Close
Menu

ਜਰਮਨੀ ’ਚ ਏਂਜੇਲਾ ਮਾਰਕਲ ਦੀ ਹੈਟ੍ਰਿਕ; ਸੱਤਾਧਾਰੀ ਕੁਲੀਸ਼ਨ ਬਹੁਮਤ ਦੇ ਨੇੜੇ ਢੁਕੀ

-- 24 September,2013

Hesse's Prime Minister Bouffier Geman Chancellor Merkel gestures before CDU party board meeting in Berlin

ਬਰਲਿਨ, 24 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਜਨਤਕ ਹਮਾਇਤ ਦੀ ਬਦੌਲਤ ਜਰਮਨ ਚਾਂਸਲਰ ਏਂਜੇਲਾ ਮਾਰਕਲ ਨੇ ਅੱਜ ਹੈਟ੍ਰਿਕ ਦਰਜ ਕੀਤੀ ਹੈ ਅਤੇ ਉਨ੍ਹਾਂ ਦੀ ਅਗਵਾਈ ਵਾਲੀ ਕ੍ਰਿਸ਼ਚੀਅਨ ਡੈਮੋਕਰੈਟਿਕ ਪਾਰਟੀ ਨੇ ਪਾਰਲੀਮਾਨੀ ਚੋਣਾਂ ਵਿਚ ‘ਸ਼ਾਨਦਾਰ ਜਿੱਤ’ ਦਰਜ ਕੀਤੀ ਹੈ ਹਾਲਾਂਕਿ ਪਾਰਟੀ ਸਪਸ਼ਟ ਬਹੁਮਤ ਹਾਸਲ ਕਰਨ ਤੋਂ ਖੁੰਝ ਗਈ ਹੈ।
ਸੀਡੀਯੂ ਅਤੇ ਇਸ ਦੀ ਬਾਵੋਰੀਅਨ ਸਹਿਯੋਗੀ ਪਾਰਟੀ ਕ੍ਰਿਸ਼ਚੀਅਨ ਸੋਸ਼ਲ ਯੂਨੀਅਨ ਨੂੰ (ਸੀਐਸਯੂ) ਬੰਡਸਟੈਗ (ਪਾਰਲੀਮੈਂਟ ਦਾ ਹੇਠਲਾ ਸਦਨ) ਵਿਚ ਸਪਸ਼ਟ ਬਹੁਮਤ ਤੋਂ ਚਾਰ ਸੀਟਾਂ ਘੱਟ ਮਿਲੀਆਂ ਹਨ। ਇਹ ਨਤੀਜਾ ਕਨਜ਼ਰਵੇਟਿਵਾਂ ਦਾ ਹੁਣ ਤੱਕ ਦੀਆਂ ਸਭ ਤੋਂ ਵੱਡੀਆਂ ਚੁਣਾਵੀ ਜਿੱਤਾਂ ’ਚੋਂ ਇਕ ਹੈ। ਦੋਵੇਂ ਪਾਰਟੀਆਂ ਨੂੰ 41.7 ਫੀਸਦ ਵੋਟਾਂ ਮਿਲੀਆਂ ਹਨ ਜੋ ਚਾਰ ਸਾਲ ਪਹਿਲਾਂ ਹੋਈਆਂ ਚੋਣਾਂ ਨਾਲੋਂ ਲਗਪਗ 8 ਫੀਸਦੀ ਵੱਧ ਹਨ ਅਤੇ ਅਧਿਕਾਰਤ ਨਤੀਜਿਆਂ ਮੁਤਾਬਕ ਗੱਠਜੋੜ ਨੂੰ 630 ਮੈਂਬਰੀ ਬੰਡਸਟੈਗ ਵਿਚ 311 ਸੀਟਾਂ ਮਿਲੀਆਂ ਹਨ। ਸੀਡੀਯੂ ਨੂੰ ਦੂਜੀ ਸੰਸਾਰ ਜੰਗ ਤੋਂ ਬਾਅਦ ਚਾਂਸਲਰ ਕੋਨਰਾਡ ਐਡੇਨਾਓਰ ਦੀ ਅਗਵਾਈ ਹੇਠ 1957 ਵਿਚ ਪਹਿਲੀ ਵਾਰ ਸਪਸ਼ਟ ਬਹੁਮਤ ਹਾਸਲ ਹੋਇਆ ਸੀ। ਮਾਰਕਲ ਦੂਜੀ ਸੰਸਾਰ ਜੰਗ ਤੋਂ ਬਾਅਦ ਜਰਮਨੀ ਦੀ ਤੀਜੀ ਚਾਂਸਲਰ ਹੈ ਜਿਸ ਨੂੰ ਲਗਾਤਾਰ ਤੀਜੀ ਵਾਰ ਚਾਰ ਸਾਲਾ ਕਾਰਜ ਕਰਨ ਦਾ ਮੌਕਾ ਮਿਲਿਆ ਹੈ। ਇਹ ਚੋਣ ਨਤੀਜੇ ਯੂਰੋ ਜ਼ੋਨ ਦੇ ਕਰਜ਼ ਸੰਕਟ ਦੌਰਾਨ 59 ਸਾਲਾ ਬੀਬੀ ਮਾਰਕਲ ਦੀਆਂ ਨੀਤੀਆਂ ’ਤੇ ਪੱਕੀ ਮੋਹਰ ਸਾਬਤ ਹੋਏ ਹਨ। ਮਾਰਕਲ ਸ਼ਾਸਨ ਨੇ ਜਿੱਥੇ ਜਰਮਨੀ ਵਿਚ ਆਰਥਿਕ ਸਥਿਰਤਾ ਲਿਆਂਦੀ ਹੈ, ਉੱਥੇ ਬੇਰੁਜ਼ਗਾਰੀ ’ਤੇ ਕਾਬੂ ਪਾਇਆ ਅਤੇ ਯੂਰਪੀ ਸੰਘ ਦੇ ਦੂਜੇ ਮੈਂਬਰ ਮੁਲਕਾਂ ਦੇ ਮੁਕਾਬਲੇ ਜਰਮਨੀ ਵਿਚ ਜੀਵਨ ਦਾ ਮਿਆਰ ਵੀ ਸੁਧਰਿਆ ਹੈ। ਐਂਜਲਾ ਮਾਰਕਲ ਨੇ ਇਨ੍ਹਾਂ ਚੋਣ ਨਤੀਜਿਆਂ ਨੂੰ ਆਪਣੀ ਸਰਕਾਰ ਅਤੇ ਪਾਰਟੀ ਦੀਆਂ ਨੀਤੀਆਂ ਦੇ ਹੱਕ ’ਚ ਵਿਸ਼ਵਾਸ ਮੱਤ ਕਰਾਰ ਦਿੱਤਾ ਹੈ। ਬਰਲਿਨ ’ਚ ਪਾਰਟੀ ਦੇ ਮੁੱਖ ਦਫਤਰ ਵਿਖੇ ਆਪਣੇ ਹਮਾਇਤੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘‘ਇਹ ਸੀਡੀਯੂ ਦੀ ਸੁਪਰ ਜਿੱਤ ਹੈ।’’ ਉਂਜ, ਉਨ੍ਹਾਂ ਦੀ ਇਹ ਜਿੱਤ ਉਦੋਂ ਧੁੰਦਲੀ ਪੈ ਗਈ ਜਦੋਂ ਸੱਤਾਧਾਰੀ ਕੁਲੀਸ਼ਨ ਦੀ ਜੂਨੀਅਰ ਭਿਆਲ ਫਰੀ ਡੈਮੋਕਰੈਟਿਕ ਪਾਰਟੀ ਲੋੜੀਂਦੇ ਵੋਟ ਫੀਸਦ ਹਾਸਲ ਕਰਨ ’ਚ ਨਾਕਾਮ ਰਹਿਣ ਕਾਰਨ 64 ਸਾਲਾਂ ’ਚ ਪਹਿਲੀ ਵਾਰ ਪਾਰਲੀਮੈਂਟ ਤੋਂ ਬਾਹਰ ਹੋ ਗਈ ਹੈ। ਜਰਮਨੀ ਵਿਚ ਕਿਸੇ ਪਾਰਟੀ ਨੂੰ ਸੰਸਦ ’ਚ ਨੁਮਾਇੰਦਗੀ ਕਰਨ ਲਈ ਘੱਟੋ-ਘੱਟ 5 ਫੀਸਦੀ ਵੋਟਾਂ ਲੈਣੀਆਂ ਜ਼ਰੂਰੀ ਹਨ। 2009 ਦੀਆਂ ਚੋਣਾਂ ਵਿਚ ਐਫਡੀਪੀ ਨੂੰ ਲਗਪਗ 10 ਫੀਸਦ ਵੋਟਾਂ ਮਿਲੀਆਂ ਸਨ ਜੋ ਇਸ ਵਾਰ ਘਟ ਕੇ 4.8 ਫੀਸਦ ਰਹਿ ਗਈਆਂ।
ਸੋਸ਼ਲ ਡੈਮੋਕਰੇਟਾਂ ਨੇ 25.6 ਫੀਸਦ ਵੋਟਾਂ ਲੈ ਕੇ ਆਪਣੀ ਸਥਿਤੀ ਪਹਿਲਾਂ ਨਾਲੋਂ ਮਜ਼ਬੂਤ ਕੀਤੀ ਹੈ ਪਰ ਗਰੀਨ ਪਾਰਟੀ ਨਾਲ ਮਿਲ ਕੇ ਮਾਰਕਲ ਸਰਕਾਰ ਦੀ ਫੱਟੀ ਪੋਚਣ ਦਾ ਇਸ ਦਾ ਟੀਚਾ ਪੂਰਾ ਨਹੀਂ ਹੋ ਸਕਿਆ। ਮਾਰਕਲ ਨੂੰ ਚੁਣੌਤੀ ਦੇਣ ਵਾਲੇ ਐਸਪੀਡੀ ਦੋ ਪੀਅਰ ਸਟੀਨਬਰੂਕ ਨੇ ਆਪਣੀ ਹਾਰ ਮੰਨ ਲਈ ਹੈ ਅਤੇ ਮਾਰਕਲ ਨੂੰ ਜਿੱਤ ਦੀ ਵਧਾਈ ਦਿੱਤੀ ਹੈ। ਐਸਪੀਡੀ ਨੂੰ 192 ਸੀਟਾਂ ਮਿਲੀਆਂ ਹਨ ਅਤੇ ਇਸ ਕੋਲ ਸੀਡੀਯੂ ਨਾਲ ਮਿਲ ਕੇ ਸਰਕਾਰ ਬਣਾਉਣ ਜਾਂ ਫਿਰ ਵਿਰੋਧੀ ਧਿਰ ਦੀ ਅਗਵਾਈ ਕਰਨ ਦੇ ਦੋਵੇਂ ਰਾਹ ਹਨ।
ਉਂਜ ਐਸਪੀਡੀ, ਗਰੀਨ ਪਾਰਟੀ ਅਤੇ ਖੱਬੇਪੱਖੀ ਪਾਰਟੀ ਨੂੰ ਬੰਡਸਟੈਗ ਵਿਚ ਬਹੁਮਤ ਹਾਸਲ ਹੋ ਗਿਆ ਹੈ ਪਰ ਸਟੀਨਬਰੂਕ ਨੇ ਖੱਬੀ ਪਾਰਟੀ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤੀ ਹੈ। ਐਸਪੀਡੀ ਤੋਂ ਵੱਖ ਹੋ ਕੇ ਕੁਝ ਸਾਲ ਪਹਿਲਾਂ ਪਾਰਟੀ ਫਾਰ ਡੈਮੋਕਰੇਟਿਕ ਸੋਸ਼ਲਿਜ਼ਮ ਨਾਲ ਮਿਲ ਕੇ ਖੱਬੀ ਪਾਰਟੀ ਕਾਇਮ ਕੀਤੀ ਸੀ ਜਿਸ ਨੇ 8.5 ਫੀਸਦੀ ਵੋਟਾਂ ਲੈ ਕੇ 64 ਸੀਟਾਂ ਜਿੱਤੀਆਂ ਹਨ। 2009 ਵਿਚ ਪਾਰਟੀ ਨੂੰ 3.3 ਫੀਸਦ ਵੋਟਾਂ ਮਿਲੀਆਂ ਸਨ। ਪਾਰਟੀ ਦੇ ਨੇਤਾ ਨੇ ਪੱਤਰਕਾਰਾਂ ਨੂੰ ਕਿਹਾ, ‘‘1990 ਵਿਚ ਕਿਸ ਨੇ ਇਹ ਸੋਚਿਆ ਵੀ ਨਹੀਂ ਸੀ ਕਿ ਅਸੀਂ ਇਸ ਦੇਸ਼ ਦੀ ਤੀਜੀ ਸਭ ਤੋਂ ਵੱਡੀ ਧਿਰ ਹੋਵਾਂਗੇ।’’ ਗਰੀਨ ਪਾਰਟੀ ਨੂੰ ਝਟਕਾ ਲੱਗਿਆ ਹੈ ਅਤੇ ਇਸ ਦੀ ਵੋਟ ਫੀਸਦ 10.7 ਤੋਂ ਘਟ ਕੇ 8.4     ਫੀਸਦ ’ਤੇ ਆ ਗਈ ਹੈ ਅਤੇ ਇਸ ਨੂੰ 63 ਸੀਟਾਂ ਮਿਲੀਆਂ ਹਨ

Facebook Comment
Project by : XtremeStudioz