Close
Menu

ਛੇਵੇਂ ਕਬੱਡੀ ਵਿਸ਼ਵ ਕੱਪ ਦਾ ਉਦਘਾਟਨੀ ਸਮਾਰੋਹ ਰੂਪਨਗਰ ਵਿਖੇ ਹੋਵੇਗਾ: ਸੁਖਬੀਰ ਬਾਦਲ

-- 09 December,2014

*      ਖਾਲਸੇ ਦੀ ਜਨਮ ਭੂਮੀ ਆਨੰਦਪੁਰ ਸਾਹਿਬ ਨੂੰ ਇਕ ਹਫਤੇ ਅੰਦਰ ਸ੍ਰੀ ਆਨੰਦਪੁਰ ਸਾਹਿਬ ਦਾ ਮਿਲੇਗਾ ਦਰਜਾ
*      ਕਬੱਡੀ ਨੇ ਪੰਜਾਬ ਨੂੰ ਦੁਨੀਆਂ ਦੇ ਨਕਸ਼ੇ ‘ਤੇ ਉਭਾਰਿਆ

ਰੂਪਨਗਰ/ਚੰਡੀਗੜ੍ਹ,  ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਰੂਪਨਗਰ ਦੇ ਨਹਿਰੂ ਸਟੇਡੀਅਮ ਵਿਖੇ ਪੰਜਵੇਂ ਕਬੱਡੀ ਵਿਸ਼ਵ ਕੱਪ ਦੇ ਮੈਚਾਂ ਵਿੱਚ ਜੁੜੇ ਭਾਰੀ ਇਕੱਠ ਦਾ ਵੱਡਾ ਤੋਹਫਾ ਦਿੰਦਿਆਂ ਅਗਲੇ ਸਾਲ ਛੇਵੇਂ ਕਬੱਡੀ ਵਿਸ਼ਵ ਕੱਪ ਦਾ ਉਦਘਾਟਨੀ ਸਮਾਰੋਹ ਰੂਪਨਗਰ ਵਿਖੇ ਕਰਵਾਉਣ ਦਾ ਐਲਾਨ ਕੀਤਾ। ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਵੱਲੋਂ ਲੋਕਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਕੀਤੀ ਮੰਗ ਨੂੰ ਮੌਕੇ ‘ਤੇ ਪੂਰਾ ਕਰਦਿਆਂ ਇਹ ਵੀ ਐਲਾਨ ਕੀਤਾ ਕਿ ਖਾਲਸੇ ਦੀ ਜਨਮ ਭੂਮੀ ਆਨੰਦਪੁਰ ਸਾਹਿਬ ਨੂੰ ਸ੍ਰੀ ਆਨੰਦਪੁਰ ਸਾਹਿਬ ਦਾ ਦਰਜਾ ਦੇਣ ਲਈ ਇਕ ਹਫਤੇ ਦੇ ਅੰਦਰ-ਅੰਦਰ ਨੋਟੀਫਿਕੇਸ਼ਨ ਕਰ ਕੇ ਖਾਲਸੇ ਦੀ ਜਨਮ ਭੂਮੀ ਨੂੰ ਸਿਜਦਾ ਕੀਤਾ ਜਾਵੇਗਾ।
ਸ. ਬਾਦਲ ਅੱਜ ਰੂਪਨਗਰ ਵਿਖੇ ਪੰਜਵੇਂ ਕਬੱਡੀ ਵਿਸ਼ਵ ਕੱਪ ਦੇ ਖੇਡੇ ਗਏ ਚਾਰ ਮੈਚਾਂ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਸਨ। ਸ. ਬਾਦਲ ਨੇ ਪੰਜਾਬ ਪੁੱਜੀਆਂ ਸਾਰੀਆਂ 14 ਮੁਲਕਾਂ ਦੀਆਂ 19 ਟੀਮਾਂ ਦਾ ਸਵਾਗਤ ਕਰਨ ਦੇ ਨਾਲ ਸ਼ੁਭਕਾਮਨਾਵਾਂ ਵੀ ਦਿੱਤੀਆਂ। ਉਨ੍ਹਾਂ ਕਿਹਾ ਕਿ ਕਬੱਡੀ ਨੇ ਪੰਜਾਬ ਨੂੰ ਕੁੱਲ ਦੁਨੀਆਂ ਵਿੱਚ ਉਭਾਰਿਆ ਹੈ ਅਤੇ ਪੰਜਾਬ ਸਰਕਾਰ ਕਬੱਡੀ ਖਿਡਾਰੀਆਂ ਦੀ ਸਦਾ ਰਿਣੀ ਰਹੇਗੀ।
ਉਪ ਮੁੱਖ ਮੰਤਰੀ ਸ. ਬਾਦਲ ਨੇ ਕਿਹਾ ਕਿ ਰੂਪਨਗਰ ਵਾਸੀਆਂ ਨੇ ਕਬੱਡੀ ਮੈਚਾਂ ਦੌਰਾਨ ਭਾਰੀ ਇਕੱਠ ਕਰ ਕੇ ਖਿਡਾਰੀਆਂ ਦਾ ਦਿਲ ਜਿੱਤ ਲਿਆ ਹੈ ਅਤੇ ਹੁਣ ਪੰਜਾਬ ਸਰਕਾਰ ਉਨ੍ਹਾਂ ਦੀਆਂ ਖੇਡ ਭਾਵਨਾਵਾਂ ਦੀ ਕਦਰ ਕਰਦੀ ਹੋਈ ਅਗਲੇ ਸਾਲ ਛੇਵੇਂ ਕਬੱਡੀ ਵਿਸ਼ਵ ਕੱਪ ਦਾ ਇਸ ਇਤਿਹਾਸਕ ਤੇ ਧਾਰਮਿਕ ਧਰਤੀ ਤੋਂ ਕਰੇਗੀ। ਉਨ੍ਹਾਂ ਕਿਹਾ ਕਿ ਸੂਬੇ ਦੇ ਹਰ ਵਸਨੀਕ ਨੂੰ ਕਬੱਡੀ ਖੇਡ ਦਿਖਾਉਣ ਲਈ ਇਸ ਵਾਰ ਨਵੇਂ ਪਿੰਡਾਂ ਤੇ ਸ਼ਹਿਰਾਂ ਨੂੰ ਮੈਚਾਂ ਲਈ ਚੁਣਿਆ ਗਿਆ ਹੈ ਅਤੇ ਇਸੇ ਸਿਲਸਿਲੇ ਵਿੱਚ ਅਗਲੇ ਸਾਲ ਉਦਘਾਟਨੀ ਸਮਾਰੋਹ ਵੀ ਪਹਿਲੀ ਵਾਰ ਰੂਪਨਗਰ ਵਿਖੇ ਹੋਵੇਗਾ।
ਸ.ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਕਬੱਡੀ, ਹਾਕੀ ਸਮੇਤ ਹਰ ਖੇਡ ਨੂੰ ਉਪਰ ਚੁੱਕਣ ਲਈ ਵਚਨਬੱਧ ਹੈ ਜਿਸ ਤਹਿਤ ਮੁਹਾਲੀ ਵਿਖੇ ਵਿਸ਼ਵ ਪੱਧਰ ਦਾ ਅਤਿ-ਆਧੁਨਿਕ ਸਹੂਲਤਾਂ ਵਾਲਾ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਬਣਾਇਆ ਹੈ ਜਿਸ ਵਿੱਚ 11 ਵੱਖ-ਵੱਖ ਖੇਡਾਂ ਦੇ ਡਾਇਰੈਕਟਰੋਟ ਹੋਣਗੇ ਅਤੇ ਹਰ ਖੇਡ ਨਾਲ ਜੁੜਿਆ ਪ੍ਰਸਿੱਧ ਖਿਡਾਰੀ ਸਬੰਧਤ ਖੇਡ ਦਾ ਡਾਇਰੈਕਟਰ ਹੋਵੇਗਾ ਜਿਹੜਾ ਖੇਡ ਵਿਭਾਗ ਨਾਲ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਹਰ ਖੇਡ ਦਾ ਡਾਇਰੈਕਟੋਰੇਟ ਪਿੰਡਾਂ, ਸ਼ਹਿਰਾਂ ਵਿੱਚ ਛੋਟੀ ਉਮਰ ਦੇ ਖਿਡਾਰੀਆਂ ਨੂੰ ਚੁਣ ਕੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਲਈ ਤਿਆਰ ਕਰੇਗਾ ਅਤੇ ਇਨ੍ਹਾਂ ਖਿਡਾਰੀਆਂ ਦੇ ਰਹਿਣ, ਸਹਿਣ, ਖਾਣ-ਪੀਣ, ਕੋਚਿੰਗ, ਕਿੱਟਾਂ ਆਦਿ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ। ਸ. ਬਾਦਲ ਨੇ ਇਹ ਵੀ ਐਲਾਨ ਕੀਤਾ ਕਿ 16 ਦਸੰਬਰ ਨੂੰ ਆਉਣ ਵਾਲੀ ਕੈਬਨਿਟ ਮੀਟਿੰਗ ਵਿੱਚ ਓਲੰਪਿਕ, ਰਾਸ਼ਟਰਮੰਡਲ ਤੇ ਏਸ਼ਿਆਈ ਖੇਡਾਂ ਵਿੱਚ ਜਿੱਤਾਂ ਹਾਸਲ ਕਰਨ ਵਾਲੇ 125 ਖਿਡਾਰੀਆਂ ਨੂੰ ਨੌਕਰੀ ਦੇਣ ਦਾ ਪ੍ਰਸਤਾਵ ਪਾਸ ਕੀਤਾ ਜਾਵੇਗਾ।
ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਖੇਤਰ ਵਿੱਚ ਤਰੱਕੀ ਲਈ ਵਚਨਬੱਧ ਹੈ ਅਤੇ ਪਿਛਲੇ 8 ਸਾਲਾਂ ਵਿੱਚ ਸਿੱਖਿਆ, ਖੇਡਾਂ, ਬੁਨਿਆਦੀ ਢਾਂਚੇ, ਬਿਜਲੀ ਆਦਿ ਖੇਤਰ ਵਿੱਚ ਇਨਕਲਾਬੀ ਕਦਮ ਚੁੱਕੇ ਗਏ ਹਨ। ਨਵੇਂ ਥਰਮਲ ਪਲਾਂਟਾਂ ਦੀ ਉਸਾਰੀ ਨਾਲ ਪੰਜਾਬ ਵਾਧੂ ਬਿਜਲੀ ਵਾਲਾ ਸੂਬਾ ਬਣਿਆ ਹੈ। ਉਨ੍ਹਾਂ ਕਿਹਾ ਕਿ ਆਉਂਦੇ ਸਮੇਂ ਵਿੱਚ 11000 ਕਰੋੜ ਰੁਪਏ ਖਰਚ ਕੇ ਸੜਕਾਂ ਦਾ ਜਾਲ ਵਿਛਾਏਗਾ ਜਿਸ ਨਾਲ ਪੰਜਾਬ ਦਾ ਹਰ ਸ਼ਹਿਰ, ਕਸਬਾ ਚਾਰ ਤੇ ਛੇ ਮਾਰਗੀ ਨਾਲ ਜੋੜੇਗਾ। ਉਨ੍ਹਾਂ ਕਿਹਾ ਕਿ ਰੂਪਨਗਰ-ਫਗਵਾੜਾ, ਚੰਡੀਗੜ੍ਹ-ਲੁਧਿਆਣਾ, ਚੰਡੀਗੜ੍ਹ-ਬਠਿੰਡਾ, ਅੰਮ੍ਰਿਤਸਰ-ਗੰਗਾਨਗਰ ਨੂੰ ਚਾਰ-ਛੇ ਮਾਰਗੀ ਬਣਾਇਆ ਜਾਵੇਗਾ। ਆਉਂਦੇ ਡੇਢ ਸਾਲ ਵਿੱਚ ਪੇਂਡੂ ਲਿੰਕ ਸੜਕਾਂ ਨੂੰ ਚੌੜਾ ਕੀਤਾ ਜਾਵੇਗਾ।
ਉਪ ਮੁੱਖ ਮੰਤਰੀ ਨੇ ਸੂਬਾ ਵਾਸੀਆਂ ਨੂੰ ਨਾਗਰਿਕ ਸਹੂਲਤਾਂ ਦੇਣ ਲਈ 3-4 ਪਿੰਡਾਂ ,ਜਿਨ੍ਹਾਂ ਦੀ ਆਬਾਦੀ ਮਿਲ ਕੇ 5000 ਬਣਦੀ ਹੋਵੇ, ਲਈ ਇਕ-ਇਕ ਸੇਵਾਂ ਕੇਂਦਰ ਖੋਲ੍ਹਿਆ ਜਾਵੇਗਾ ਜਿੱਥੇ 200 ਨਾਗਰਿਕ ਸੇਵਾਵਾਂ ਦਿੱਤੀਆਂ ਜਾਣਗੀਆਂ ਜਿਹੜੀਆਂ ਇਸ ਤੋਂ ਪਹਿਲਾਂ ਸਿਰਫ ਜ਼ਿਲਾ ਜਾਂ ਸੂਬਾ ਪੱਧਰ ‘ਤੇ ਹੀ ਮਿਲਦੀਆਂ ਸਨ। ਸ. ਬਾਦਲ ਨੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦੀ ਇਸ ਗੱਲੋਂ ਸ਼ਲਾਘਾ ਕੀਤੀ ਜਿੱਥੇ ਉਹ ਸਿੱਖਿਆ ਵਿਭਾਗ ਵਿੱਚ ਵਧੀਆ ਕੰਮ ਕਰ ਰਹੇ ਹਨ ਉਥੇ ਇਤਿਹਾਸਕ ਤੇ ਧਾਰਮਿਕ ਜ਼ਿਲੇ ਰੂਪਨਗਰ ਵਿੱਚ ਵਿਕਾਸ ਕਾਰਜਾਂ ਨੂੰ ਤਨਦੇਹੀ ਨਾਲ ਅੰਜ਼ਾਮ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਦਾ ਭਾਰੀ ਇਕੱਠ ਡਾ. ਚੀਮਾ ਦੀਆਂ ਸੇਵਾਵਾਂ ਸਦਕਾ ਹੀ ਹੋਇਆ ਹੈ।
ਸ. ਬਾਦਲ ਨੇ ਇਸ ਮੌਕੇ ਪਾਕਿਸਤਾਨ ਤੇ ਡੈਨਮਾਰਕ ਦੀਆਂ ਟੀਮਾਂ ਨਾਲ ਜਾਣ-ਪਛਾਣ ਕਰ ਕੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਵੀ ਕੀਤੀ। ਉਨ੍ਹਾਂ ਪਾਕਿਸਤਾਨ ਤੇ ਮੈਕਸੀਕੋ ਦੀਆਂ ਮਹਿਲਾ ਟੀਮਾਂ ਵਿਚਾਲੇ ਹੋਏ ਮੈਚ ਦਾ ਆਨੰਦ ਮਾਣਿਆ।
ਇਸ ਮੌਕੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਸਿਕੰਦਰ ਸਿੰਘ ਮਲੂਕਾ, ਮੁੱਖ ਸੰਸਦੀ ਸਕੱਤਰ ਚੌਧਰੀ ਨੰਦ ਲਾਲ ਤੇ ਸ. ਇੰਦਰਬੀਰ ਸਿੰਘ ਬੁਲਾਰੀਆ, ਵਿਧਾਇਕ ਸ. ਪਰਗਟ ਸਿੰਘ, ਸਾਬਕਾ ਮੰਤਰੀ ਬੀਬੀ ਸਤਵੰਤ ਕੌਰ ਸੰਧੂ, ਸਾਬਕਾ ਵਿਧਾਇਕ ਜਥੇਦਾਰ ਉਜਾਗਰ ਸਿੰਘ ਬਡਾਲੀ, ਪੀ.ਆਰ.ਟੀ.ਸੀ. ਦੇ ਚੇਅਰਮੈਨ ਸ. ਅਵਤਾਰ ਸਿੰਘ ਬਰਾੜ, ਜ਼ਿਲਾ ਜਥੇਦਾਰ ਸ. ਮੋਹਣ ਸਿੰਘ ਢਾਹੀ, ਸ. ਪਰਮਜੀਤ ਸਿੰਘ ਮੱਕੜ, ਸ਼੍ਰੋਮਣੀ ਕਮੇਟੀ ਮੈਂਬਰ ਸ.ਅਮਰਜੀਤ ਸਿੰਘ ਚਾਵਲਾ, ਸ. ਪਰਮਜੀਤ ਸਿੰਘ ਲੱਖੇਵਾਲ ਤੇ ਸ. ਅਜਮੇਰ ਸਿੰਘ ਖੇੜਾ, ਮਾਰਕੀਟ ਕਮੇਟੀ ਦਾ ਚੇਅਰਮੈਨ ਸ. ਮਨਜੀਤ ਸਿੰਘ ਘਨੌਲੀ, ਜ਼ਿਲਾ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਸਿੰਘ ਬਾਜਵਾ, ਆਈ.ਜੀ. ਸ. ਪਰਮਜੀਤ ਸਿੰਘ ਗਿੱਲ, ਡੀ.ਆਈ.ਜੀ. ਸ੍ਰੀ ਆਰ.ਕੇ.ਜੈਸਵਾਲ, ਖੇਡ ਵਿਭਾਗ ਦੇ ਡਾਇਰੈਕਟਰ ਸ੍ਰੀ ਤੇਜਿੰਦਰ ਸਿੰਘ ਧਾਲੀਵਾਲ, ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂੰ ਕਸ਼ਯੱਪ ਤੇ ਐਸ.ਐਸ.ਪੀ. ਸ੍ਰੀ ਵਰਿੰਦਰ ਪਾਲ ਸਿੰਘ ਆਦਿ ਹਾਜ਼ਰ ਸਨ।

Facebook Comment
Project by : XtremeStudioz