Close
Menu

ਜਮੀਨ ਹੇਠਲੇ ਪਾਣੀ ਦਾ ਪੱਧਰ ਡਿੱਗਣ ਤੋਂ ਬਚਾਉਣ ਲਈ ਕਿਸਾਨ ਅਗੇਤਾ ਝੋਨਾ ਨਾ ਲਗਾਉਣ: ਠੰਡਲ

-- 11 April,2015

ਹੁਸ਼ਿਆਰਪੁਰ, 11 ਅਪ੍ਰੈਲ: ਕਿਸਾਨਾਂ ਨੂੰ ਨਵੀਆਂ ਖੇਤੀ ਤਕਨੀਕਾਂ ਤੋਂ ਜਾਣੂ ਕਰਾਉਣ ਅਤੇ ਧਰਤੀ ਹੇਠਲੇ ਪਾਣੀ ਦੀ ਸਾਂਭ-ਸੰਭਾਲ ਲਈ ਪ੍ਰੇਰਿਤ ਕਰਨ ਖਾਤਰ ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਹੁਸ਼ਿਆਰਪੁਰ ਦੇ ਕਸਬਾ ਚੱਬੇਵਾਲ ਨਜ਼ਦੀਕ ਸੰਧੂ ਫਾਰਮ ਵਿਖੇ ਜ਼ਿਲ੍ਹਾ ਪੱਧਰ ਦਾ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ ਜਿਸ ਵਿੱਚ ਪੰਜਾਬ ਦੇ ਜੇਲ੍ਹਾਂ, ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ੍ਰੀ ਸੋਹਨ ਸਿੰਘ ਠੰਡਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਕੈਂਪ ਵਿੱਚ ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਮਾਹਰਾਂ ਨੇ ਕਿਸਾਨਾਂ ਨੂੰ ਨਵੀਆਂ ਖੇਤੀਬਾੜੀ ਤਕਨੀਕਾਂ ਸਬੰਧੀ ਜਾਣਕਾਰੀ ਦਿੱਤੀ। ਇਸ ਕੈਂਪ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੋਂ 2000 ਤੋਂ ਵਧੇਰੇ ਕਿਸਾਨਾਂ ਨੇ ਭਾਗ ਲਿਆ।
ਕੈਬਨਿਟ ਮੰਤਰੀ ਸ੍ਰੀ ਸੋਹਨ ਸਿੰਘ ਠੰਡਲ ਨੇ ਮੇਲੇ ਦਾ ਉਦਘਾਟਨ ਕਰਨ ਉਪਰੰਤ ਆਪਣੇ ਸੰਬੋਧਨ ‘ਚ ਕਿਸਾਨਾਂ ਨੂੰ ਜਮੀਨ ਹੇਠਲੇ ਪਾਣੀ ਦੀ ਸਾਂਭ-ਸੰਭਾਲ ਅਤੇ ਜਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਡਿੱਗਣ ਤੋਂ ਬਚਾਉਣ ਲਈ ਅਗੇਤਾ ਝੋਨਾ ਨਾ ਲਗਾਉਣ ਲਈ ਆਖਿਆ। ਉਨ੍ਹਾਂ ਵੱਲੋਂ ਸਰਕਾਰ ਦੇ ਫ਼ਸਲੀ ਵਿਭਿੰਨਤਾ ਪ੍ਰੋਗਰਾਮ ਤਹਿਤ ਝੌਨੇ ਹੇਠੋਂ ਰਕਬਾ ਘਟਾ ਕੇ ਮੱਕੀ, ਬਾਸਮਤੀ, ਦਾਲਾਂ ਅਤੇ ਐਗਰੋ ਫੋਰੈਸਟਰੀ ਹੇਠ ਰਕਬਾ ਲਿਆਉਣ ਲਈ ਚਲ ਰਹੀਆਂ ਸਕੀਮਾਂ ਤੋਂ ਕਿਸਾਨਾਂ ਨੂੰ ਵੱਧ ਤੋਂ ਵੱਧ ਲਾਹਾ ਲੈਣ ਲਈ ਪ੍ਰੇਰਿਆ ਗਿਆ।
ਇਸ ਮੌਕੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ ਮੰਗਲ ਸਿੰਘ ਸੰਧੂ ਨੇ ਕਿਹਾ ਕਿ ਖੇਤੀਬਾੜੀ ਇਨਪੁੱਟ ਦੇ ਵਿਆਪਕ ਪ੍ਰਬੰਧ ਕੀਤੇ ਗਏ ਹਨ ਅਤੇ ਕਿਸੇ ਕਿਸਮ ਦੇ ਇਨਪੁਟ ਦੀ ਘਾਟ ਕਿਸਾਨਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ। ਖੇਤੀਬਾੜੀ ਇਨਪੁਟਸ ਦੀ ਕੁਆਲਟੀ ਕਿਸਾਨਾਂ ਤੱਕ ਮਿਆਰੀ ਪਹੁੰਚਾਉਣ ਲਈ ਇਨ੍ਹਾਂ ਇਨਪੁਟਸ ਦੇ ਸਮੇਂ-ਸਮੇਂ ਸਿਰ ਵਿਭਾਗ ਵੱਲੋਂ ਸੈਂਪਲ ਭਰੇ ਜਾਣਗੇ।
ਮੁੱਖ ਖੇਤੀਬਾੜੀ ਅਫ਼ਸਰ ਡਾ. ਮਨਪ੍ਰੀਤ ਸਿੰਘ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਕਣਕ ਦੀ ਨਾੜ ਨੂੰ ਅੱਗ ਨਾ ਲਗਾਉਣ ਤਾਂ ਜੋ ਵਾਤਾਵਰਣ ਦੂਸ਼ਿਤ ਹੋਣ ਤੇ ਬੱਚ ਸਕੇ। ਉਨ੍ਹਾਂ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਜਿਵੇਂ ਡਾਈਵਰਸੀਫਿਕੇਸ਼ਨ, ਭੌਂ ਪਰਖ, ਐਨ.ਐਫ.ਐਸ.ਐਮ. ਅਤੇ ਆਤਮਾ ਸਕੀਮ ਤੋਂ ਕਿਸਾਨਾਂ ਨੂੰ ਮਿਲ ਰਹੇ ਲਾਭਾਂ ਸਬੰਧੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਫ਼ਸਲਾਂ ਦਾ ਵੱਧ ਤੋਂ ਵੱਧ ਝਾੜ ਲੈਣ ਲਈ ਕਿਸਾਨ ਉਤਮ ਕਿਸਮ ਦਾ ਬੀਜ਼ ਹੀ ਲੈਣ ਅਤੇ ਬੀਜ ਨੂੰ ਸੋਧ ਕੇ ਬੀਜਣ।  ਤਕਨੀਕੀ ਮਾਹਿਰ ਸ੍ਰ: ਦਵਿੰਦਰ ਸਿੰਘ ਰੀਹਲ ਨੇ ਵੀ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦਿੱਤੀ। ਇਸ ਮੌਕੇ ਜਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ ਸੁਖਦੇਵ ਕੌਰ ਸੱਲ੍ਹਾਂ, ਸੁਰਿੰਦਰ ਸਿੰਘ ਸੰਧੂ, ਮਾਸਟਰ ਰਛਪਾਲ ਸਿੰਘ, ਨਿਰਮਲ ਸਿੰਘ ਭੀਲੋਵਾਲ, ਮਝੈਲ ਸਿੰਘ, ਡਾ. ਸੁਰਿੰਦਰ ਸਿੰਘ, ਡਾ. ਗੁਰਬਖਸ਼ ਸਿੰਘ, ਡਾ. ਸੁਰਿੰਦਰ ਕੁਮਾਰ, ਡਾ. ਮਨਜੀਤ ਸਿੰਘ, ਡਾ. ਜਸਬੀਰ ਸਿੰਘ, ਡਾ. ਕਿਸ਼ੋਰੀ ਲਾਲ, ਡਾ. ਭੁਪਿੰਦਰ ਸਿੰਘ, ਡਾ. ਰੌਸ਼ਨ ਲਾਲ, ਜਿਲ੍ਹਾ ਸਿਖਲਾਈ ਅਫ਼ਸਰ ਸੁਖਵਿੰਦਰ ਸਿੰਘ ਤੇ ਹੋਰ ਹਾਜਰ ਸਨ।

Facebook Comment
Project by : XtremeStudioz