Close
Menu

ਚੀਨ ਵੱਲੋਂ ਇਸਲਾਮਾਬਾਦ ਤੱਕ ਨਵੀਂ ਰੇਲ-ਸੜਕ ਕਾਰਗੋ ਸੇਵਾ ਦੀ ਸ਼ੁਰੂਆਤ

-- 25 October,2018

ਪੇਈਚਿੰਗ, 25 ਅਕਤੂਬਰ
ਚੀਨ ਨੇ ਗਾਂਸੂ ਸੂਬੇ ਦੀ ਰਾਜਧਾਨੀ ਲਾਂਜ਼ੂ ਨੂੰ ਇਸਲਾਮਾਬਾਦ ਨਾਲ ਜੋੜਦੀ ਨਵੀਂ ਰੇਲ ਤੇ ਸੜਕੀ ਕਾਰਗੋ ਸੇਵਾ ਦੀ ਅੱਜ ਸ਼ੁਰੂਆਤ ਕਰ ਦਿੱਤੀ। ਸਰਕਾਰੀ ਮਾਲਕੀ ਵਾਲੀ ਚਾਈਨਾ ਡੇਲੀ ਨੇ ਆਪਣੀ ਇਕ ਰਿਪੋਰਟ ’ਚ ਕਿਹਾ ਕਿ ਮਕੈਨੀਕਲ ਸਾਜ਼ੋ ਸਾਮਾਨ, ਆਟੋ ਕਲਪੁਰਜ਼ਿਆਂ ਤੇ ਨਿੱਤ ਵਰਤੋਂ ਦਾ ਹੋਰ ਸਾਮਾਨ ਲੈ ਕੇ 30 ਡੱਬਿਆਂ ਵਾਲੀ ਗੱਡੀ ਲਾਂਜ਼ੂ ਦੇ ਲੌਜਿਸਟਿਕਸ ਸੈਂਟਰ ਤੋਂ ਉਈਗਰ ਭਾਈਚਾਰੇ ਦੀ ਖੁ਼ਦਮੁਖਤਿਆਰੀ ਵਾਲੇ ਖੇਤਰ ਕਾਸ਼ਗਰ ਲਈ ਰਵਾਨਾ ਹੋ ਗਈ। ਇਥੋਂ ਇਸ ਸਾਮਾਨ ਨੂੰ ਸ਼ਾਹਰਾਹ ਜ਼ਰੀਏ ਇਸਲਾਮਾਬਾਦ ਪਹੁੰਚਾਇਆ ਜਾਵੇਗਾ।
ਗਾਂਸੂ (ਲਾਂਜ਼ੂ) ਦੀ ਕੌਮਾਂਤਰੀ ਜ਼ਮੀਨੀ ਬੰਦਰਗਾਹ ਦੀ ਪ੍ਰਬੰਧਕੀ ਕਮੇਟੀ ਦੇ ਡਿਪਟੀ ਡਾਇਰੈਕਟਰ ਲੂ ਜ਼ੀ ਨੇ ਕਿਹਾ ਕਿ 45 ਹਜ਼ਾਰ ਕਿਲੋਮੀਟਰ ਲੰਮੇ ਇਸ ਫ਼ਾਸਲੇ ਨੂੰ ਪੂਰਾ ਕਰਨ ਵਿੱਚ 13 ਦਿਨ ਦਾ ਸਮਾਂ ਲੱਗੇਗਾ। ਲੂ ਨੇ ਕਿਹਾ ਕਿ ਪਹਿਲਾਂ ਰਵਾਇਤੀ ਸਮੁੰਦਰੀ ਰਸਤੇ ਇਸ ਫਾਸਲੇ ਨੂੰ ਪੂਰਨ ਵਿੱਚ 15 ਦਿਨ ਵੱਧ ਲਗਦੇ ਸਨ। ਗਾਂਸੂ ਤੋਂ ਦੱਖਣੀ ਏਸ਼ੀਆ ਵੱਲ ਮਾਲ ਦੀ ਢੋਹਾ ਢੁਆਈ ਲਈ ਚਲਾਈ ਗਈ ਇਹ ਦੂਜੀ ਰੇਲ ਸੇਵਾ ਹੈ। ਇਸ ਤੋਂ ਪਹਿਲਾਂ ਸਾਲ 2016 ਵਿੱਚ ਲਾਂਜ਼ੂ ਤੋਂ ਕਾਠਮੰਡੂ(ਨੇਪਾਲ) ਤਕ ਰੇਲ ਤੇ ਸੜਕ ਕਾਰਗੋ ਸੇਵਾ ਦਾ ਆਗਾਜ਼ ਕੀਤਾ ਗਿਆ ਸੀ। ਲੂ ਨੇ ਕਿਹਾ, ‘ਮੈਂ ਆਸ ਕਰਦਾ ਹਾਂ ਕਿ ਨਵੀਂ ਰੇਲ ਤੇ ਰੋਡ ਕਾਰਗੋ ਸੇਵਾ ਚੀਨ ਤੇ ਪਾਕਿਸਤਾਨ ਦਰਮਿਆਨ ਵਿੱਚ ਸਹਿਯੋਗ ਦੀ ਚੰਗੀ ਮਿਸਾਲ ਬਨਣ ਦੇ ਨਾਲ ਵਧੇਰੇ ਮੁਲਕਾਂ ਤੇ ਖਿੱਤਿਆਂ ਨੂੰ ਚੀਨ ਦੇ ‘ਇਕ ਰੋਡ ਇਕ ਪੱਟੀ’ ਪਹਿਲਕਦਮੀ ਦਾ ਹਿੱਸਾ ਬਣਨ ਲਈ ਹੱਲਾਸ਼ੇਰੀ ਦੇਵੇਗੀ।’ ਚੇਤੇ ਰਹੇ ਕਿ ਚੀਨ ਵੱਲੋਂ ਅਰਬਾਂ ਰੁਪਏ ਦੀ ਲਾਗਤ ਨਾਲ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀਪੈੱਕ) ਦੀ ਉਸਾਰੀ ਕੀਤੀ ਜਾ ਰਹੀ ਹੈ। ਚੀਨੀ ਸਦਰ ਸ਼ੀ ਜਿਨਪਿੰਗ ਦੇ ਦਿਲ ਦੇ ਕਰੀਬ ਕਹੇ ਜਾਂਦੇ ਇਸ ਪ੍ਰਾਜੈਕਟ ਦਾ ਮੁੱਖ ਮੰਤਵ ਚੀਨ ਦੀ ਵਿੱਤੀ ਇਮਦਾਦ ਵਾਲੇ ਬੁਨਿਆਦੀ ਢਾਂਚੇ ਨਾਲ ਸਬੰਧਤ ਪ੍ਰਾਜੈਕਟਾਂ ਜ਼ਰੀਏ ਵਿਸ਼ਵ ਭਰ ਵਿੱਚ ਪੇਈਚਿੰਗ ਦਾ ਅਸਰ ਰਸੂਖ ਵਧਾਉਣਾ ਹੈ। 

Facebook Comment
Project by : XtremeStudioz