Close
Menu

ਚੈਂਪੀਅਨਜ਼ ਲੀਗ ਟੀ-20 ਕ੍ਰਿਕਟ: ਟਾਈਟਨਜ਼ ਦੇ ਗੇਂਦਬਾਜ਼ਾਂ ਨੇ ਬ੍ਰਿਜ਼ਬਨ ਹੀਟਜ਼ ਨੂੰ ਠੰਢਾ ਕੀਤਾ

-- 24 September,2013

24ptnw52

ਮੁਹਾਲੀ, 24 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਫੇਜ਼-9 ਸਥਿਤ ਪੀਸੀਏ ਸਟੇਡੀਅਮ ਵਿੱਚ ਅੱਜ ਖੇਡੇ ਗਏ ਚੈਂਪੀਅਨਜ਼ ਲੀਗ ਟੀ-20 ਕ੍ਰਿਕਟ ਟੂਰਨਾਮੈਂਟ ਦੇ ਇਕ ਮੈਚ ਵਿਚ ਦੱਖਣੀ ਅਫ਼ਰੀਕੀ ਟੀਮ ਟਾਈਟਨਜ਼ ਨੇ ਘੱਟ ਸਕੋਰ ਦੇ ਬਾਵਜੂਦ ਆਪਣੇ ਗੇਂਦਬਾਜ਼ਾਂ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਬ੍ਰਿਜ਼ਬਨ ਹੀਟਜ਼ ਨੂੰ  ਰੁਮਾਂਚਕ ਢੰਗ ਨਾਲ 4 ਦੌੜਾਂ ਨਾਲ ਹਰਾ ਦਿੱਤਾ। ਆਸਟਰੇਲੀਅਨ ਟੀਮ ਬ੍ਰਿਜ਼ਬਨ ਹੀਟਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ, ਜੋ ਠੀਕ ਵੀ ਸਾਬਤ ਹੋਇਆ ਕਿਉਂਕਿ ਉਸ ਨੇ ਟਾਈਟਨਜ਼ ਨੂੰ 18.5 ਓਵਰਾਂ ਵਿਚ ਮੁਕਾਬਲਤਨ ਘੱਟ ਸਕੋਰ 123 ਦੌੜਾਂ ਉਤੇ ਆਲ ਆਊਟ ਕਰ ਦਿੱਤਾ ਪਰ ਇਸ ਦੇ ਜਵਾਬ ਵਿਚ ਬ੍ਰਿਜ਼ਬਨ ਹੀਟਜ਼ ਵੀ 20 ਓਵਰਾਂ ਵਿਚ ਸਾਰੀਆਂ ਵਿਕਟਾਂ ਗੁਆ ਕੇ 119 ਦੌੜਾਂ ਹੀ ਬਣਾ ਸਕੀ ਤੇ ਚਾਰ ਦੌੜਾਂ ਨਾਲ ਹਾਰ ਗਈ।
ਇਸ ਤੋਂ ਪਹਿਲਾਂ ਮੈਚ ਮੀਂਹ ਕਾਰਨ 40 ਮਿੰਟ ਦੇਰ ਨਾਲ ਸ਼ੁਰੂ ਹੋਇਆ। ਬ੍ਰਿਜ਼ਬਨ ਹੀਟਜ਼ ਦੇ ਮੈਥਿਊ ਗੇਲ ਨੇ ਪਹਿਲਾਂ ਬੱਲੇਬਾਜ਼ੀ ਕਰਨ ਦੇ ਫ਼ੈਸਲੇ ਨੂੰ ਸਹੀ ਸਾਬਤ ਕਰਦੇ ਹੋਏ 2.5 ਓਵਰਾਂ ਵਿੱਚ 10 ਰਨ ਦੇ ਕੇ 4 ਵਿਕਟ ਹਾਸਲ ਕੀਤੇ ਅਤੇ ਵਿਰੋਧੀ ਟੀਮ ਨੂੰ ਮੁਸ਼ਕਲ ਨਾਲ 123 ਰਨ ਹੀ ਬਣਾ ਦਿੱਤੇ। ਪਿਛਲੇ ਮੈਚ ਦੀ ਤਰ੍ਹਾਂ ਇਸ ਵਾਰ ਵੀ ਬ੍ਰਿਜ਼ਬਨ ਹੀਟਜ਼ ਛੋਟੇ ਜਿਹੇ ਟੀਚੇ ਨੂੰ ਵੀ ਹਾਸਲ ਨਹੀਂ ਕਰ ਸਕੀ ਅਤੇ ਮੈਚ ਗੁਆ ਬੈਠੀ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਟਾਈਟਨਜ਼ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਦੂਜੇ ਓਵਰ ਵਿੱਚ ਹੀ ਟੀਮ ਦਾ ਸਲਾਮੀ ਬੱਲੇਬਾਜ਼ ਯਾਕ ਰੁਡੋਲਫ਼ ਮਹਿਜ਼ ਇਕ ਦੌੜ ਬਣਾ ਕੇ ਪੈਵਿਲੀਅਨ ਪਰਤ ਗਿਆ। ਉਸ ਦੀ ਵਿਕਟ ਆਪਣਾ ਪਹਿਲਾ ਚੈਂਪੀਅਨਜ਼ ਲੀਗ ਟੀ-20 ਮੈਚ ਖੇਡ ਰਹੇ ਗੇਲ ਨੇ ਲਿਆ। ਇਸ ਤੋਂ ਆਏ ਹੇਇਨੋ ਕੁਹਨ ਨੇ ਕੈਪਟਨ ਹੈਨਰੀ ਡੇਵਿਡਜ਼ ਨਾਲ ਮਿਲ ਕੇ ਪਾਰੀ ਨੂੰ ਅੱਗੇ ਵਧਾਇਆ। ਇਸ ਦੌਰਾਨ ਵਧੀਆ ਬੱਲੇਬਾਜ਼ੀ ਕਰ ਰਹੇ ਕੁਹਨ ਨੂੰ ਬੈਨ ਕਟਿੰਗ ਨੇ ਸ਼ਿਕਾਰ ਬਣਾ ਲਿਆ। ਕੁਹਨ ਨੇ 27 ਗੇਂਦਾਂ ਵਿੱਚ 6 ਚੌਕਿਆਂ ਦੀ ਮਦਦ ਨਾਲ 31 ਰਨ ਬਣਾਏ।
ਇਸ ਮਗਰੋਂ ਪਿਛਲੇ ਮੈਚ ਦੇ ਹੀਰੋ ਏਬੀ ਡਿਵਿਲੀਅਰਜ਼ ਨੇ ਆਉਂਦੇ ਹੀ ਗੇਂਦਬਾਜ਼ਾਂ ’ਤੇ ਹਾਵੀ ਹੋਣਾ ਸ਼ੁਰੂ ਕੀਤਾ। ਉਸ ਨੇ ਕਿਸੇ ਵੀ ਗੇਂਦਬਾਜ਼ ਨੂੰ ਸੰਭਲਣ ਦੀ ਮੌਕਾ ਨਹੀਂ ਦਿੱਤਾ। ਇਸ ਦੌਰਾਨ ਕੈਪਟਨ ਡੇਵਿਡਜ਼ ਇਕ ਰਨ ਚੁਰਾਉਣ ਦੀ ਕੋਸ਼ਿਸ਼ ਵਿੱਚ ਰਨ ਆਉਟ ਹੋ ਗਿਆ। ਉਸ ਨੇ 31 ਗੇਂਦਾਂ ਵਿੱਚ 5 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 39 ਰਨ ਬਣਾਏ। ਕੈਪਟਨ ਦੀ ਥਾਂ ਆਇਆ ਰੋਇਲਫ ਵਾਨ ਡਰ ਮਰਵ ਦੂਜੀ ਹੀ ਗੇਂਦ ’ਤੇ ਲੰਮਾ ਸ਼ਾਟ ਮਾਰਨ ਦੇ ਚੱਕਰ ਵਿੱਚ ਲੌਂਗ ਔਨ ’ਤੇ ਜੋਅ ਬਰਨਜ਼ ਨੂੰ ਕੈਚ ਦੇ ਬੈਠਿਆ। ਇਸ ਪਿੱਛੋਂ ਡਿਵਿਲੀਅਰਸ ਤੇ ਫਰਹਾਨ ਬਹਿਰਦੀਨ ਵਿਚਕਾਰ ਤਾਲਮੇਲ ਦੀ ਘਾਟ ਕਾਰਨ ਡਿਵਿਲੀਅਰਸ ਰਨ ਆਊਟ ਹੋ ਗਿਆ, ਜਿਸ ਨੇ 19 ਗੇਂਦਾਂ ਵਿੱਚ 4 ਚੌਕਿਆਂ ਦੀ ਮਦਦ ਨਾਲ 28 ਰਨ ਬਣਾਏ। ਇਸ ਮਗਰੋਂ ਪੂਰੀ ਟੀਮ ਤਾਸ਼ ਦੇ ਪੱਤਿਆਂ ਵਾਂਗ ਬਿੱਖਰ ਗਈ ਅਤੇ ਕੋਈ ਵੀ ਖਿਡਾਰੀ 10 ਦਾ ਅੰਕੜਾ ਪਾਰ ਨਹੀਂ ਕਰ ਸਕਿਆ।
ਇਸ ਪਿੱਛੋਂ ਛੋਟੇ ਅਤੇ ਆਸਾਨ ਜਾਪ ਰਹੇ ਟੀਚੇ ਦਾ ਪਿੱਛਾ ਕਰਨ ਉਤਰੀ ਬ੍ਰਿਜ਼ਬਨ ਹੀਟਜ਼ ਲਈ ਇਹੋ ਟੀਚਾ ਵੱਡਾ ਸਾਬਤ ਹੋਇਆ। ਹਿਸ ਦੀ ਸਲਾਮੀ ਜੋੜੀ ਵੀ ਕੁਝ ਖ਼ਾਸ ਨਹੀਂ ਕਰ ਸਕੀ ਅਤੇ ਪਹਿਲੀ ਵਿਕਟ 7 ਅਤੇ ਦੂਜੀ 24 ’ਤੇ ਗੁਆ ਬੈਠੀ। ਟੀਮ ਦੇ ਬੱਲੇਬਾਜ਼ ਬਰਨਜ਼ ਅਤੇ ਬੈਨ ਕਟਿੰਗ ਤਾਂ ਆਪਣਾ ਖਾਤਾ ਵੀ ਨਹੀਂ ਖੋਲ ਸਕੇ। ਇਸ ਤਰ੍ਹਾਂ ਟੀਮ ਨੇ 68 ਦੌੜਾਂ ’ਤੇ ਹੀ 4 ਵਿਕਟਾਂ ਗੁਆ ਲਈਆਂ। ਹੀਟਜ਼ ਨੂੰ ਸ਼ੁਰੂਆਤੀ ਝਟਕੇ ਦੇ ਕੇ ਟਾਈਟਨਜ਼ ਨੇ ਸੌਖੇ ਦਿੱਖ ਰਹੇ ਟੀਚੇ ਨੂੰ ਆਸਾਨ ਨਹੀਂ ਰਹਿਣ ਦਿੱਤਾ। ਹੀਟਜ਼ ਵੱਲੋਂ ਕੋਈ ਵੀ ਬੱਲੇਬਾਜ਼ ਮੈਦਾਨ ’ਚ ਜ਼ਿਆਦਾ ਦੇਰ ਤੱਕ ਨਹੀਂ ਟਿੱਕ ਸਕਿਆ ਅਤੇ ਆਉਣ-ਜਾਣ ਦਾ ਸਿਲਸਿਲਾ ਜਾਰੀ ਰਿਹਾ।
ਹੀਟਜ਼ ਵੱਲੋਂ ਡੇਨੀਅਲ ਕ੍ਰਿਸਟੀਅਨ ਨੇ 21, ਕ੍ਰਿਸ ਲਿਨ ਨੇ 14, ਕ੍ਰਿਸ ਸੈਬਰਗ ਨੇ 19 ਅਤੇ ਕੈਪਟਨ ਜੇਮਜ਼ ਹੋਪਜ਼ ਨੇ 37 ਦੌੜਾਂ ਬਣਾਈਆਂ। ਟਾਈਟਨਜ਼ ਦੇ ਸਾਰੇ ਗੇਂਦਬਾਜ਼ਾਂ ਨੇ ਪਿਛਲੇ ਮੈਚ ਤੋਂ ਸਬਕ ਲੈਂਦਿਆਂ ਇਸ ਵਾਰ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਟਾਈਟਨਜ਼ ਵੱਲੋਂ ਰੋਇਲਫ, ਮੋਰਕਲ, ਵਾਇਸ ਨੂੰ 1-1 ਵਿਕਟ, ਰਿਚਰਡਜ਼ ਨੂੰ 2 ਅਤੇ ਸ਼ਾਨਦਾਰ ਗੇਂਦਬਾਜ਼ੀ ਕਰਕੇ ਆਖਰੀ ਓਵਰ ਵਿੱਚ ਮੈਚ ਨੂੰ ਆਪਣੀ ਟੀਮ ਲਈ ਜਿੱਤਣ ਵਾਲੇ ਡੀ ਲੈਂਗ ਨੂੰ 3 ਵਿਕਟਾਂ ਮਿਲੀਆਂ। ਲੈਂਗ ਨੇ 4 ਓਵਰਾਂ ਵਿੱਚ ਸਿਰਫ਼ 13 ਰਨ ਦੇ ਕੇ 3 ਵਿਕਟ ਹਾਸਲ ਕੀਤੇ।  ਇਸ ਸਦਕਾ ਉਸ ਨੂੰ ਮੈਨ ਆਫ਼ ਦਿ ਮੈਚ ਐਵਾਰਡ ਦਿੱਤਾ ਗਿਆ।

Facebook Comment
Project by : XtremeStudioz