Close
Menu

ਜਥੇਦਾਰ ਨੂੰ ਮਾਹੌਲ ਖ਼ਰਾਬ ਹੋਣ ਦਾ ਖ਼ਦਸ਼ਾ

-- 22 September,2015

ਪਟਿਆਲਾ, 22 ਸਤੰਬਰ
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸ਼ੰਕਾ ਜ਼ਾਹਰ ਕੀਤੀ ਹੈ ਕਿ ਫਿਲਮ ‘ਐਮਐਸਜੀ-2’ ਰਿਲੀਜ਼ ਹੋਣ ਨਾਲ ਪੰਜਾਬ ਦਾ ਮਾਹੌਲ ਖ਼ਰਾਬ ਹੋ ਸਕਦਾ ਹੈ। ੳੁਨ੍ਹਾਂ ਕਿਹਾ ਕਿ ਇਸ ਲੲੀ ਇਸ ਵਿਵਾਦਿਤ ਫਿਲਮ ‘ਤੇ ਪੰਜਾਬ ਸਰਕਾਰ ਵੱਲੋਂ ਜਿਸ ਤਰੀਕੇ ਨਾਲ ਵੀ ਪਾਬੰਦੀ ਅਾਇਦ ਕੀਤੀ ਗੲੀ ਹੈ, ੳੁਹ ਸ਼ਲਾਘਾਯੋਗ ਕਦਮ ਹੈ।
ਗਿਆਨੀ ਗੁਰਬਚਨ ਸਿੰਘ ਅੱਜ ਇੱਥੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ‘ਛਿਆਨਵੇਂ ਕਰੋੜੀ’ ਦੇ ਮੁਖੀ ਜਥੇਦਾਰ ਬਲਬੀਰ ਸਿੰਘ ਦੇ ਚਾਰ ਪਰਿਵਾਰਕ ਮੈਂਬਰਾਂ ਦੇ ਬਰਸੀ ਸਮਾਗਮ ਵਿੱਚ ਸ਼ਮੂਲੀਅਤ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਦੱਸਣਯੋਗ ਹੈ ਕਿ ਡੇਰਾ ਸਿਰਸਾ ਦੇ  ਪੈਰੋਕਾਰਾਂ ਵੱਲੋਂ ਇਸ ਫਿਲਮ ਨੂੰ ਪੰਜਾਬ ਵਿੱਚ ਰਿਲੀਜ਼ ਕਰਵਾਉਣ ਦੀ ਮੰਗ ’ਤੇ ਸੰਘਰਸ਼ ਵਿੱਢਿਆ ਹੋਇਆ ਹੈ। ਦੂਜੇ ਪਾਸੇ ਪੰਜਾਬ ਸਰਕਾਰ ਸਫ਼ਾਈ ਦੇ ਰਹੀ ਹੈ ਕਿ  ਇਸ ਫਿਲਮ ‘ਤੇ ਪਾਬੰਦੀ ਨਹੀਂ ਲਗਾਈ ਗਈ ਜਦਕਿ ਡੇਰਾ ਪੈਰੋਕਾਰਾਂ ਦਾ ਸ਼ਿਕਵਾ ਹੈ ਕਿ ਸਰਕਾਰ ਦੇ ਇਸ਼ਾਰੇ ’ਤੇ ਹੀ ਇਸ ਫਿਲਮ ਨੂੰ ਅਣਐਲਾਨੀ ਪਾਬੰਦੀ ਦੇ ਘੇਰੇ ਵਿੱਚ ਲਿਆ ਹੋਇਆ ਹੈ। ਅਜਿਹੇ ਵਿੱਚ ਸੂਬੇ ਦੇ ਸਿਨੇਮਾ ਘਰਾਂ ਵਾਲੇ ਇਸ ਫਿਲਮ ਨੂੰ ਰਿਲੀਜ਼ ਕਰਨ ਤੋਂ ਝਿਜਕ ਰਹੇ ਹਨ।
ਅੱਜ ਇਸ ਮਾਮਲੇ ਨੂੰ ਅਕਾਲ ਤਖ਼ਤ ਦੇ ਜਥੇਦਾਰ ਨੇ ਨਵਾਂ ਮੋੜ ਦਿੰਦਿਆਂ ਆਖਿਆ ਹੈ  ਕਿ ਪੰਜਾਬ ਸਰਕਾਰ ਨੇ ਇਸ ਫਿਲਮ ‘ਤੇ ਪਾਬੰਦੀ ਲਗਾਕੇ ਸ਼ਲਾਘਾਯੋਗ ਕਦਮ ਚੁੱਕਿਆ ਹੈ। ਉਂਜ ਗਿਆਨੀ ਗੁਰਬਚਨ ਸਿੰਘ ਇਹ ਸਪੱਸ਼ਟ ਨਹੀਂ ਕਰ ਸਕੇ ਕਿ ਇਸ ਫਿਲਮ ’ਤੇ ਸਰਕਾਰ ਵੱਲੋਂ ਕਿਸ ਪੱਧਰ ‘ਤੇ ਪਾਬੰਦੀ ਲਾੲੀ ਕੀਤੀ ਗੲੀ ਹੈ। ਇਸ ਮੁੱਦੇ ‘ਤੇ ਪੱਤਰਕਾਰਾਂ ਦੇ ਸਵਾਲਾਂ ’ਤੇ ਜਥੇਦਾਰ ਨੇ ਆਖਿਆ ਕਿ  ਜਦੋਂ ਅਸਲ ਕਹਾਣੀ ’ਤੇ ਆਧਾਰਿਤ ਫਿਲਮ ‘ਸੁੱਖਾ ਜਿੰਦਾ’, ਜਿਸਨੂੰ ਸੈਂਸਰ ਬੋਰਡ ਨੇ ਵੀ ਪਾਸ ਕਰ ਦਿੱਤਾ ਸੀ, ’ਤੇ ਕੇਂਦਰ ਸਰਕਾਰ ਵੱਲੋਂ ਪਾਬੰਦੀ ਲਗਾਈ ਜਾ ਸਕਦੀ ਹੈ ਤਾਂ ਫਿਰ ਡੇਰਾ ਸਿਰਸਾ ਦੇ ਮੁਖੀ ਦੀ ਅਹਿਮ ਭੂਮਿਕਾ ਆਧਾਰਿਤ ਫਿਲਮ ‘ਤੇ ਪਾਬੰਦੀ ਕਿਉਂ ਨਹੀਂ ਲੱਗ ਸਕਦੀ। ਉਨ੍ਹਾਂ ਸਪੱਸ਼ਟ ਕਿਹਾ ਕਿ ਇਸ ਵਿਵਾਦਿਤ ਫਿਲਮ ਨਾਲ ਸਿੱਧੇ ਤੌਰ ‘ਤੇ ਮਾਹੌਲ ਖ਼ਰਾਬ ਹੁੰਦਾ ਹੈ, ਇਸ ਵਾਸਤੇ ਇਹ ਫਿਲਮ ਕਦੇ ਵੀ ਨਹੀਂ ਲੱਗਣੀ ਚਾਹੀਦੀ।
ਜਥੇਦਾਰ ਨੇ ਪਟਿਆਲਾ ਦੀ ਅਦਾਲਤ ਵੱਲੋਂ ਇੱਕ ਮਾਮਲੇ ‘ਚ ਗੁਰੂ ਗ੍ਰੰਥ ਸਾਹਿਬ ਨੂੰ ਕਥਿਤ ਸੰਮਨ ਜਾਰੀ ਕਰਨ ਦੀ ਘਟਨਾ ਨੂੰ ਮੰਦਭਾਗਾ ਦੱਸਦਿਆਂ ਆਖਿਆ ਕਿ ਇਸ ਮਾਮਲੇ ਦੀ ਘੋਖ ਕਰਕੇ ਵਿਰੋੋਧ ਕੀਤਾ ਜਾਵੇਗਾ।

 ਡੇਰਾ ਪੈਰੋਕਾਰਾਂ ਨੇ ਫਿਲਮ ਰਿਲੀਜ਼ ਕਰਨ ਸਬੰਧੀ ਮੰਗ ਪੱਤਰ ਸੌਂਪਿਆ
ਫ਼ਿਲਮ ਰਿਲੀਜ਼ ਕਰਵਾਉਣ ਦੇ ਮੁੱਦੇ ’ਤੇ ਪਟਿਆਲਾ-ਸੰਗਰੂਰ ਸੜਕ ਜਾਮ ਕਰਕੇ ਬੈਠੇ ਡੇਰਾ ਪੈਰੋਕਾਰਾਂ ਦੇ ਵਫ਼ਦ ਨੇ ਜ਼ਿਲ੍ਹਾ ਪੁਲੀਸ ਮੁਖੀ ਗੁਰਮੀਤ ਸਿੰਘ ਚੌਹਾਨ ਨੂੰ ਮੰਗ ਪੱਤਰ ਸੌਂਪਿਆ। ਪੰਜਤਾਲੀ ਮੈਂਬਰੀ ਡੇਰਾ  ਕਮੇਟੀ ਪੰਜਾਬ ਦੇ ਸੀਨੀਅਰ ਮੈਂਬਰ ਹਰਮੇਲ ਸਿੰਘ ਘੱਗਾ ਤੇ ਹਰਮਿੰਦਰ ਸਿੰਘ ਨੋਨਾ ਨੇ ਦੱਸਿਆ ਕਿ ਪੁਲੀਸ ਮੁਖੀ ਨੇ ਭਰੋਸਾ ਦਿਵਾਇਆ ਹੈ ਕਿ ਅਗਲੇ ਦਿਨਾਂ ਵਿੱਚ ਹੀ ਫਿਲਮ ਰਿਲੀਜ਼ ਕਰਵਾਉਣ ਲਈ ਮਾਹੌਲ ਸਾਜ਼ਗਾਰ ਬਣਾ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਪੱਧਰ ‘ਤੇ ਜ਼ਿਲ੍ਹਾ ਪੁਲੀਸ ਮੁਖੀਆਂ ਦੇ ਭਰੋਸੇ ਮਗਰੋਂ ਹੀ ਜਾਮ ਖੋਲ੍ਹੇ ਗਏ ਹਨ। ੳੁਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਅਜਿਹੇ ਵਾਅਦੇ ਵਫ਼ਾ ਨਾ ਹੋਏ ਤਾਂ ਮੁੜ ਸੰਘਰਸ਼ ਆਰੰਭ ਦਿੱਤਾ ਜਾਵੇਗਾ।

Facebook Comment
Project by : XtremeStudioz