Close
Menu

ਜਨਤਾ ਦਰਬਾਰ ਵਿੱਚ ਅਪਾਹਜਾਂ ਨੂੰ ਮਿਲੇ ਕੇਜਰੀਵਾਲ

-- 19 February,2015

ਗਾਜ਼ੀਆਬਾਦ, ਮੁੱਖ ਮੰਤਰੀ ਅਰਵਿੰੰਦ ਕੇਜਰੀਵਾਲ ਦਾ ਜਨਤਾ ਦਰਬਾਰ ਅੱਜ ਆਮ ਆਦਮੀ ਪਾਰਟੀ ਦੇ ਕੌਸਾਂਬੀ ਦਫ਼ਤਰ ਵਿੱਚ ਹੋਇਆ ਜਿਸ ਵਿੱਚ ਉਨ੍ਹਾਂ ਨੇ ਅਪਾਹਜ ਵਿਅਕਤੀਆਂ ਨੂੰ ਵਧੇਰੇ ਸਮਾਂ ਦਿੱਤਾ। ਇਕ ਘੰਟੇ ਤੋਂ ਵੱਧ ਸਮਾਂ ਇਹ ਦਰਬਾਰ  ਲੱਗਿਆ।
ਇਸ ਮੌਕੇ 500 ਤੋਂ ਵੱਧ ਲੋਕ ਇਕੱਠੇ ਹੋਏ ਜਿਨ੍ਹਾਂ ਵਿੱਚੋਂ ਕੇਜਰੀਵਾਲ ਦੇ ਪ੍ਰਸ਼ੰਸਕ ਵੀ ਸ਼ਾਮਲ ਸਨ ਜੋ ਹਾਰ ਤੇ ਮਿਠਾਈਆਂ ਲੈ ਕੇ ਪੁੱਜੇ ਹੋਏ ਸਨ। ਮੁੱਖ ਮੰਤਰੀ ਦੁਆਲੇ ਤਿੰਨ ਪਰਤੀ ਸੁਰੱਖਿਆ ਘੇਰਾ ਸੀ।
ਗਾਜ਼ੀਆਬਾਦ ਸਿਟੀ ਮੈਜਿਸਟਰੇਟ ਕਪਿਲ ਸਿੰਘ ਇਸ ਮੌਕੇ ਸਾਰੇ ਕੰਮਕਾਰ ਦੀ ਨਿਗਰਾਨੀ ਰੱਖ ਰਹੇ ਸਨ ਤੇ ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਸਰੀਰਕ ਪੱਖੋਂ ਅਪਾਹਜਾਂ ਨੂੰ ਪਹਿਲਾਂ ਮਿਲਣਾ ਚਾਹੁੰਦੇ ਸਨ, ਇਸ ਕਰਕੇ ਇਹ ਸਾਰੇ ਲੋਕ ਭਾਵੇਂ ਕਦੋਂ ਵੀ ਪੁੱਜੇ ਸਨ, ਇਨ੍ਹਾਂ ਨੂੰ ਤਰਜੀਹ ਦਿੱਤੀ ਗਈ।
10 ਵਜੇ ਸਵੇਰੇ ਸ਼ੁਰੂ ਹੋਣ ਵਾਲੇ ਸੈਸ਼ਨ ਲਈ ਸਵੇਰੇ 8 ਵਜੇ ਤੋਂ ਹੀ ਲੋਕ ਸ਼ਿਕਾਇਤਾਂ ਲੈ ਕੇ ਪੁੱਜਣ ਲੱਗੇ ਸਨ। ਮਗਰੋਂ ਪੰਜ-ਪੰਜ ਪੁਰਸ਼ਾਂ ਤੇ ਪੰਜ-ਪੰਜ ਔਰਤਾਂ ਨੂੰ ਵਾਰੋ-ਵਾਰੀ ਮੁੱਖ ਮੰਤਰੀ ਨੂੰ ਮਿਲਾਇਆ ਗਿਆ। 11.30 ਵਜੇ ਕੇਜਰੀਵਾਲ ਬਾਹਰ ਆਏ ਤੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸ਼ਿਕਾਇਤਾਂ ਤੇ ਦੁੱਖ ਤਕਲੀਫਾਂ ਸਬੰਧੀ ਅਰਜ਼ੀਆਂ ਅਧਿਕਾਰੀਆਂ ਕੋਲ ਜਮ੍ਹਾਂ ਕਰਵਾ ਲੈਣ।
ਉਨ੍ਹਾਂ ਕਿਹਾ ਕਿ ਇਸ ਵੇਲੇ ਉਹ ਇਕ ਮਹੱਤਵਪੂਰਨ ਮੀਟਿੰਗ ‘ਚ ਜਾ ਰਹੇ ਹਨ ਪਰ ਲੋਕ ਉਦੋਂ ਤੱਕ ਇੱਥੇ ਰਹਿਣ ਜਦੋਂ ਤੱਕ ਉਨ੍ਹਾਂ ਦੀਆਂ ਅਰਜ਼ੀਆਂ  ਦਾਖ਼ਲ ਨਹੀਂ ਹੋ ਜਾਂਦੀਆਂ।
ਮੁੱਖ ਮੰਤਰੀ ਦੇ ਦਫ਼ਤਰ ਦੇ ਇਕ ਸੀਨੀਅਰ  ਅਧਿਕਾਰੀ ਅਮਿਤ ਛਾਬੜੀਆ ਨੇ ਦੱਸਿਆ ਕਿ ਉਹ ਸਾਰੀਆਂ ਸ਼ਿਕਾਇਤਾਂ  ਇਕੱਠੀਆਂ ਕਰਕੇ ਨਿਬੇੜੇ  ਲਈ ਸਬੰਧਤ ਵਿਭਾਗਾਂ ਨੂੰ ਭੇਜਣਗੇ, ਪਰ ਕੁਝ ਲੋਕਾਂ ਨੂੰ ਇਹ ਪ੍ਰਬੰਧ ਸਹੀ ਨਹੀਂ ਲੱਗੇ।

Facebook Comment
Project by : XtremeStudioz