Close
Menu

ਚੰਦੂਮਾਜਰਾ ਤੇ ਅਧਿਕਾਰੀਆਂ ਵੱਲੋਂ ਹਵਾੲੀ ਅੱਡੇ ਦੇ ਪ੍ਰਬੰਧਾਂ ਦਾ ਜਾਇਜ਼ਾ

-- 31 August,2015

ਐਸ.ਏ.ਐਸ. ਨਗਰ (ਮੁਹਾਲੀ), ਪਿੰਡ ਝਿਊਰਹੇੜੀ ਵਿੱਚ ਨਿਰਮਾਣ ਅਧੀਨ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਉਸਾਰੀ ਦਾ ਕੰਮ ਲਗਪਗ ਮੁਕੰਮਲ ਹੋ ਚੁੱਕਾ ਹੈ ਅਤੇ ਬਾਕੀ ਰਹਿੰਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਇਸ ਗੱਲ ਦਾ ਖੁਲਾਸਾ ਅੱਜ ਸ਼ਾਮੀ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਏਅਰਪੋਰਟ ਅਥਾਰਟੀ ਤੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਹਵਾਈ ਅੱਡੇ ਦਾ ਦੌਰਾ ਕਰਕੇ ਪ੍ਰਗਤੀ ਕੰਮ ਅਤੇ ਉਦਘਾਟਨ ਸਮਾਰੋਹ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ। ੳੁਨ੍ਹਾਂ ਅਧਿਕਾਰੀਆਂ ਨੂੰ ਬਾਕੀ ਰਹਿੰਦਾ ਕੰਮ ਤੁਰੰਤ ਪ੍ਰਭਾਵ ਨਾਲ ਮੁਕੰਮਲ ਕਰਨ ਦੀਆਂ ਹਦਾਇਤਾਂ ਕੀਤੀਆਂ। ਇਸ ਹਵਾਈ ਅੱਡੇ ਦਾ ਨਾਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਰੱਖਿਆ ਜਾਵੇਗਾ ਅਤੇ ਇਸ ਸਬੰਧੀ ਜਲਦੀ ਹੀ ਪ੍ਰਵਾਨਗੀ ਮਿਲਣ ਦੀ ਸੰਭਾਵਨਾ ਹੈ। ਸ੍ਰੀ ਚੰਦੂਮਾਜਰਾ ਨੇ ਦੱਸਿਆ ਕਿ 500 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਕੌਮਾਂਤਰੀ ਹਵਾਈ ਅੱਡੇ ਤੋਂ ਬਹੁਤ ਛੇਤੀ ਹੀ ਹਵਾਈ ਉਡਾਣਾਂ ਸ਼ੁਰੂ ਹੋਣਗੀਆਂ ਤੇ 11 ਸਤੰਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਹਵਾਈ ਅੱਡੇ ਦਾ ਉਦਘਾਟਨ ਕਰਨਗੇ। ਉਨ੍ਹਾਂ ਆਖਿਆ ਕਿ ਇੱਥੋਂ ਹਵਾਈ ਉਡਾਣਾਂ ਸ਼ੁਰੂ ਹੋਣ ਨਾਲ ਮੁਹਾਲੀ ਸ਼ਹਿਰ ਦਾ ਨਾਂ ਵਿਸ਼ਵ ਦੇ ਨਕਸ਼ੇ ’ਤੇ ਉਭਰ ਕੇ ਸਾਹਮਣੇ ਆਵੇਗਾ ਅਤੇ ਲੋਕਾਂ ਦੇ ਕਾਰੋਬਾਰ ਵੀ ਵਾਧਾ ਹੋਵੇਗਾ। ਸ੍ਰੀ ਚੰਦੂਮਾਜਰਾ ਨੇ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਦਾ ਇਹ ਵੱਕਾਰੀ ਪ੍ਰਾਜੈਕਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲਕਦਮੀ ਸਦਕਾ ਸਿਰੇ ਚੜ੍ਹਿਆ ਹੈ, ਕਿਉਂਕਿ ਜੋ ਉਨ੍ਹਾਂ ਨੇ ਮੁਹਾਲੀ ਦੇ ਕੌਂਮਾਂਤਰੀ ਹਵਾਈ ਅੱਡੇ ਨੂੰ ਆਪਣੇ ਕਾਰਜਕਾਲ ਦੇ ਪਹਿਲੇ ਹੀ ਮਹੀਨੇ ਵਿੱਚ ਹੀ ਕਲੀਅਰਲੈਂਸ ਦੇ ਦਿੱਤੀ ਸੀ ਜਦੋਂ ਕਿ ਇਸ ਤੋਂ ਪਹਿਲਾਂ ਕੇਂਦਰ ਦੀ ਤਤਕਾਲੀ ਯੂ.ਪੀ.ਏ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਐਨਓਸੀ ਜਾਰੀ ਕਰਨ ਦੀ ਬਜਾਏ ਇਸ ਪ੍ਰਾਜੈਕਟ ਨੂੰ ਜਾਣਬੁੱਝ ਕੇ ਡੇਢ ਸਾਲ ਲਮਕਾਈ ਰੱਖਿਆ ਹੈ। ਇਸ ਮੌਕੇ ਐਸਐਸਪੀ ਗੁਰਪ੍ਰੀਤ ਸਿੰਘ ਭੁੱਲਰ, ਐਸਡੀਐਮ ਲਖਮੀਰ ਸਿੰਘ, ਅਕਾਲੀ ਆਗੂ ਜਸਵੰਤ ਸਿੰਘ ਭੁੱਲਰ, ਰਾਜਾ ਕੰਵਰਜੋਤ ਸਿੰਘ, ਜਸਪਿੰਦਰ ਸਿੰਘ ਲਾਲੀ, ਚੇਅਰਮੈਨ ਰੇਸ਼ਮ ਸਿੰਘ ਬੈਂਰੋਪੁਰ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਸਿਮਰਨਜੀਤ ਸਿੰਘ ਚੰਦੂਮਾਜਰਾ, ਇੰਜਨੀਅਰ ਅਮਰ ਸਿੰਘ ਰੰਧਾਵਾ, ਟਕਸਾਲੀ ਅਕਾਲੀ ਆਗੂ ਜਥੇਦਾਰ ਕਰਤਾਰ ਸਿੰਘ ਤਸਿੰਬਲੀ ਤੇ ਹੋਰ ਹਾਜ਼ਰ ਸਨ।

ਪੰਜਾਬ ਦੀ ਆਰਥਿਕਤਾ ਨੂੰ ਮਿਲੇਗਾ ਹੁਲਾਰਾ

ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਆਖਿਆ ਕਿ ਕੌਮਾਂਤਰੀ ਹਵਾਈ ਅੱਡਾ ਚਾਲੂ ਹੋਣ ਨਾਲ ਪੰਜਾਬ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਇਸ ਇਲਾਕੇ ਵਿੱਚ ਵਪਾਰਕ ਗਤੀਵਿਧੀਆਂ ਵਿੱਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਕੌਮਾਂਤਰੀ ਹਵਾਈ ਅੱਡੇ ਦਾ ਪੰਜਾਬ ਨੂੰ ਹੀ ਨਹੀਂ ਸਗੋਂ ਚੰਡੀਗੜ੍ਹ, ਹਿਮਾਚਲ, ਹਰਿਆਣਾ ਅਤੇ ਰਾਜਸਥਾਨ ਨੂੰ ਵੀ ਲਾਭ ਪੁੱਜੇਗਾ। ਹੁਣ ਲੋਕਾਂ ਨੂੰ ਵਿਦੇਸ਼ ਅਤੇ ਦੇਸ਼ ’ਚ ਆਉਣ ਲਈ ਦਿੱਲੀ ਨਹੀਂ ਜਾਣਾ ਪਵੇਗਾ।

Facebook Comment
Project by : XtremeStudioz