Close
Menu

ਚੂਨੀ ਲਾਲ ਭਗਤ ਵੱਲੋਂ ਮਿਉਂਸਪਲ ਭਵਨ ਦਾ ਅਚਨਚੇਤੀ ਦੌਰਾ, ਨਿਰਮਾਣ ਕੰਮਾਂ ਦਾ ਲਿਆ ਜਾਇਜ਼ਾ

-- 07 August,2013

Pic-Municipal-Bhawan-1

ਚੰਡੀਗੜ੍ਹ, 7 ਅਗਸਤ (ਦੇਸ ਪ੍ਰਦੇਸ ਟਾਈਮਜ਼)- ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਚੂਨੀ ਲਾਲ ਭਗਤ ਨੇ ਅੱਜ ਇਥੋਂ ਦੇ ਸੈਕਟਰ-35 ਵਿਖੇ ਵਿਭਾਗ ਵੱਲੋਂ ਬਣਾਏ ਜਾ ਰਹੇ ਮਿਉਂਸਪਲ ਭਵਨ ਦੇ ਨਿਰਮਾਣ ਦਾ ਜਾਇਜ਼ਾ ਲੈਣ ਲਈ ਅਚਨਚੇਤੀ ਦੌਰਾ ਕਰ ਕੇ ਨਿਰੀਖਣ ਕੀਤਾ। ਇਸ ਮੌਕੇ ਸਥਾਨਕ ਸਰਕਾਰਾਂ ਵਿਭਾਗ ਦੇ ਮੁੱਖ ਸੰਸਦੀ ਸਕੱਤਰ ਸ੍ਰੀ ਸੋਮ ਪ੍ਰਕਾਸ਼ ਤੇ ਸਕੱਤਰ ਸ੍ਰੀ ਅਸ਼ੋਕ ਗੁਪਤਾ ਵੀ ਨਾਲ ਸਨ। ਮੰਤਰੀ ਸ੍ਰੀ ਭਗਤ ਨੇ ਜਿੱਥੇ ਨਿਰਮਾਣ ਕੰਮ ਨਾਲ ਜੁੜੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਕਰ ਕੇ ਭਵਨ ਦੀ ਉਸਾਰੀ ਦਾ ਜਾਇਜ਼ਾ ਲਿਆ ਉਥੇ ਉਸਾਰੀ ਨਾਲ ਜੁੜੇ ਠੇਕੇਦਾਰਾਂ ਨਾਲ ਗੱਲਬਾਤ ਕਰ ਕੇ ਨਿਰਮਾਣ ਸਬੰਧੀ ਆ ਰਹੀਆਂ ਦਿੱਕਤਾਂ ਪੁੱਛੀਆਂ।

ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਤਾੜਨਾ ਕਰਦਿਆਂ ਨਿਰਦੇਸ਼ ਦਿੱਤੇ ਕਿ ਜਿੱਥੇ ਮਿਉਂਸਪਲ ਭਵਨ ਦੇ ਨਿਰਮਾਣ ਦਾ ਕੰਮ ਤੈਅ ਸਮੇਂ ਅੰਦਰ ਹੋ ਜਾਵੇ ਉਥੇ ਉਸਾਰੀ ਸਮੱਗਰੀ ਦੇ ਮਿਆਰ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ। ਵਿਭਾਗ ਦੇ ਚੀਫ ਇੰਜਨੀਅਰ ਸ੍ਰੀ ਏ.ਕੇ.ਕਾਂਸਲ ਨੇ ਮੰਤਰੀ ਜੀ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 38 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਆਲੀਸ਼ਾਨ ਮਿਉਂਸਪਲ ਭਵਨ ਦਾ ਕੰਮ ਇਸ ਸਾਲ 15 ਦਸੰਬਰ ਤੱਕ ਬਣ ਕੇ ਮੁਕੰਮਲ ਹੋ ਜਾਵੇਗਾ ਅਤੇ ਨਵੇ ਵਰ੍ਹੇ ਤੋਂ ਵਿਭਾਗ ਦਾ ਸਮੁੱਚਾ ਕੰਮ ਕਾਜ ਇਕ ਛੱਤ ਥੱਲੇ ਹੋਵੇਗਾ। ਉਨ੍ਹਾਂ ਦੱਸਿਆ ਕਿ ਉਸਾਰੀ ਦਾ ਕੰਮ 95 ਫੀਸਦੀ ਦੇ ਕਰੀਬ ਮੁਕੰਮਲ ਹੋ ਗਿਆ ਹੈ।

ਪ੍ਰੈਸ ਦੇ ਨਾਂਅ ਜਾਰੀ ਬਿਆਨ ਵਿੱਚ ਸ੍ਰੀ ਭਗਤ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਵਿਭਾਗ ਦੇ ਕੰਮ ਕਾਜ ਵਿੱਚ ਤੇਜ਼ੀ ਅਤੇ ਆਪਸੀ ਤਾਲਮੇਲ ਵਧਾਉਣ ਲਈ ਮਿਉਂਸਪਲ ਭਵਨ ਬਣਾਇਆ ਜਾ ਰਿਹਾ ਹੈ ਜਿਸ ਵਿੱਚ ਵਿਭਾਗ ਦੀਆਂ ਸਾਰੀਆਂ ਬਰਾਂਚਾਂ, ਡਾਇਰੈਕਟੋਰੇਟ, ਪੀ.ਐਮ.ਆਈ.ਡੀ.ਸੀ., ਟਾਊਨ ਪਲਾਨਿੰਗ, ਸੂਡਾ ਦੇ ਅਧਿਕਾਰੀ ਤੇ ਕਰਮਚਾਰੀਆਂ ਤੋਂ ਇਲਾਵਾ ਡਾਇਰੈਕਟਰ, ਸਕੱਤਰ, ਮੁੱਖ ਸੰਸਦੀ ਸਕੱਤਰ ਤੇ ਮੰਤਰੀ ਬੈਠਣਗੇ। ਉਨ੍ਹਾਂ ਕਿਹਾ ਕਿ ਨਵੇਂ ਵਰ੍ਹੇ ਤੋਂ ਸਥਾਨਕ ਸਰਕਾਰਾਂ ਇਕਾਈਆਂ ਨੂੰ ਕਿਸੇ ਵਿਕਾਸ ਕੰਮਾਂ ਲਈ ਵੱਖ-ਵੱਖ ਦਫਤਰਾਂ ਵਿੱਚ ਜਾਣਾ ਨਹੀਂ ਪਵੇਗਾ ਅਤੇ ਇਕੋ ਥਾਂ ਹਰ ਅਧਿਕਾਰੀ ਨੂੰ ਮਿਲਿਆ ਜਾ ਸਕੇਗਾ।

ਉਨ੍ਹਾਂ ਦੱਸਿਆ ਕਿ ਪੂਰਾ ਭਵਨ ਵਾਤਾਨਕੂਲ (ਏ.ਸੀ.) ਹੋਵੇਗਾ ਅਤੇ ਵਿਭਾਗ ਦੇ ਈ-ਗਵਰਨੈਂਸ ਪ੍ਰਾਜੈਕਟ ਨੂੰ ਸਫਲਤਾ ਨਾਲ ਲਾਗੂ ਕਰਨ ਲਈ ਪੂਰਾ ਭਵਨ ਵਾਈ-ਫਾਈ ਸੁਵਿਧਾ ਨਾਲ ਜੁੜਿਆ ਹੋਵੇਗਾ। ਉਨ੍ਹਾਂ ਦੱਸਿਆ ਕਿ ਭਵਨ ਵਿੱਚ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਿਖਲਾਈ ਦੇਣ ਲਈ 350 ਸੀਟਾਂ ਵਾਲਾ ਆਡੀਟੋਰੀਅਮ ਵੀ ਹੋਵੇਗਾ।

Facebook Comment
Project by : XtremeStudioz