Close
Menu

ਚੀਨ ਨੇ ਅਮਰੀਕਾ ਨਾਲ ਨਾਰਾਜ਼ਗੀ ਜਤਾਈ

-- 30 November,2018

ਪੇਈਚਿੰਗ, 30 ਨਵੰਬਰ
ਅਮਰੀਕਾ ਵੱਲੋਂ ਵਿਵਾਦਤ ਦੱਖਣੀ ਚੀਨ ਸਾਗਰ ਵਿੱਚ ਜੰਗੀ ਬੇੜੇ ਭੇਜੇ ਜਾਣ ’ਤੇ ਚੀਨ ਨੇ ਸਖ਼ਤ ਨਾਰਾਜ਼ਗੀ ਦਾ ਪ੍ਰਗਟਾਵਾ ਕੀਤਾ ਹੈ। ਅਮਰੀਕਾ ਅਤੇ ਇਸ ਦੇ ਸਹਿਯੋਗੀ ਪਿਛਲੇ ਕੁਝ ਸਮੇਂ ਤੋਂ ਇਸ ਇਲਾਕੇ ਵਿੱਚ ਆਪਣੇ ਜਹਾਜ਼ ਤੇ ਜੰਗੀ ਬੇੜੇ ਭੇਜਦੇ ਰਹੇ ਹਨ, ਜਦਕਿ ਚੀਨ ਇਸ ਨੂੰ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਮੰਨਦਾ ਰਿਹਾ ਹੈ। ਪੀਪਲਜ਼ ਲਿਬਰੇਸ਼ਨ ਆਰਮੀ ਸਾਊਥਰਨ ਥੀਏਟਰ ਦੇ ਬੁਲਾਰੇ ਲੀ ਹੂਆਮਿਨ ਨੇ ਬਿਆਨ ਦਿੱਤਾ ਕਿ ਸੋਮਵਾਰ ਨੂੰ ਅਮਰੀਕਾ ਨੇ ਪੈਰਾਸਲ ਟਾਪੂ ਵਿਚ ਮਿਜ਼ਾਈਲਾਂ ਤਬਾਹ ਕਰਨ ਵਾਲਾ ਇੱਕ ਬੇੜਾ ਭੇਜਿਆ ਹੈ।
ਇਸ ਦੌਰਾਨ ਚੀਨ ਨੇ ਅਮਰੀਕੀ ਜੰਗੀ ਬੇੜਿਆਂ ਨੂੰ ਚਿਤਾਵਨੀ ਦੇਣ ਲਈ ਹਵਾਈ ਜਹਾਜ਼ ਅਤੇ ਜੰਗੀ ਜਹਾਜ਼ ਭੇਜੇ। ਲੀ ਨੇ ਕਿਹਾ,“ਅਸੀਂ ਕਿਸੇ ਵੀ ਤਰ੍ਹਾਂ ਦੀਆਂ ਅਣਕਿਆਸੀਆਂ ਘਟਨਾਵਾਂ ਰੋਕਣ ਲਈ ਅਮਰੀਕਾ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਉਹ ਚੀਨੀ ਇਲਾਕੇ ਵਿਚੋਂ ਲੰਘਣ ਵਾਲੇ ਆਪਣੇ ਜਹਾਜ਼ਾਂ ਅਤੇ ਹਵਾਈ ਜਹਾਜ਼ਾਂ ਦੀ ਨਿਗਰਾਨੀ ਕਰੇ।” ਚੀਨ ਨੇ ਅਮਰੀਕਾ ਕੋਲ ਇਸ ਮਾਮਲੇ ਸਬੰਧੀ ਇੱਕ ਸ਼ਿਕਾਇਤ ਵੀ ਦਰਜ ਕਰਵਾਈ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਜੇਂਗ ਸ਼ੂਆਂਗ ਨੇ ਦੱਸਿਆ ਕਿ ਅਮਰੀਕਾ ਨੂੰ ਅਜਿਹੀਆਂ ਕਾਰਵਾਈਆਂ ਨੂੰ ਤੁਰੰਤ ਰੋਕਣ ਲਈ ਆਖਿਆ ਗਿਆ ਹੈ, ਜੋ ਚੀਨ ਦੀ ਪ੍ਰਭੂਸੱਤਾ ਦੀ ਉਲੰਘਣਾ ਕਰਦੀਆਂ ਹਨ। ਜ਼ਿਕਰਯੋਗ ਹੈ ਕਿ ਚੀਨ ਦੱਖਣੀ ਚੀਨ ਸਾਗਰ ਦੇ ਸਾਰੇ ਹਿੱਸੇ ਉੱਤੇ ਆਪਣਾ ਹੱਕ ਜਤਾਉਂਦਾ ਹੈ ਜਦਕਿ ਤਾਇਵਾਨ, ਫਿਲਪੀਨਜ਼, ਬਰੂਨਈ, ਮਲੇਸ਼ੀਆ ਅਤੇ ਵੀਅਤਨਾਮ ਇਸਦੇ ਹਿੱਸਿਆਂ ਉਤੇ ਆਪਣਾ ਹੱਕ ਜਤਾਉਂਦੇ ਹਨ। ਇਹ ਸਥਿਤੀ ਅਜਿਹੇ ਸਮੇਂ ਪੈਦਾ ਹੋਈ ਹੈ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਚੀਨੀ ਆਗੂ ਸ਼ੀ ਜਿਨਪਿੰਗ ਜੀ-20 ਸੰਮੇਲਨ ਮੌਕੇ ਇਸ ਹਫ਼ਤੇ ਦੇ ਅਖੀਰ ਵਿਚ ਵਪਾਰ ਸਬੰਧੀ ਮਤਭੇਦਾਂ ਨੂੰ ਦੂਰ ਕਰਨ ਬਾਰੇ ਗੱਲਬਾਤ ਕਰਨਗੇ।

Facebook Comment
Project by : XtremeStudioz