Close
Menu

ਜਨਰਲ ਰਾਵਤ ਨੇ ਭਾਰਤ-ਪਾਕਿ ਵਾਰਤਾ ਰੱਦ ਕਰਨ ਦੇ ਫੈਸਲੇ ਦੀ ਹਮਾਇਤ ਕੀਤੀ

-- 24 September,2018

ਨਵੀਂ ਦਿੱਲੀ, ਥਲ ਸੈਨਾ ਦੇ ਮੁਖੀ ਜਨਰਲ ਬਿਪਿਨ ਰਾਵਤ ਨੇ ਪਾਕਿਸਤਾਨ ਨਾਲ ਗੱਲਬਾਤ ਰੱਦ ਕਰਨ ਦੇ ਫੈਸਲੇ ਦੀ ਹਮਾਇਤ ਕਰਦਿਆਂ ਕਿਹਾ ਕਿ ਦਹਿਸ਼ਤਗਰਦੀ ਤੇ ਗੱਲਬਾਤ ਨਾਲੋ-ਨਾਲ ਜਾਰੀ ਨਹੀਂ ਰਹਿ ਸਕਦੇ।
ਸਰਕਾਰ ਨੇ ਅਗਲੇ ਹਫ਼ਤੇ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੇ ਇਜਲਾਸ ਮੌਕੇ ਭਾਰਤ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਦੀ ਹੋਣ ਵਾਲੀ ਮੀਟਿੰਗ ਜੰਮੂ ਕਸ਼ਮੀਰ ਵਿੱਚ ਤਿੰਨ ਪੁਲੀਸ ਕਰਮੀਆਂ ਦੀ ਹੱਤਿਆ ਤੇ ਇਸਲਾਮਾਬਾਦ ਵੱਲੋਂ ਬੁਰਹਾਨ ਵਾਨੀ ਦੇ ਨਾਂ ’ਤੇ ਟਿਕਟ ਜਾਰੀ ਕੀਤੇ ਜਾਣ ਤੋਂ ਬਾਅਦ ਲੰਘੇ ਸ਼ੁੱਕਰਵਾਰ ਰੱਦ ਕਰ ਦਿੱਤੀ ਸੀ।
ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਪਾਕਿਸਤਾਨ ਦੀ ਤਰਫ਼ੋਂ ਘੁਸਪੈਠ ਜਾਰੀ ਹੈ ਅਤੇ ਦਹਿਸ਼ਤਗਰਦਾਂ ਨੂੰ ਵਾਦੀ ਵਿੱਚ ਅਮਨ ਵਿੱਚ ਵਿਘਨ ਪਾਉਣ ਤੋਂ ਰੋਕਣ ਲਈ ਢੁਕਵੀਂ ਕਾਰਵਾਈ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ‘‘ ਸਰਕਾਰ ਦੀ ਨੀਤੀ ਬਹੁਤ ਹੀ ਸਪੱਸ਼ਟ ਹੈ… ਤੁਸੀਂ (ਪਾਕਿਸਤਾਨ) ਸਾਨੂੰ ਦਿਖਾਓ ਕਿ ਕਿਹੜੇ ਕਦਮ ਲਏ ਹਨ ਤਾਂ ਕਿ ਅਸੀਂ ਇਹ ਮਹਿਸੂਸ ਕਰ ਸਕੀਏ ਕਿ ਤੁਸੀਂ ਦਹਿਸ਼ਤਗਰਦੀ ਨੂੰ ਹੱਲਾਸ਼ੇਰੀ ਨਹੀਂ ਦਿੰਦੇ। ਅਸੀਂ ਦੇਖਦੇ ਹਾਂ ਕਿ ਦਹਿਸ਼ਤ ਦੀਆਂ ਸਰਗਰਮੀਆਂ ਲਗਾਤਾਰ ਜਾਰੀ ਹਨ ਅਤੇ ਸਰਹੱਦ ਪਾਰੋਂ ਦਹਿਸ਼ਤਗਰਦ ਆਉਂਦੇ ਰਹਿੰਦੇ ਹਨ। ਇਹੋ ਜਿਹੇ ਹਾਲਾਤ ਵਿੱਚ ਕੀ ਗੱਲਬਾਤ ਕੀਤੀ ਜਾ ਸਕਦੀ ਹੈ, ਇਹ ਫ਼ੈਸਲਾ ਸਰਕਾਰ ਹੀ ਲੈ ਸਕਦੀ ਹੈ। ਮੈਂ ਸਰਕਾਰ ਦੇ ਫ਼ੈਸਲੇ ਨਾਲ ਸਹਿਮਤ ਹਾਂ ਕਿ ਸ਼ਾਂਤੀ ਵਾਰਤਾ ਤੇ ਦਹਿਸ਼ਤਗਰਦੀ ਇਕੱਠੇ ਨਹੀਂ ਚੱਲ ਸਕਦੇ।’’
ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਨਵੰਬਰ ਮਹੀਨੇ ਹੋਣ ਵਾਲੀਆਂ ਪੰਚਾਇਤ ਚੋਣਾਂ ਲਈ ਹੋਰਨਾਂ ਏਜੰਸੀਆਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ। ‘‘ਸਾਡਾ ਕੰਮ ਇਹ ਯਕੀਨੀ ਬਣਾਉਣਾ ਹੈ ਕਿ ਉੱਥੇ ਸਿਵਲ ਪ੍ਰਸ਼ਾਸਨ ਤੇ ਚੋਣ ਕਮਿਸ਼ਨ ਆਪੋ ਆਪਣੇ ਕੰਮ ਕਾਜ ਸਿਰੇ ਚਾੜ੍ਹ ਸਕਣ ਤੇ ਲੋਕ ਬਿਨਾਂ ਕਿਸੇ ਭੈਅ ਤੇ ਵਿਘਨ ਤੋਂ ਆਜ਼ਾਦਾਨਾ ਤੇ ਸਾਫ਼ ਸੁਥਰੇ ਮਾਹੌਲ ਵਿੱਚ ਵੋਟ ਪਾ ਸਕਣ।’’

Facebook Comment
Project by : XtremeStudioz