Close
Menu

ਜਦੋਂ ਤਿੰਨ ਘੰਟੇ ਉਡੀਕ ਕੇ ਵੀ ਬਾਦਲ ਨਾਲ ਨਾ ਹੋਈ ਸੀ ਮੁਲਾਕਾਤ

-- 28 June,2015

ਚੰਡੀਗੜ੍ਹ, ਬਰਨਾਲਾ ਨੇੜਲੇ ਪਿੰਡ ਬੱਲੋ ਕੇ ਦੇ ਬਾਸਕਟਬਾਲ ਖਿਡਾਰੀ ਸਤਨਾਮ ਸਿੰਘ ਭਮਰਾ ਦਾ ਨਾਂ ਅੱਜ ਭਾਵੇਂ ਪੰਜਾਬ ਦੇ ਘਰ ਘਰ ਵਿੱਚ ਪੁੱਜ ਗਿਆ ਹੈ ਅਤੇ ਉਹਨੂੰ ਮਿਲਣ ਵਾਲਿਆਂ ਦੀਆਂ ਹੁਣ ਲਾਈਨਾਂ ਲੱਗੀਆਂ ਪਈਆਂ ਹਨ, ਪਰ ਇਸ ਨੌਜਵਾਨ ਨੂੰ ਲੁਧਿਆਣੇ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਣ ਲਈ ਤਕਰੀਬਨ ਤਿੰਨ ਘੰਟੇ ਉਡੀਕ ਕਰਨੀ ਪਈ ਸੀ ਅਤੇ ਮੁਲਾਕਾਤ ਫਿਰ ਵੀ ਨਹੀਂ ਸੀ ਹੋ ਸਕੀ। ਮੁੱਖ ਮੰਤਰੀ ਦੇ ਸੁਰੱਖਿਆ ਮੁਲਾਜ਼ਮਾਂ ਨੇ ਉਸ ਨੂੰ ਮਿਲਣ ਦੀ ਆਗਿਆ ਹੀ ਨਹੀਂ ਸੀ ਦਿੱਤੀ।
ਇਸ ਬਾਰੇ ਖੁਲਾਸਾ ਕਰਦਿਆਂ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਸਕੱਤਰ ਤੇਜਾ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਕਿਤੇ ਖਬਰ ਪੜ੍ਹੀ ਕਿ ਬਰਨਾਲਾ ਦੇ ਇਸ ਮੁੰਡੇ ਨੇ ਬਾਸਕਟਬਾਲ ਵਿੱਚ ਕੌਮਾਂਤਰੀ ਪੱਧਰ ‘ਤੇ ਮੱਲਾਂ ਮਾਰੀਆਂ ਹਨ। 2010 ਦੀਆਂ ਸਰਦੀਆਂ ਦੇ ਦਿਨ ਸਨ, ਬਰਨਾਲਾ ਦੇ ਐਸਐਸਪੀ ਦਾ ਫੋਨ ਆਇਆ ਕਿ ਮੁੱਖ ਮੰਤਰੀ ਬਾਦਲ ਇਸ ਨੌਜਵਾਨ ਨੂੰ ਮਿਲਣਾ ਚਾਹੁੰਦੇ ਹਨ। ਉਦੋਂ ਧੁੰਦ ਬਹੁਤ ਪੈ ਰਹੀ ਸੀ ਅਤੇ ਸਤਨਾਮ ਨੇ ਦੂਜੇ ਦਿਨ ਫਲੋਰਿਡਾ (ਅਮਰੀਕਾ) ਲਈ ਫਲਾਈਟ ਵੀ ਫੜਨੀ ਸੀ, ਇਸ ਲਈ ਇਹੀ ਕਹਿਣਾ ਪਿਆ ਕਿ ਇੰਨੇ ਘੱਟ ਸਮੇਂ ਤੇ ਖਰਾਬ ਮੌਸਮ ਵਿੱਚ ਚੰਡੀਗੜ੍ਹ ਪੁੱਜਣਾ ਮੁਸ਼ਕਿਲ ਹੈ। ਸੋ, ਮੁੱਖ ਮੰਤਰੀ ਨੂੰ ਮਿਲਣ ਦੀ ਗੱਲ ਵਿਚਾਲੇ ਰਹਿ ਗਈ। ਤਿੰਨ ਕੁ ਸਾਲਾਂ ਬਾਅਦ ਜਦੋਂ ਸਤਨਾਮ ਪੰਜਾਬ ਮੁੜਿਆ, ਮੁੱਖ ਮੰਤਰੀ ਲੁਧਿਆਣੇ ਸਨਅਤਕਾਰਾਂ ਨਾਲ ਮੀਟਿੰਗ ਲਈ ਪੁੱਜੇ। ਉਦੋਂ ਸਤਨਾਮ ਵੀ ਲੁਧਿਆਣੇ ਹੀ ਸੀ। ਇਸ ਲਈ ਉਹ (ਤੇਜਾ ਸਿੰਘ ਧਾਲੀਵਾਲ) ਸਤਨਾਮ ਨੂੰ ਲੈ ਕੇ ਉਸ ਹੋਟਲ ਚਲੇ ਗਏ ਜਿਥੇ ਮੀਟਿੰਗ ਹੋ ਰਹੀ ਸੀ। ਉਦੋਂ ਪੁਲੀਸ ਮੁਲਾਜ਼ਮ ਸਤਨਾਮ ਨਾਲ ਫੋਟੋਆਂ ਤਾਂ ਖਿਚਵਾਉਂਦੇ ਰਹੇ, ਪਰ ਜਦੋਂ ਤਿੰਨ ਕੁ ਘੰਟੇ ਪਿਛੋਂ ਮੀਟਿੰਗ ਮੁੱਕਣ ਤੋਂ ਬਾਅਦ ਉਹ ਅੱਗੇ ਵਧੇ ਤਾਂ ਉਨ੍ਹਾਂ ਨੂੰ ਰੋਕ ਦਿੱਤਾ ਗਿਆ ਅਤੇ ਨਾਲ ਹੀ ਕਹਿ ਦਿੱਤਾ ਕਿ ਸਾਡਾ ਨਾਂ ਮਿਲਣ ਵਾਲੇ ਗੈਸਟਾਂ ਦੀ ਸੂਚੀ ਵਿੱਚ ਨਹੀਂ ਹੈ। ਲੱਖ ਯਤਨ ਦੇ ਬਾਵਜੂਦ ਅਤੇ ਢਾਈ-ਤਿੰਨ ਘੰਟੇ ਉਡੀਕਣ ਤੋਂ ਬਾਅਦ ਵੀ ਮੁਲਾਕਾਤ ਨਾ ਹੋ ਸਕੀ। ਯਾਦ ਰਹੇ ਕਿ ਅੱਜ ਹੀ ਪੰਜਾਬ ਓਲੰਪਿਕ ਐਸੋਸੀਏਸ਼ਨ ਨੇ ਮੁਹਾਲੀ ਵਿੱਚ ਆਪਣੇ ਹਾਲ ਆਫ ਫੇਮ ਵਿੱਚ ਸਤਨਾਮ ਸਿੰਘ ਦੀ ਤਸਵੀਰ ਲਾਉਣ ਦਾ ਐਲਾਨ ਕੀਤਾ ਹੈ। ਸੰਸਥਾ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਮੁਤਾਬਕ, ਸਤਨਾਮ ਸਿੰਘ ਦੇ ਸਨਮਾਨ ਵਿੱਚ ਵਿਸ਼ੇਸ਼ ਸਮਾਗਮ ਵੀ ਰਚਾਇਆ ਜਾਵੇਗਾ।

Facebook Comment
Project by : XtremeStudioz