Close
Menu

ਚੈਂਪੀਅਨਜ਼ ਟਰਾਫੀ ਹਾਕੀ: ਜਰਮਨੀ ਚੈਂਪੀਅਨ, ਪਾਕਿ ਹੋਇਆ ਖ਼ਾਕ

-- 16 December,2014

ਭੁਵਨੇਸ਼ਵਰ, ਇਥੇ ਕਲਿੰਗਾ ਸਟੇਡੀਅਮ ਵਿੱਚ ਅੱਜ ਸ਼ਾਮ ਜਰਮਨੀ ਨੇ ਪਾਕਿਸਤਾਨ ਨੂੰ ਫਾਈਨਲ ਮੈਚ ਵਿੱਚ 2-0 ਗੋਲਾਂ ਨਾਲ ਹਰਾ ਕੇ ਹੀਰੋ ਹਾਕੀ ਚੈਂਪੀਅਨਜ਼ ਟਰਾਫੀ ’ਤੇ ਕਬਜ਼ਾ ਕਰ ਲਿਆ ਹੈ। ਕੱਲ੍ਹ ਭਾਰਤ ਤੋਂ ਸੈਮੀ ਫਾਈਨਲ ਮੈਚ ਜਿੱਤਣ ਬਾਅਦ ਅਸ਼ਲੀਲ ਇਸ਼ਾਰੇ ਕਰਨ ’ਤੇ ਐਫਆਈਐਚ ਨੇ ਅੱਜ ਪਾਕਿਸਤਾਨ ਦੇ ਦੋ ਖਿਡਾਰੀਆਂ ’ਤੇ ਇਕ ਮੈਚ ਦੀ ਪਾਬੰਦੀ ਲਗਾ ਦਿੱਤੇ ਜਾਣ ਕਾਰਨ ਉਹ ਫਾਈਨਲ ਮੈਚ ਨਹੀਂ ਖੇਡ ਸਕੇ। ਇਸ ਘਟਨਾ ਅਤੇ ਮੁਅੱਤਲੀ ਦਾ ਅਸਰ ਇਸ ਮੈਚ ਦੌਰਾਨ ਪਾਕਿ ਟੀਮ ਦੇ ਪ੍ਰਦਰਸ਼ਨ ’ਤੇ ਦੇਖਣ ਨੂੰ ਮਿਲਿਆ।
ਇਸ ਰੋਮਾਂਚਕ ਫਾਈਨਲ ਮੈਚ ਦੇ 18ਵੇਂ ਮਿੰਟ ਵਿੱਚ ਜੋਨਜ਼ ਮੋਨੈਲ ਦੇ ਪਾਸ ’ਤੇ ਕ੍ਰਿਸਟੋਫਰ ਵੇਸਲੇ ਨੇ ਗੋਲ ਕੀਤਾ। ਇਸ ਬਾਅਦ ਪਾਕਿਸਤਾਨੀ ਟੀਮ ਨੇ ਬਰਾਬਰੀ ਹਾਸਲ ਕਰਨ ਲਈ ਪੂਰੀ ਵਾਹ ਲਗਾਈ ਪਰ ਨਾਕਾਮ ਰਹੀ। ਮੈਚ ਦੇ 27ਵੇਂ ਮਿੰਟ ਵਿੱਚ ਪਾਕਿਸਤਾਨ ਦੇ ਸ਼ਕੀਲ ਅਹਿਮਦ ਬੱਟ ਨੂੰ ਪੀਲਾ ਕਾਰਡ ਮਿਲ ਗਿਆ ਅਤੇ ਟੀਮ ਨੂੰ 10 ਖ਼ਿਡਾਰੀਆਂ ਨਾਲ ਖੇਡਣਾ ਪਿਆ। ਪਹਿਲੇ ਹਾਫ ਤਕ ਸਕੋਰ 1-0 ਸੀ। ਇਸ ਬਾਅਦ 57ਵੇਂ ਮਿੰਟ ਵਿੱਚ ਫਲੋਰੀਅਨ ਫਿਊਕਸ ਨੇ ਗੋਲ ਦਾਗ ਕੇ ਜਰਮਨੀ ਨੂੰ 2-0 ਨਾਲ ਅੱਗੇ ਕਰ ਦਿੱਤਾ। ਇਹ ਲੀਡ ਪਾਕਿਸਤਾਨੀ ਟੀਮ ਮੈਚ ਦੇ ਅੰਤ ਤਕ ਤੋੜਨ ਵਿੱਚ ਨਾਕਾਮ ਰਹੀ ਅਤੇ ਇਹ ਮੈਚ ਤੇ ਖ਼ਿਤਾਬ ਜਰਮਨੀ ਦੀ ਝੋਲੀ ਪੈ ਗਿਆ।

ਪਿਛਲੇ 32 ਸਾਲਾਂ ਤੋਂ ਚੈਂਪੀਅਨਜ਼ ਟਰਾਫੀ ਵਿੱਚ ਤਗ਼ਮਾ ਜਿੱਤਣ ਲਈ ਤਰਸ ਰਹੀ ਭਾਰਤੀ ਹਾਕੀ ਟੀਮ ਨੇ ਅੱਜ ਸੁਨਹਿਰੀ ਮੌਕਾ ਗੁਆ ਦਿੱਤਾ। ਆਸਟਰੇਲੀਆ ਖ਼ਿਲਾਫ਼ ਤੀਜੇ ਸਥਾਨ ਦੇ ਪਲੇਅ-ਆਫ ਮੁਕਾਬਲੇ ਵਿੱਚ ਭਾਰਤ 1-2 ਗੋਲਾਂ ਨਾਲ ਹਾਰ ਕੇ ਕਾਂਸੀ ਦਾ ਤਗ਼ਮਾ ਜਿੱਤਣ ਤੋਂ ਖੁੰਝ ਗਿਆ। ਖਚਾਖਚ ਭਰੇ ਕਲਿੰਗਾ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਭਾਰਤ ਕੋਲ 32 ਸਾਲਾਂ ਬਾਅਦ ਤਗ਼ਮਾ ਜਿੱਤਣ ਦਾ ਮੌਕਾ ਸੀ ਪਰ ਸਰਦਾਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਇਹ ਮੌਕਾ ਮੈਚ ਦੇ ਆਖਰੀ 10 ਮਿੰਟਾਂ ਵਿੱਚ ਗੁਆ ਦਿੱਤਾ। ਭਾਰਤ ਨੇ ਆਖਰੀ ਵਾਰ ਚੈਂਪੀਅਨਜ਼ ਟਰਾਫੀ ਵਿੱਚ 1982 ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਕੱਲ੍ਹ ਪਾਕਿਸਤਾਨ ਕੋਲੋਂ ਸੈਮੀ ਫਾਈਨਲ ਵਿੱਚ ਭਾਰਤ 4-3 ਗੋਲਾਂ ਨਾਲ ਹਾਰ ਗਿਆ ਸੀ। ਦੱਸਣਯੋਗ ਹੈ ਕਿ ਇਸ ਸਾਲ ਭਾਰਤੀ ਹਾਕੀ ਟੀਮ ਦਾ ਪ੍ਰਦਰਸ਼ਨ ਸੰਤੋਸ਼ਜਨਕ ਰਿਹਾ ਹੈ। ਉਸ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਅਤੇ ਏਸ਼ੀਅਨ ਖੇਡਾਂ ਵਿੱਚ ਪਾਕਿਸਤਾਨ ਨੂੰ ਹਰਾ ਕੇ ਸੋਨੇ ਦਾ ਤਗ਼ਮਾ ਜਿੱਤਿਆ ਅਤੇ ਇਸ ਬਾਅਦ ਆਸਟਰੇਲੀਆ ਤੋਂ ਲੜੀ ਜਿੱਤੀ ਹੈ।
ਆਸਟਰੇਲੀਆ ਵੱਲੋਂ ਕਪਤਾਨ ਐਡੀ ਓਕੈਂਡੇਨ ਨੇ 18ਵੇਂ ਮਿੰਟ ਵਿੱਚ ਅਤੇ ਮੈਟ ਗੋਡੇਜ਼ ਨੇ 52ਵੇਂ ਮਿੰਟ ਵਿੱਚ ਗੋਲ ਕੀਤਾ। ਭਾਰਤ ਵੱਲੋਂ ਇਕਲੌਤਾ ਗੋਲ ਲਲਿਤ ਉਥੱਪਾ ਨੇ 42ਵੇਂ ਮਿੰਟ ਵਿੱਚ ਕੀਤਾ। ਦੱਸਣਯੋਗ ਹੈ ਕਿ ਪਿਛਲੇ ਪੰਜ ਵਾਰ ਤੋਂ ਖ਼ਿਤਾਬ ਜਿੱਤਦੀ ਆ ਰਹੀ ਆਸਟਰੇਲੀਅਨ ਟੀਮ ਨੂੰ ਇਸ ਵਾਰ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ ਹੈ। ਭਾਰਤ ਪਿਛਲੀ ਵਾਰ ਵੀ ਮੈਲਬਰਨ ਵਿੱਚ ਹੋਏ ਇਸ ਟੂਰਨਾਮੈਂਟ ਵਿੱਚ ਚੌਥੇ ਸਥਾਨ ’ਤੇ ਰਿਹਾ ਸੀ। ਆਸਟਰੇਲੀਆ ਖ਼ਿਲਾਫ਼ ਇਸ ਮੈਚ ਵਿੱਚ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਭਾਰਤ ਕੱਲ੍ਹ ਪਾਕਿਸਤਾਨ ਹੱਥੋਂ ਮਿਲੀ ਹਾਰ ਦੇ ਗ਼ਮ ਤੋਂ ਉੱਭਰ ਨਹੀਂ ਸਕਿਆ। ਪਹਿਲੇ ਦੋ ਕੁਆਰਟਰਾਂ ਵਿੱਚ ਭਾਰਤੀ ਟੀਮ ਸੁਸਤ ਰਹੀ। ਪਹਿਲੇ ਹਾਫ ਵਿੱਚ ਉਹ ਕੋਈ ਮੌਕਾ ਹੀ ਨਹੀਂ ਬਣਾ ਸਕੀ। ਆਸਟਰੇਲੀਆ ਨੇ ਪੰਜਵੇਂ ਮਿੰਟ ਵਿੱਚ ਹੀ ਗੋਲ ਕਰਨ ਦਾ ਮੌਕਾ ਬਣਾਇਆ। ਜਦੋਂ ਉਸ ਨੂੰ ਪੈਨਲਟੀ ਕਾਰਨਰ ਮਿਲਿਆ ਤਾਂ ਭਾਰਤੀ ਡਿਫੈਂਡਰਾਂ ਨੇ ਇਸ ਨੂੰ ਨਾਕਾਮ ਕਰ ਦਿੱਤਾ। ਆਸਟਰੇਲੀਆ ਨੇ ਦਬਾਅ ਬਣਾਈ ਰੱਖਿਆ। ਆਸਟਰੇਲੀਆ ਨੂੰ ਦੂਜੇ ਕੁਆਰਟਰ ਵਿੱਚ ਮਿਲੇ ਪੈਨਲਟੀ ਕਾਰਨਰ ਨੂੰ ਭਾਰਤੀ ਗੋਲਚੀ ਪੀਆਰ ਸ਼੍ਰੀਜੇਸ਼ ਨੇ ਨਾਕਾਮ ਕਰ ਦਿੱਤਾ। ਦੂਜੇ ਹਾਫ ਵਿੱਚ ਭਾਰਤ ਨੇ ਹਮਲਾਵਰ ਖੇਡ ਦਿਖਾਈ ਅਤੇ ਉਸ ਨੂੰ ਦੋ ਪੈਨਲਟੀ ਕਾਰਨਰ ਵੀ ਮਿਲੇ। ਇਨ੍ਹਾਂ ਵਿੱਚੋਂ ਇਕ ਨੂੰ ਗੋਲ ਵਿੱਚ ਬਦਲ ਕੇ ਭਾਰਤ ਨੇ ਬਰਾਬਰੀ ਹਾਸਲ ਕੀਤੀ। ਇਸ ਬਾਅਦ ਟੀਮ ਨੇ ਕਈ ਮੂਵ ਬਣਾਏ ਪਰ ਕਿਸੇ ਨੂੰ ਅੰਜ਼ਾਮ ਤਕ ਨਹੀਂ ਪਹੁੰਚਾ ਸਕੀ। ਮੈਚ ਦੀ ਸਮਾਪਤੀ ਤੋਂ 10 ਮਿੰਟ ਪਹਿਲਾਂ ਐਸਵੀ ਸੁਨੀਲ ਨੇ ਗੋਲ ਕਰਨ ਦਾ ਮੌਕਾ ਗੁਆ ਦਿੱਤਾ ਜਦੋਂ ਉਸ ਅੱਗੇ ਵਿਰੋਧੀ ਟੀਮ ਦਾ ਇਕੱਲਾ ਗੋਲਚੀ ਹੀ ਸੀ। ਭਾਰਤ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਿਆ ਕਿਉਂਕਿ ਇਸ ਤੋਂ ਦੋ ਮਿੰਟ ਬਾਅਦ ਗੋਡੇਜ਼ ਨੇ ਆਸਟਰੇਲੀਆ ਲਈ ਦੂਜਾ ਗੋਲ ਦਾਗ ਦਿੱਤਾ। ਭਾਰਤ ਨੂੰ 55ਵੇਂ ਮਿੰਟ ਵਿੱਚ ਮਿਲਿਆ ਪੈਨਲਟੀ ਕਾਰਨਰ ਬੇਕਾਰ ਗਿਆ। ਹੂਟਰ ਤੋਂ ਤਿੰਨ ਮਿੰਟ ਪਹਿਲਾਂ ਆਕਾਸ਼ਦੀਪ ਸਿੰਘ ਨੇ ਮੌਕਾ ਗੁਆਇਆ। ਇਸ ਤੋਂ ਪਹਿਲਾਂ ਨੈਦਰਲੈਂਡਜ਼ ਨੇ ਪੰਜਵੇਂ ਤੇ ਛੇਵੇਂ ਸਥਾਨ ਲਈ ਖੇਡੇ ਗਏ ਮੈਚ ਵਿੱਚ ਅਰਜਨਟੀਨਾ ਨੂੰ 4-1 ਗੋਲਾਂ ਨਾਲ ਹਰਾਇਆ ਜਦੋਂ ਕਿ ਬੈਲਜੀਅਮ ਨੂੰ 3-2 ਨਾਲ ਹਰਾ ਕੇ ਇੰਗਲੈਂਡ ਸੱਤਵੇਂ ਸਥਾਨ ’ਤੇ ਰਿਹਾ ਹੈ।

Facebook Comment
Project by : XtremeStudioz