Close
Menu

ਜਥੇਦਾਰ ਦੇ ਬਿਆਨ ਦੀ ਸਿੱਖ ਵਿਦਵਾਨਾਂ ਵੱਲੋਂ ਆਲੋਚਨਾ

-- 19 May,2015

ਅੰਮ੍ਰਿਤਸਰ-ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਸਿੱਖ ਆਬਾਦੀ ਨੂੰ ਵਧਾਉਣ ਲਈ ਸਿੱਖਾਂ ਨੂੰ ਚਾਰ ਬੱਚੇ ਪੈਦਾ ਕਰਨ ਦੇ ਦਿੱਤੇ ਸੰਦੇਸ਼ ਨਾਲ ਸਿੱਖ ਬੁੱਧੀਜੀਵੀਆਂ ਨੇ ਅਸਹਿਮਤੀ ਪ੍ਰਗਟਾਉਂਦਿਆਂ ਆਖਿਆ ਕਿ ਜੇਕਰ ਪਤਿਤਪੁਣੇ ਅਤੇ ਨਸ਼ਿਆਂ ਦੇ ਰੁਝਾਨ ਨੂੰ ਠੱਲ ਪਾ ਲਈ ਜਾਵੇ ਤਾਂ ਸਿੱਖ ਆਬਾਦੀ ਵੱਧ ਸਕਦੀ ਹੈ।
ਅਕਾਲ ਤਖ਼ਤ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਭਗਵਾਨ ਸਿੰਘ ਨੇ ਆਖਿਆ ਕਿ ਧਾਰਮਿਕ ਅਹੁਦੇ ’ਤੇ ਬੈਠੇ ਵਿਅਕਤੀ ਵੱਲੋਂ ਆਬਾਦੀ ਵਧਾਉਣ ਲਈ ਚਾਰ ਬੱਚੇ ਪੈਦਾ ਕਰਨ ਦਾ ਬਿਆਨ ਦੇਣਾ ਹੀ ਹਾਸੋਹੀਣਾ ਹੈ। ਉਨ੍ਹਾਂ ਆਖਿਆ ਕਿ ਜਨਮ ਅਤੇ ਮੌਤ ਕੁਦਰਤ ਦੇ ਹੱਥ ਹੈ ਤੇ ਚਾਰ ਬੱਚੇ ਪੈਦਾ ਕਰਨਾ ਕੁਦਰਤ ਨੂੰ ਚੁਣੌਤੀ ਦੇਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਮੰਨੂੰ ਦੇ ਸਮੇਂ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ ਅਤੇ ਚੁਣ ਚੁਣ ਕੇ ਸਿੱਖਾਂ ਨੂੰ ਮਾਰਿਆ ਜਾਂਦਾ ਸੀ, ਉਸ ਵੇਲੇ ਵੀ ਸਿੱਖ ਆਬਾਦੀ ਘੱਟ ਨਹੀਂ ਹੋਈ ਸੀ ਅਤੇ ਨਾ ਹੀ ਇਸ ਤਰੀਕੇ ਨਾਲ ਆਬਾਦੀ ਨੂੰ ਵਧਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਜੇ ਪਤਿਤਪੁਣੇ ਨੂੰ ਰੋਕ ਲਿਆ ਜਾਵੇ ਅਤੇ ਪਤਿਤ ਹੋਏ ਸਿੱਖਾਂ ਨੂੰ ਮੁੜ ਸਿੱਖੀ ਦੀ ਮੁੱਖ ਧਾਰਾ ਵਿੱਚ ਸ਼ਾਮਲ ਕਰ ਲਿਆ ਜਾਵੇ ਤਾਂ  ਸਿੱਖਾਂ ਦੀ ਗਿਣਤੀ ਵੱਧ ਜਾਵੇਗੀ।
ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਕੁਲਵੰਤ ਸਿੰਘ ਨੇ ਆਖਿਆ ਕਿ ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਸਿੱਖ ਆਬਾਦੀ ਘੱਟ ਰਹੀ ਹੈ। ਪਰ ਚਾਰ ਬੱਚੇ ਪੈਦਾ ਕਰਨ ਦੇ ਸੰਦੇਸ਼ ਦੇਣ ਤੋਂ ਪਹਿਲਾਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਪਤਿਤ ਹੋਏ ਸਿੱਖਾਂ ਅਤੇ ਨਸ਼ਿਆਂ ਕਾਰਨ ਸਿੱਖੀ ਛੱਡ ਰਹੇ ਨੌਜਵਾਨਾਂ ਨੂੰ ਮੁੜ ਸਿੱਖੀ ਵਿੱਚ ਲਿਆਉਣ ਵਾਸਤੇ ਯਤਨ ਕਰਨੇ ਚਾਹੀਦੇ ਹਨ। ਇਸ ਤੋਂ ਇਲਾਵਾ ਜੇਕਰ ਬੇਰੁਜ਼ਗਾਰੀ ਦੀ ਸਮੱਸਿਆ ਦਾ ਹੱਲ ਹੋ ਜਾਵੇ ਤਾਂ ਸਿੱਖ ਵਿਦੇਸ਼ਾਂ ਵਿੱਚ ਨਹੀਂ ਜਾਣਗੇ, ਜਿਸ ਨਾਲ ਆਬਾਦੀ ਵਿੱਚ ਵਾਧਾ ਹੋ ਸਕਦਾ ਹੈ।
ਸ੍ਰੀ ਗੁਰੂ ਸਿੰਘ ਸਭਾ ਦੇ ਆਗੂ ਗੁਰਪ੍ਰੀਤ ਸਿੰਘ ਨੇ ਆਖਿਆ ਕਿ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਸਿੱਖ ਕੌਮ ਨੂੰ ਅਜਿਹਾ ਸੰਦੇਸ਼ ਦੇਣਾ ਮੰਦਭਾਗਾ ਹੈ। ਉਨ੍ਹਾਂ ਆਖਿਆ ਕਿ ਇੰਜ ਪ੍ਰਤੀਤ ਹੁੰਦਾ ਹੈ ਕਿ ਇਹ ਸੰਦੇਸ਼ ਸਿਆਸੀ ਮੁਫਾਦਾਂ ਨੂੰ ਪੂਰਾ ਕਰਦਾ ਹੈ। ਉਨ੍ਹਾਂ ਆਖਿਆ ਕਿ ਚੰਗਾ ਹੁੰਦਾ ਜੇਕਰ ਅਕਾਲ ਤਖ਼ਤ ਦੇ ਜਥੇਦਾਰ ਸਿੱਖ ਕਿਰਦਾਰ ਨੂੰ ਪ੍ਰਪੱਕ ਕਰਨ ਅਤੇ ਸਿੱਖ ਸਿਧਾਂਤਾਂ ਵੱਲ ਉਤਸ਼ਾਹਤ ਕਰਨ ਲਈ ਸੰਦੇਸ਼ ਦਿੰਦੇ। ਉਨ੍ਹਾਂ ਆਖਿਆ ਕਿ 18ਵੀਂ ਤੇ 19ਵੀਂ ਸਦੀ ਵਿੱਚ ਸਿੱਖਾਂ ਦੀ ਗਿਣਤੀ ਭਾਵੇਂ ਘੱਟ ਸੀ ਪਰ ਉਨ੍ਹਾਂ ਦੇ ਕਿਰਦਾਰ ਤੇ ਸਿਧਾਂਤਾਂ ਕਾਰਨ ਉਨ੍ਹਾਂ ਦਾ ਬੋਲਬਾਲਾ ਸੀ।
ਸਿੱਖ ਵਿਦਵਾਨ ਅਸ਼ੋਕ ਸਿੰਘ ਬਾਗੜੀਆ ਨੇ ਆਖਿਆ ਕਿ ਇਹ ਵਿਚਾਰ ਜਥੇਦਾਰ ਦੇ ਨਿੱਜੀ ਵਿਚਾਰ ਹਨ ਅਤੇ ਇਸ ਨੂੰ ਆਲੋਚਨਾ ਦੀ ਦ੍ਰਿਸ਼ਟੀ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ ਕਿਉਂਕਿ ਇਸ ਸੰਦੇਸ਼ ਦਾ ਸਿੱਖ ਧਰਮ ਨਾਲ ਕੋਈ ਵਾਸਤਾ ਨਹੀਂ ਹੈ। ਇਸ ਮੁੱਦੇ ’ਤੇ ਬੇਲੋੜਾ ਵਿਵਾਦ ਨਹੀਂ ਖੜ੍ਹਾ ਕਰਨਾ ਚਾਹੀਦਾ। ਇਸ ਦੌਰਾਨ ਫੈਡਰੇਸ਼ਨ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਨੇ ਆਖਿਆ ਕਿ ਅਜਿਹੇ ਸੰਦੇਸ਼ ਨਾਲੋਂ ਜਥੇਦਾਰ ਨੂੰ ਪਿੰਡ ਪੱਧਰ ’ਤੇ ਜਾ ਕੇ ਨੌਜਵਾਨਾਂ ਦੀ ਮੌਜੂਦਾ ਸਥਿਤੀ ਦੇਖਣੀ ਚਾਹੀਦੀ ਹੈ, ਜੋ ਨਿਰੰਤਰ ਨਸ਼ਿਆਂ ਵੱਲ ਪ੍ਰੇਰਿਤ ਹੋ ਰਹੇ ਹਨ ਅਤੇ ਬੇਰੁਜ਼ਗਾਰੀ ਵੱਧ ਰਹੀ ਹੈ। ਉਨ੍ਹਾਂ ਆਖਿਆ ਕਿ ਹੈਰਾਨੀ ਵਾਲੀ ਗੱਲ ਹੈ ਕਿ ਇਸ ਮਾਮਲੇ ਵਿੱਚ ਅਕਾਲੀ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਦੋਵੇਂ ਚੁੱਪ ਹਨ। ਉਨ੍ਹਾਂ ਆਖਿਆ ਕਿ ਜਥੇਦਾਰ ਦਾ ਬਿਆਨ ਸਿਰਫ ਵੋਟ ਬੈਂਕ ਨੂੰ ਵਧਾਉਣ ਵੱਲ ਇਸ਼ਾਰਾ ਕਰਦਾ ਹੈ, ਜੋ ਕਿ ਸਿਆਸੀ ਹਿੱਤਾਂ ਨਾਲ ਜੁੜਿਆ ਹੋਇਆ ਹੈ।

Facebook Comment
Project by : XtremeStudioz