Close
Menu

ਛੱਤੀਸਗੜ੍ਹ ‘ਚ ਨਕਸਲੀ ਹਮਲਾ-14 ਜਵਾਨ ਸ਼ਹੀਦ

-- 03 December,2014

ਰਾਏਪੁਰ, ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਸੁਕਮਾ ਜ਼ਿਲ੍ਹੇ ‘ਚ ਸੋਮਵਾਰ ਸ਼ਾਮ ਨੂੰ ਨਕਸਲੀਆਂ ਨੇ ਵੱਡਾ ਹਮਲਾ ਕੀਤਾ ਜਿਸ ਵਿਚ ਸੀ. ਆਰ. ਪੀ. ਐਫ. ਦੇ 14 ਜਵਾਨ ਸ਼ਹੀਦ ਹੋ ਗਏ ਅਤੇ ਇਕ ਦਰਜਨ ਜ਼ਖ਼ਮੀ ਹੋ ਗਏ। ਰਿਪੋਰਟਾਂ ਅਨੁਸਾਰ ਵੱਡੀ ਗਿਣਤੀ ‘ਚ ਹਥਿਆਰਾਂ ਨਾਲ ਲੈਸ ਨਕਸਲੀਆਂ ਨੇ ਸੁਕਮਾ ਜ਼ਿਲ੍ਹੇ ਦੇ ਚਿੰਤਾਗੁਫਾ ਖੇਤਰ ‘ਚ ਸੀ. ਆਰ. ਪੀ. ਐਫ. ਦੀ 233 ਬਟਾਲੀਅਨ ਦੀ ਗਸ਼ਤੀ ਟੁਕੜੀ ‘ਤੇ ਹਮਲਾ ਕਰ ਦਿੱਤਾ। ਖਬਰਾਂ ਅਨੁਸਾਰ ਨਕਸਲੀਆਂ ਨੇ ਪਿੰਡ ਵਾਲਿਆਂ ਨੂੰ ਢਾਲ ਬਣਾ ਕੇ ਹਮਲਾ ਕੀਤਾ। ਹਮਲੇ ‘ਚ 14 ਜਵਾਨ ਸ਼ਹੀਦ ਹੋ ਗਏ। ਰਿਪੋਰਟਾਂ ਅਨੁਸਾਰ ਸ਼ਹੀਦ ਹੋਣ ਵਾਲੇ ਜਵਾਨਾਂ ‘ਚ ਸੀ. ਆਰ. ਪੀ. ਐਫ. ਦੇ ਦੋ ਅਧਿਕਾਰੀ ਇਕ ਡਿਪਟੀ ਕਮਾਂਡੈਂਟ ਅਤੇ ਇਕ ਸਹਾਇਕ ਕਮਾਂਡੈਂਟ ਵੀ ਸ਼ਾਮਿਲ ਹਨ। ਪਿਛਲੇ 10 ਦਿਨਾਂ ਤੋਂ ਇਸ ਇਲਾਕੇ ‘ਚ ਸੀ. ਆਰ. ਪੀ. ਐਫ. ਦਾ ਨਕਸਲੀਆਂ ਵਿਰੁੱਧ ਆਪਰੇਸ਼ਨ ਚੱਲ ਰਿਹਾ ਸੀ। ਅੱਜ ਸਵੇਰੇ ਸਾਢੇ 10 ਵਜੇ ਸੀ ਆਰ ਪੀ ਐਫ ਨੇ ਫਿਰ ਤਲਾਸ਼ੀ ਮੁਹਿੰਮ ਚਲਾਈ ਸੀ। ਸੀ. ਆਰ. ਪੀ. ਐਫ. ਦੇ ਜਵਾਨ ਮੁਹਿੰਮ ਤੋਂ ਵਾਪਸ ਸ਼ਾਮ ਨੂੰ ਮੁੜ ਰਹੇ ਸਨ, ਜਦ ਉਨ੍ਹਾਂ ‘ਤੇ ਹਮਲਾ ਕੀਤਾ ਗਿਆ। ਅੱਜ ਦੀ ਘਟਨਾ ਨੇ ਮੁੱਖ ਮੰਤਰੀ ਰਮਨ ਸਿੰਘ ਦੇ ਉਸ ਬਿਆਨ ਦੀ ਖਿੱਲੀ ਉਡਾਈ ਹੈ ਜਿਸ ਵਿਚ ਉਨ੍ਹਾਂ ਨੇ ਐਤਵਾਰ ਨੂੰ ਭਰੋਸਾ ਦਿੱਤਾ ਸੀ ਕਿ ਬਹੁਤ ਜਲਦ ਛੱਤੀਸਗੜ੍ਹ ਨਕਸਲੀਆਂ ਤੋਂ ਮੁਕਤ ਹੋ ਜਾਵੇਗਾ। ਪੁਲਿਸ ਦੇ ਏ. ਆਈ. ਜੀ. ਅਤੇ ਨਕਸਲ ਮੁਹਿੰਮ ਦੇ ਇੰਚਾਰਜ ਆਰ ਕੇ ਮਿੰਜ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜ਼ਖਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨੇੜਲੇ ਕੈਂਪਾਂ ਅਤੇ ਪੁਲਿਸ ਥਾਣਿਆਂ ਤੋਂ ਹੋਰ ਪੁਲਿਸ ਫੋਰਸ ਨੂੰ ਘਟਨਾ ਸਥਾਨ ‘ਤੇ ਭੇਜਿਆ ਗਿਆ ਹੈ।
ਵਰਨਣਯੋਗ ਹੈ ਕਿ ਸੁਕਮਾ ਜ਼ਿਲ੍ਹੇ ‘ਚ ਨਕਸਲੀ ਕਈ ਵੱਡੇ ਹਮਲਿਆਂ ਨੂੰ ਅੰਜ਼ਾਮ ਦੇ ਚੁੱਕੇ ਹਨ। 25 ਮਈ 2013 ਨੂੰ ਨਕਸਲੀਆਂ ਨੇ ਕਾਂਗਰਸ ਦੀ ਪਰਿਵਰਤਨ ਯਾਤਰਾ ਦੇ ਕਾਫਲੇ ‘ਤੇ ਵੱਡਾ ਹਮਲਾ ਕਰ ਦਿੱਤਾ ਸੀ। ਇਸ ਹਮਲੇ ‘ਚ ਛੱਤੀਸਗੜ੍ਹ ਕਾਂਗਰਸ ਦੇ ਸੂਬਾ ਪ੍ਰਧਾਨ ਨੰਦ ਕੁਮਾਰ ਪਟੇਲ, ਵਿਰੋਧੀ ਧਿਰ ਦੇ ਨੇਤਾ ਰਹੇ ਅਤੇ ਨਕਸਲੀਆਂ ਖਿਲਾਫ਼ ਸਲਵਾ ਜੁਡੂਮ ਮੁਹਿੰਮ ਛੇੜਨ ਵਾਲੇ ਮਹਿੰਦਰ ਕਰਮਾ ਅਤੇ ਸਾਬਕਾ ਕਾਂਗਰਸੀ ਵਿਧਾਇਕ ਉਦੈ ਮੁਦਲਿਆਰ ਸਮੇਤ 27 ਲੋਕਾਂ ਦੀ ਮੌਤ ਹੋ ਗਈ ਸੀ।

Facebook Comment
Project by : XtremeStudioz