਹ ਸ੍ਰੀ ਐਂਟਨੀ ਦੇ ਬਿਆਨ ਤੋਂ ਵੀ ਸੰਤੁਸ਼ਟ ਨਾ ਹੋਏ ਤੇ ਸਪਾ ਦੇ ਮੈਂਬਰਾਂ ਨੇ ਤਾਂ ਸਪੀਕਰ ਦੇ ਆਸਣ ਅੱਗੇ ਆ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਉਤੇ ਸਪੀਕਰ ਮੀਰਾ ਕੁਮਾਰ ਨੇ ਇਕ ਘੰਟੇ ਲਈ ਸਦਨ ਉਠਾ ਦਿੱਤਾ। ਸ੍ਰੀ ਐਂਟਨੀ ਨੇ ਕਿਹਾ ਕਿ ਕੌਮੀ ਸੁਰੱਖਿਆ ਸਲਾਹਕਾਰ ਬੋਰਡ ਦੇ ਚੇਅਰਮੈਨ ਸ਼ਿਆਮ ਸਰਨ 2 ਤੋਂ 9 ਅਗਸਤ ਨੂੰ ਲੱਦਾਖ ਦੇ ਦੌਰੇ ਉਤੇ ਗਏ ਸਨ। ਉਨ੍ਹਾਂ ਇਸ ਪਿੱਛੋਂ ਉਥੇ ਸਰਹੱਦੀ ਬੁਨਿਆਦੀ ਢਾਂਚੇ ਬਾਰੇ ਰਿਪੋਰਟ ਸਰਕਾਰ ਨੂੰ ਪੇਸ਼ ਕੀਤੀ ਹੈ। ਰੱਖਿਆ ਮੰਤਰੀ ਨੇ ਕਿਹਾ, ‘‘ਮੈਂ ਸਾਫ ਤੌਰ ’ਤੇ ਕਹਿੰਦਾ ਹਾਂ ਕਿ ਸ੍ਰੀ ਸਰਨ ਨੇ ਅਜਿਹੀ ਕੋਈ ਰਿਪੋਰਟ ਨਹੀਂ ਦਿੱਤੀ ਕਿ ਚੀਨ ਨੇ ਭਾਰਤ ਦਾ ਕੋਈ ਹਿੱਸਾ ਕਬਜ਼ਾਇਆ ਹੈ ਜਾਂ ਭਾਰਤ ਨੂੰ ਭਾਰਤੀ ਇਲਾਕੇ ਵਿਚ ਹੀ ਜਾਣ ਤੋਂ ਰੋਕਿਆ ਹੈ। ਮੈਂ ਸਦਨ ਨੂੰ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਭਾਰਤ ਵੱਲੋਂ ਆਪਣਾ ਕੋਈ ਹਿੱਸਾ ਚੀਨ ਨੂੰ ਛੱਡੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ‘ਭਾਰਤ ਦੀ ਸੁਰੱਖਿਆ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਹਨ ਤੇ ਕੌਮੀ ਹਿੱਤ ਲਈ ਅਜਿਹਾ ਕਰਨਾ ਅੱਗੋਂ ਵੀ ਜਾਰੀ ਰੱਖੇਗਾ।’ ਉਨ੍ਹਾਂ ਕਿਹਾ ਕਿ ਸ੍ਰੀ ਸਰਨ ਦੀ ਰਿਪੋਰਟ ਵਿਚ ਸਰਹੱਦੀ ਬੁਨਿਆਦੀ ਢਾਂਚੇ ਵੱਲ ਹੀ ਮੁੱਖ ਧਿਆਨ ਦਿੱਤਾ ਗਿਆ ਹੈ ਤੇ ਲੱਦਾਖ ਵਿਚ ਹਵਾਈ ਸੇਵਾਵਾਂ ਵਧਾਉਣ ਉਤੇ ਵੀ ਜ਼ੋਰ ਦਿੱਤਾ ਗਿਆ ਹੈ। ਸ੍ਰੀ ਐਂਟਨੀ ਦੇ ਬਿਆਨ ਤੋਂ ਬਾਅਦ ਭਾਜਪਾ ਤੇ ਸਪਾ ਦੇ ਮੈਂਬਰਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉਨ੍ਹਾਂ ਬਿਆਨ ਨੂੰ ‘ਗਲਤ ਕਰਾਰ’ ਦਿੱਤਾ।
ਇਸ ਤੋਂ ਪਹਿਲਾਂ ਭਾਜਪਾ ਦੇ ਯਸ਼ਵੰਤ ਸਿਨਹਾ ਨੇ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ ਤੇ ਰੱਖਿਆ ਮੰਤਰੀ ਨੂੰ ਇਸ ਬਾਰੇ ਬਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ਮੈਂ ਬੀਤੇ 14 ਸਾਲਾਂ ਤੋਂ ਸੰਸਦ ਦੇ ਅੰਦਰ ਅਤੇ ਬਾਹਰ ਆਖ ਰਿਹਾ ਹਾਂ ਕਿ ਚੀਨ ਵੱਲੋਂ ਭਾਰਤ ਉਤੇ ਹਮਲਾ ਕੀਤਾ ਜਾਵੇਗਾ। ਚੀਨ ਨੇ (ਪੰਡਤ ਜਵਾਹਰ ਲਾਲ) ਨਹਿਰੂ ਨਾਲ ਧੋਖਾ ਕੀਤਾ ਸੀ ਤੇ ਇਸੇ ਸਦਮੇ ਕਾਰਨ ਉਨ੍ਹਾਂ ਦੀ ਮੌਤ ਹੋਈ ਸੀ।’’ ਸਪਾ ਮੁਖੀ ਮੁਲਾਇਮ ਸਿੰਘ ਯਾਦਵ ਨੇ ਵੀ ਕਿਹਾ ਕਿ ਸਰਕਾਰ ਨੂੰ ਸੱਤਾ ਵਿਚ ਰਹਿਣ ਦਾ ਕੋਈ ਹੱਕ ਨਹੀਂ ਹੈ।
ਸਦਨ ਦੁਬਾਰਾ ਜੁੜਨ ਉਤੇ ਵੀ ਭਾਜਪਾ ਤੇ ਸਪਾ ਮੈਂਬਰਾਂ ਨੇ ਹੰਗਾਮਾ ਜਾਰੀ ਰੱਖਿਆ। ਸ੍ਰੀ ਸਿਨਹਾ ਨੇ ਕੁਝ ਕਹਿਣਾ ਚਾਹਿਆ ਪਰ ਸਪੀਕਰ ਨੇ ਇਸ ਦੀ ਇਜਾਜ਼ਤ ਨਾ ਦਿੱਤੀ ਤੇ ਸ਼ੋਰ-ਸ਼ਰਾਬੇ ਕਾਰਨ ਸਦਨ ਮੁੜ ਤਿੰਨ ਵਜੇ ਤਕ ਉਠਾ ਦਿੱਤਾ ਗਿਆ।

Facebook Comment
Project by : XtremeStudioz