Close
Menu

ਚੌਥੇ ਟੈਸਟ ਲਈ ਚੁਣੇ ਜਾ ਸਕਦੇ ਹਨ ਅਕਸ਼ਰ ਤੇ ਰੈਨਾ

-- 02 January,2015

ਸਿਡਨੀ,  ਮਹਿੰਦਰ ਸਿੰਘ ਧੋਨੀ ਵੱਲੋਂ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਮਗਰੋਂ ਭਾਰਤੀ ਥਿੰਕਟੈਂਕ ਹੁਣ ਆਸਟਰੇਲੀਆ ਖ਼ਿਲਾਫ਼ ਅਗਲੇ ਮੰਗਲਵਾਰ ਤੋਂ ਇੱਥੇ ਹੋਣ ਵਾਲੇ ਚੌਥੇ ਤੇ ਆਖਰੀ ਟੈਸਟ ਮੈਚ ਲਈ ਟੀਮ ’ਚ ਬਿਹਤਰ ਸੰਤੁਲਨ ਲਈ ਖਿਡਾਰੀਆਂ ਦੀ ਚੋਣ ’ਤੇ ਵਿਚਾਰ ਕਰ ਰਿਹਾ ਹੈ।
ਬੈਕਅੱਪ ਵਿਕਟਕੀਪਰ ਹੋਣ ਕਾਰਨ ਰਿਧੀਮਾਨ ਸਾਹਾ ਦੀ ਚੋਣ ਤੈਅ ਹੈ, ਪਰ ਟੀਮ ਪ੍ਰਬੰਧਨ ਦੋ ਹੋਰ ਤਬਦੀਲੀਆਂ ਕਰ ਸਕਦਾ ਹੈ। ਸਿਡਨੀ ਕ੍ਰਿਕਟ ਗਰਾਊਂਡ ਵਿੱਚ ਸੁਸਤ ਪਿੱਚ ਹੈ ਤੇ ਇੱਥੇ ਤੀਜੇ ਦਿਨ ਗੇਂਦ ਟਰਨ ਲੈਣਾ ਸ਼ੁਰੂ ਕਰ ਦਿੰਦੀ ਹੈ। ਸਿਡਨੀ ਵਿੱਚ ਤੀਜੀ ਤੋਂ ਚੌਥੀ ਪਾਰੀ ਵਿੱਚ ਸਪਿੰਨਰ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਅਜਿਹੀ ਹਾਲਤ ਵਿੱਚ ਆਰ. ਅਸ਼ਵਿਨ ਤੋਂ ਇਲਾਵਾ ਖੱਬੂ ਸਪਿੰਨਰ ਅਕਸ਼ਰ ਪਟੇਲ ਨੂੰ ਵੀ ਟੀਮ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਪਟੇਲ ਨੂੰ ਫੱਟੜ ਰਵਿੰਦਰ ਜਡੇਜਾ ਦੀ ਥਾਂ ’ਤੇ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਜਡੇਜਾ ਹਾਲੇ ਮੋਢੇ ਦੀ ਸੱਟ ਨਾਲ ਜੂਝ ਰਿਹਾ ਹੈ। ਭਾਰਤ ਦਾ ਨਵਾਂ ਕਪਤਾਨ ਵਿਰਾਟ ਕੋਹਲੀ ਗੁਜਰਾਤ ਦੇ 20 ਸਾਲਾ ਸਪਿੰਨਰ ਦੀ ਖੇਡ ਨੂੰ ਸਮਝਦਾ ਹੈ, ਕਿਉਂਕਿ ਇਸ ਗੇਂਦਬਾਜ਼ ਨੇ ਆਪਣੇ 9 ਵਿੱਚੋਂ ਪੰਜ ਇਕ ਰੋਜ਼ਾ ਮੈਚ ਕੋਹਲੀ ਦੀ ਕਪਤਾਨੀ ਵਿੱਚ ਖੇਡੇ ਹਨ। ਹੁਣ 11 ਪਹਿਲਾ ਦਰਜਾ ਮੈਚਾਂ ’ਚ 38 ਵਿਕਟਾਂ ਲੈਣ ਵਾਲਾ ਅਕਸ਼ਰ ਵਿਕਟਾਂ ਲੈਣ ਤੇ ਦੌੜਾਂ ਦੀ ਰਫ਼ਤਾਰ ਰੋਕਣ ’ਤੇ ਧਿਆਨ ਕੇਂਦਰਤ ਕਰੇਗਾ। ਜੇਕਰ ਅਕਸ਼ਰ ਨੂੰ ਖੇਡਣ ਲਈ ਚੁਣਿਆ ਜਾਂਦਾ ਹੈ ਤਾਂ  ਮੁਹੰਮਦ ਸ਼ਮੀ ਜਾਂ ਉਮੇਸ਼ ਯਾਦਵ ਵਿੱਚੋਂ ਕਿਸੇ ਇਕ ਦੀ ਛੁੱਟੀ ਪੱਕੀ ਹੈ, ਕਿਉਂਕਿ ਭਾਰਤ ਚਾਰ ਗੇਂਦਬਾਜ਼ਾਂ ਨਾਲ ਉਤਰਨ ਦੀ ਰਣਨੀਤੀ ’ਤੇ ਕਾਇਮ ਰਹੇਗਾ। ਬੱਲੇਬਾਜ਼ੀ ਚਿੰਤਾ ਦਾ ਵਿਸ਼ਾ ਹੈ। ਸ਼ਿਖਰ ਧਵਨ ਲੰਮੇ ਸਮੇਂ ਤੋਂ ਫਾਰਮ ’ਚ ਨਹੀਂ। ਉਸ ਨੇ ਹੁਣ ਤੱਕ ਤਿੰਨ ਟੈਸਟਾਂ ਦੀਆਂ ਛੇ ਪਾਰੀਆਂ ਵਿੱਚ 27.83 ਦੀ ਔਸਤ ਨਾਲ 167 ਦੌੜਾਂ ਬਣਾਈਆਂ। ਜੇਕਰ ਉਸ ਨੂੰ ਟੀਮ ਵਿੱਚੋਂ ਬਾਹਰ ਕੀਤਾ ਜਾਂਦਾ ਹੈ ਤਾਂ ਕੁਝ ਹੋਰ ਸੰਭਾਵਨਾਵਾਂ ਬਣ ਸਕਦੀਆਂ ਹਨ।
ਉਸ ਦੇ ਬਾਹਰ ਹੋਣ ’ਤੇ ਸਲਾਮੀ ਬੱਲੇਬਾਜ਼ ਐਨ. ਰਾਹੁਲ ਨੂੰ ਮੁਰਲੀ ਵਿਜੈ ਦੇ ਨਾਲ ਪਾਰੀ ਦੀ ਸ਼ੁਰੂਆਤ ਕਰਨ ਲਈ ਭੇਜਿਆ ਜਾ ਸਕਦਾ ਹੈ। ਜੇ ਰਾਹੁਲ ਨੂੰ ਬਾਹਰ ਕੀਤਾ ਜਾਂਦਾ ਹੈ ਤਾਂ ਅਜਿੰਕਿਆ ਰਹਾਨੇ ਨੂੰ ਪਾਰੀ ਦੀ ਸ਼ੁਰੂਆਤ ਕਰਨ ਲਈ ਭੇਜਿਆ ਜਾ ਸਕਦਾ ਹੈ। ਅਜਿਹੀ ਹਾਲਤ ਵਿੱਚ ਸੁਰੇਸ਼ ਰੈਨਾ ਤੇ ਰੋਹਿਤ ਸ਼ਰਮਾ ਨੂੰ ਖੇਡਣ ਲਈ ਉਤਾਰਿਆ ਜਾ ਸਕਦਾ ਹੈ।
ਜੇਕਰ ਧਵਨ ਤੇ ਰਾਹੁਲ ਵਿੱਚੋਂ ਕੋਈ ਇਕ ਟੀਮ ਵਿੱਚ ਰਹਿੰਦਾ ਹੈ ਤਾਂ ਰੋਹਿਤ ਤੇ ਰੈਨਾ ਵਿੱਚੋਂ ਕਿਸੇ ਇਕ ਨੂੰ ਮੌਕਾ ਮਿਲ ਜਾਵੇਗਾ।

Facebook Comment
Project by : XtremeStudioz