Close
Menu

ਜਨਮ ਸਰਟੀਫਿਕੇਟ ਤੋਂ ਬਿਨਾਂ ਸਕੂਲ ‘ਚ ਦਾਖਲਾ ਨਹੀਂ-ਹਾਈਕੋਰਟ

-- 22 May,2015

ਚੰਡੀਗੜ੍ਹਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਅੱਜ ਆਪਣੇ ਇਕ ਮਹੱਤਵਪੂਰਨ ਫੈਸਲੇ ਵਿਚ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਜਿੰਨਾ ਚਿਰ ਜਨਮ ਅਤੇ ਮੌਤ ਰਜਿਸਟਰਾਰ ਵੱਲੋਂ ਜਾਰੀ ਕੀਤਾ ਬੱਚੇ ਦਾ ਜਨਮ ਸਰਟੀਫਿਕੇਟ ਪੇਸ਼ ਨਹੀਂ ਕੀਤਾ ਜਾਂਦਾ ਉਦੋਂ ਤੱਕ ਸਕੂਲ ‘ਚ ਬੱਚੇ ਨੂੰ ਦਾਖਲਾ ਨਾ ਦਿੱਤਾ ਜਾਵੇ | ਹਾਈਕੋਰਟ ਦੇ ਡਵੀਜ਼ਨ ਬੈਂਚ ਵੱਲੋਂ ਦਿੱਤੇ ਇਸ 31 ਪੰਨਿਆਂ ਦੇ ਤਵਾਰੀਖੀ ਫੈਸਲੇ ਤਹਿਤ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਕੋਈ ਵੀ ਵਿਅਕਤੀ ਬਾਲਗ ਹੋਣ ਤੋਂ 3 ਸਾਲ ਟੱਪ ਜਾਣ ਮਗਰੋਂ ਜਨਮ ਮਿਤੀ ਸਬੰਧੀ ਦਰੁਸਤੀ ਨਹੀਂ ਕਰਵਾ ਸਕਦਾ | ਜਸਟਿਸ ਹੇਮੰਤ ਗੁਪਤਾ ਅਤੇ ਜਸਟਿਸ ਲੀਜ਼ਾ ਗਿੱਲ ਵਾਲੇ ਡਵੀਜ਼ਨ ਬੈਂਚ ਵੱਲੋਂ ਸੀ. ਬੀ. ਐਸ. ਈ ਨਾਲ ਸਬੰਧਿਤ ਕੁੱਝ ਵਿਦਿਆਰਥੀਆਂ ਵੱਲੋਂ ਆਪਣੇ ਜਨਮ ਸਰਟੀਫਿਕੇਟਾਂ ਦੇ ਆਧਾਰ ‘ਤੇ ਮੈਟਿ੍ਕ ਸਰਟੀਫਿਕੇਟਾਂ ‘ਚ ਜਨਮ ਮਿਤੀ ਸਬੰਧੀ ਦਰੁਸਤੀ ਬਾਬਤ ਦਾਇਰ ਕੀਤੇ ਵੱਖ-ਵੱਖ
ਕੇਸਾਂ ਦਾ ਨਿਪਟਾਰਾ ਕਰਦਿਆਂ ਅੱਜ ਮਹੱਤਵਪੂਰਨ ਫੈਸਲਾ ਸੁਣਾਇਆ ਗਿਆ ਹੈ | ਬੈਂਚ ਨੇ ਇਸ ਹਾਈਕੋਰਟ ਦੇ ਅਧਿਕਾਰ ਖੇਤਰ (ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ) ‘ਚ ਆਉਂਦੇ ਸਰਕਾਰੀ, ਪਬਲਿਕ ਤੇ ਨਿੱਜੀ ਸਕੂਲਾਂ ਉੱਤੇ ਇਹ ਫੈਸਲਾ ਲਾਗੂ ਕਰਦਿਆਂ ਸਕੂਲਾਂ ਤੋਂ ਵੀ ਆਸ ਪ੍ਰਗਟਾਈ ਹੈ ਕਿ ਦਾਖਲੇ ਵੇਲੇ ਬੱਚੇ ਦਾ ਜਨਮ ਸਰਟੀਫਿਕੇਟ ਮੁਹੱਈਆ ਕਰਵਾਏ ਜਾਣ ‘ਤੇ ਹੀ ਦਾਖਲੇ ਦੇਣਾ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਇਸ ਸਰਟੀਫਿਕੇਟ ਵਿਚ ਦਰਸਾਈ ਗਈ ਜਨਮ ਮਿਤੀ ਹੀ ਅੱਗੇ ਜਾ ਕੇ ਇਨ ਬਿਨ ਮੈਟਿ੍ਕ ਸਰਟੀਫਿਕੇਟ ਵਿਚ ਅੰਕਿਤ ਕੀਤੀ ਜਾ ਸਕੇ | ਬੈਂਚ ਨੇ ਰਜਿਸਟਰਾਰ ਜਨਮ ਅਤੇ ਮੌਤ ਦੁਆਰਾ ਜਾਰੀ ਕੀਤੇ ਜਾਂਦੇ ਜਨਮ ਸਰਟੀਫਿਕੇਟ ਨੂੰ ਸੰਵਿਧਾਨਿਕ ਤੌਰ ‘ਤੇ ਦਰੁਸਤ ਮੰਨਿਆ ਜਾ ਸਕਣ ਵਾਲਾ ਕਹਿੰਦੇ ਹੋਏ ਸਪੱਸ਼ਟ ਕੀਤਾ ਹੈ ਕਿ ਇਹ ਜਨਮ ਸਰਟੀਫਿਕੇਟ ਹੀ ਮੈਟਿ੍ਕ ਸਰਟੀਫਿਕੇਟ ਨਾਲ ਜਨਮ ਮਿਤੀ ਦੇ ਸਬੰਧ ਵਿਚ ਰਲਗਡ ਹੋਣਾ ਚਾਹੀਦਾ ਹੈ | ਬੈਂਚ ਨੇ ਨਾਲ ਹੀ ਜਨਮ ਮਿਤੀ ‘ਚ ਦਰੁਸਤੀ ਨੂੰ ਲੈ ਕੇ ਕਿਸੇ ਵਿਅਕਤੀ ਦੇ ਬਾਲਗ ਹੋਣ ਤੋਂ 3 ਸਾਲ ਦੇ ਅੰਦਰ-ਅੰਦਰ ਹੀ ਅਜਿਹਾ ਕੀਤਾ ਜਾ ਸਕਣ ਦੀ ਗੱਲ ਵੀ ਸਪੱਸ਼ਟ ਕਰ ਦਿੱਤੀ ਹੈ | ਬੈਂਚ ਨੇ ਸਪੱਸ਼ਟ ਕਹਿ ਦਿੱਤਾ ਹੈ ਕਿ ਬਾਲਗ ਹੋਣ ਤੋਂ 3 ਸਾਲਾਂ ਦੇ ਅੰਦਰ ਅੰਦਰ ਮੈਟਿ੍ਕ ਸਰਟੀਫਿਕੇਟ ਵਿਚਲੀ ਜਨਮ ਮਿਤੀ ਵਿਚ ਰਜਿਸਟਰਾਰ ਜਨਮ ਅਤੇ ਮੌਤ ਦੇ ਜਾਰੀ ਕੀਤੇ ਜਨਮ ਸਰਟੀਫਿਕੇਟ ਦੇ ਅਧਾਰ ‘ਤੇ ਦਰੁਸਤੀ ਨਾ ਕਰਵਾਈ ਜਾ ਸਕਣ ਦੀ ਸੂਰਤ ਵਿਚ ਸਬੰਧਤ ਵਿਅਕਤੀ ਨੂੰ ਮੈਟਿ੍ਕੁਲੇਸ਼ਨ ਸਰਟੀਫਿਕੇਟ ਵਾਲੀ ਜਨਮ ਮਿਤੀ ਨੂੰ ਹੀ ਮੰਨਣ ਦਾ ਪਾਬੰਦ ਹੋਣਾ ਪਵੇਗਾ | ਇਸ ਕੇਸ ਵਿਚ ਅੰਬਿਕਾ ਕੌਲ ਅਤੇ ਇੱਕ ਹੋਰ ਅਪੀਲ ਕਰਤਾ ਵੱਲੋਂ ਸੀ.ਬੀ.ਐਸ.ਈ. ਅਤੇ ਹੋਰਨਾਂ ਨੂੰ ਧਿਰ ਬਣਾਉਂਦਿਆਂ ਆਪਣੇ ਜਨਮ ਸਰਟੀਫਿਕੇਟ ਦੇ ਅਧਾਰ ‘ਤੇ ਮੈਟਿ੍ਕੁਲੇਸ਼ਨ ਸਰਟੀਫਿਕੇਟ ਵਿਚਲੀ ਜਨਮ ਮਿਤੀ ਵਿਚ ਦਰੁਸਤੀ ਮੰਗੀ ਗਈ ਸੀ | ਹਾਲਾਂਕਿ ਇਕਹਿਰੇ ਬੈਂਚ ਵੱਲੋਂ ਤਾਂ ਉਨ੍ਹਾਂ ਨੂੰ ਕੋਈ ਰਾਹਤ ਨਾ ਮਿਲ ਸਕੀ ਪਰ ਮਾਮਲਾ ਡਵੀਜ਼ਨ ਬੈਂਚ ਕੋਲ ਜਾਣ ‘ਤੇ ਬੈਂਚ ਵੱਲੋਂ ਅੱਜ ਉਪਰੋਕਤ ਫੈਸਲੇ ਤਹਿਤ ਸਥਿਤੀ ਸਪੱਸ਼ਟ ਕਰ ਦਿੱਤੀ ਹੈ |

Facebook Comment
Project by : XtremeStudioz