Close
Menu

ਚੀਨ ਵੱਲੋਂ ‘ਗੂੜ੍ਹੇ ਮਿੱਤਰ’ ਨੂੰ 6 ਅਰਬ ਡਾਲਰ ਦੀ ਮਦਦ ਦੇਣ ਦੀ ਤਿਆਰੀ

-- 05 November,2018

ਪੇਈਚਿੰਗ, ਕੌਮਾਂਤਰੀ ਮੁਦਰਾ ਫੰਡ (ਆਈਐਮਐਫ਼) ਵੱਲੋਂ ਮਿਲਦੀ ਵਿੱਤੀ ਸਹਾਇਤਾ ’ਤੇ ਪਾਕਿਸਤਾਨ ਦੀ ਟੇਕ ਘਟਾਉਣ ਲਈ ਚੀਨ ਨੇ ਆਪਣੇ ਇਸ ਗੂੜ੍ਹੇ ਮਿੱਤਰ ਨੂੰ 6 ਅਰਬ ਅਮਰੀਕੀ ਡਾਲਰ ਦੀ ਇਮਦਾਦ ਮੁਹੱਈਆ ਕਰਵਾਉਣ ਲਈ ਸਹਿਮਤੀ ਦੇ ਦਿੱਤੀ ਹੈ। ਚੀਨ ਵੱਲੋਂ ਪਾਕਿ ਨੂੰ ਇੰਨੀ ਵੱਡੀ ਵਿੱਤੀ ਸਹਾਇਤਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਲੇਠੀ ਚੀਨ ਫੇਰੀ ਮਗਰੋਂ ਸੰਭਵ ਹੋਈ ਹੈ। ਇਸ ਦੌਰਾਨ ਚੀਨੀ ਵਿਦੇਸ਼ ਮੰਤਰੀ ਲੂ ਕਾਂਗ ਨੇ ਕਿਹਾ ਕਿ ਖ਼ਾਨ ਦੀ ਫੇਰੀ ‘ਨਵੇਂ ਸੂਰਤੇ ਹਾਲ’ ਵਿੱਚ ਦੋਵਾਂ ਮੁਲਕਾਂ ਨੂੰ ਦੁਵੱਲੇ ਸਬੰਧਾਂ ਦੀ ਦਿਸ਼ਾ ’ਚ ‘ਨਵਾਂ ਅਧਿਆਏ’ ਖੋਲ੍ਹਣ ਦਾ ਮੌਕਾ ਦੇਵੇਗੀ।
ਚਾਰ ਰੋਜ਼ਾ ਫੇਰੀ ਤਹਿਤ ਅੱਜ ਸਵੇਰੇ ਚੀਨ ਪੁੱਜੇ ਇਮਰਾਨ ਖ਼ਾਨ ਨੇ ਗ੍ਰੇਟ ਹਾਲ ਆਫ਼ ਪੀਪਲ ਵਿੱਚ ਚੀਨੀ ਸਦਰ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਵਫ਼ਦ ਪੱਧਰ ਦੀ ਗੱਲਬਾਤ ਤੋਂ ਪਹਿਲਾਂ ਆਪਸੀ ਮੀਟਿੰਗ ਵੀ ਕੀਤੀ। ਪਾਕਿਸਤਾਨ ਜੀਓ ਟੀਵੀ ਦੀ ਰਿਪੋਰਟ ਮੁਤਾਬਕ ਵਜ਼ੀਰੇ ਆਜ਼ਮ ਦੀ ਇਸ ਫੇਰੀ ਦੌਰਾਨ ਪਾਕਿਸਤਾਨ ਨੂੰ ਚੀਨ ਤੋਂ ਆਰਥਿਕ ਪੈਕੇਜ ਵਜੋਂ 6 ਅਰਬ ਅਮਰੀਕੀ ਡਾਲਰ ਮਿਲਣ ਦੇ ਆਸਾਰ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਚੀਨ-ਪਾਕਿ ਆਰਥਿਕ ਗਲਿਆਰੇ (ਸੀਪੈੱਕ) ਲਈ ਮਿਲ ਰਹੇ 3 ਅਰਬ ਅਮਰੀਕੀ ਡਾਲਰ ਦੇ ਵਾਧੂ ਪੈਕੇਜ ਦੇ ਨਾਲ ਪਾਕਿ ਨੂੰ ਡੇਢ ਅਰਬ ਡਾਲਰ ਦੇ ਕਰਜ਼ੇ ਦੀ ਪੇਸ਼ਕਸ਼ ਵੀ ਕੀਤੀ ਜਾਵੇਗੀ। ਕਰਜ਼ਾ ਤੇ ਨਿਵੇਸ਼, ਛੇ ਅਰਬ ਡਾਲਰ ਦੇ ਪੈਕੇਜ ਦਾ ਹਿੱਸਾ ਹੈ। ਪੇਈਚਿੰਗ ਨੇ ਹਾਲਾਂਕਿ ਅਜੇ ਤਕ ਇਸ ਰਿਪੋਰਟ ਬਾਰੇ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ। ਵਿੱਤੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਲਈ ਪਿਛਲੇ ਕੁਝ ਹਫ਼ਤਿਆਂ ’ਚ ਇਹ ਦੂਜਾ ਮੌਕਾ ਹੈ ਜਦੋਂ ਖ਼ਾਨ ਦੀ ਅਗਵਾਈ ਵਾਲੀ ਸਰਕਾਰ 6 ਅਰਬ ਡਾਲਰ ਦਾ ਪੈਕੇਜ ਲੈਣ ਵਿੱਚ ਸਫ਼ਲ ਰਹੀ ਹੈ।

Facebook Comment
Project by : XtremeStudioz