Close
Menu

ਜਸਟਿਨ ਟਰੂਡੋ ਬੀ. ਸੀ. ‘ਚ ਜੰਗਲਾਂ ‘ਚ ਲੱਗੀ ਅੱਗ ਕਾਰਨ ਹੋਏ ਨੁਕਸਾਨ ਦਾ ਖੁਦ ਕਰਨਗੇ ਮੁਆਇਨਾ

-- 01 August,2017

ਬ੍ਰਿਟਿਸ਼ ਕੋਲੰਬੀਆ— ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੋਮਵਾਰ ਨੂੰ ਬ੍ਰਿਟਿਸ਼ ਕੋਲੰਬੀਆ ‘ਚ ਜੰਗਲ ਦੀ ਅੱਗ ਕਾਰਨ ਹੋਏ ਨੁਕਸਾਨ ਦਾ ਮੁਆਇਨਾ ਕਰਨ ਲਈ ਖੁਦ ਜਾਣਗੇ। ਇੱਥੇ ਹਾਲਾਤ ‘ਚ ਬਦਲਾਅ ਜਾਰੀ ਹੈ। ਜਸਟਿਨ ਟਰੂਡੋ, ਪ੍ਰੀਮੀਅਰ ਜੌਹਨ ਹੌਰਗਨ ਅਤੇ ਕੈਬਨਿਟ ਮੰਤਰੀਆਂ ਨੇ ਸੋਮਵਾਰ ਨੂੰ ਵਿਲੀਅਮਜ਼ ਲੇਕ ਦਾ ਦੌਰਾ ਕਰਨ ਦਾ ਫੈਸਲਾ ਕੀਤਾ ਹੈ। ਦੱਸਣ ਯੋਗ ਹੈ ਕਿ ਦੋ ਹਫਤੇ ਪਹਿਲਾਂ ਹੀ ਬੀ. ਸੀ. ਦੇ ਅੰਦਰੂਨੀ ਇਲਾਕੇ ‘ਚ ਰਹਿਣ ਵਾਲੇ ਲਗਭਗ 10,000 ਲੋਕਾਂ ਨੂੰ ਆਪਣਾ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਸੀ। ਅੱਗ ਇੰਨੀ ਜ਼ਬਰਦਸਤ ਸੀ ਕਿ ਕਈ ਇਲਾਕਿਆਂ ਦਾ ਹਾਈਵੇਅ ਨਾਲੋਂ ਸੰਪਰਕ ਹੀ ਟੁੱਟ ਗਿਆ।
ਉੱਚ ਅਧਿਕਾਰੀਆਂ ਦਾ ਇਹ ਗਰੁੱਪ ਵਿਲੀਅਮਜ਼ ਲੇਕ ਵਿਖੇ ਫਾਇਰ ਸੈਂਟਰ ਅਤੇ ਅੱਗ ਨਾਲ ਤਬਾਹ ਹੋਏ ਇਲਾਕੇ ਦਾ ਹਵਾਈ ਮੁਆਇਨਾ ਕਰਨ ਤੋਂ ਪਹਿਲਾਂ ਫੌਜ ਅਤੇ ਕੈਨੇਡਾ ਪੁਲਸ ਦੇ ਮੈਂਬਰਾਂ ਨਾਲ ਮੁਲਾਕਾਤ ਕਰੇਗਾ। ਪਿਛਲੇ ਕੁਝ ਦਿਨਾਂ ਤੋਂ ਵਿਲੀਅਮਜ਼ ਲੇਕ ਵਾਸੀ ਘਰ ਪਰਤਣ ਲੱਗੇ ਹਨ ਪਰ ਹੋਰਨਾਂ ਇਲਾਕਿਆਂ ਦੇ ਲੋਕਾਂ ਨੂੰ ਅਜੇ ਵੀ ਘਰ ਪਰਤਣ ਦੀ ਇਜਾਜ਼ਤ ਨਹੀਂ ਮਿਲੀ ਹੈ। ਐਮਰਜੈਂਸੀ ਮੈਨੇਜਮੈਂਟ ਬੀ.ਸੀ. ਦੇ ਰੌਬਰਟ ਟਰਨਰ ਨੇ ਦੱਸਿਆ ਕਿ ਐਤਵਾਰ ਨੂੰ 6000 ਦੇ ਕਰੀਬ ਲੋਕ ਅਜੇ ਵੀ ਬੇਘਰਾਂ ਦੀ ਸੂਚੀ ਵਿਚ ਸ਼ਾਮਲ ਹਨ। ਬੀਤੇ ਸ਼ਨੀਵਾਰ ਨੂੰ ਟਰੂਡੋ ਬੀ. ਸੀ. ਦੇ ਸ਼ਹਿਰ ਰੇਵੇਲਸਟੋਕ ਵਿਚ ਸਨ, ਜਿਥੇ ਉਨ੍ਹਾਂ ਅੱਗ ਨਾਲ ਤਬਾਹੀ ਹੋਈ ਬੀ.ਸੀ. ਕਮਿਊਨਿਟੀਜ਼ ਲਈ ਰਾਹਤ ਕਾਰਜ ਚਲਾਉਣ ਲਈ ਰੈੱਡ ਕਰਾਸ ਨੂੰ ਵਧ ਤੋਂ ਵਧ ਦਾਨ ਦੇਣ ਲਈ ਆਖਿਆ। ਟਰੂਡੋ ਨੇ ਆਖਿਆ ਕਿ ਜਦੋਂ ਵੀ ਸਾਡੇ ਉੱਤੇ ਕੋਈ ਮੁਸੀਬਤ ਆਈ ਹੈ ਤਾਂ ਕੈਨੇਡੀਅਨਜ਼ ਨੇ ਇੱਕਜੁੱਟ ਹੋ ਕੇ ਮੁਸੀਬਤ ਦਾ ਸਾਹਮਣਾ ਕੀਤਾ ਹੈ ਅਤੇ ਲੋੜਵੰਦਾਂ ਦੀ ਹਰ ਸੰਭਵ ਮਦਦ ਕੀਤੀ ਹੈ। ਇਸ ਵਾਰੀ ਵੀ ਅਸੀਂ ਕੈਨੇਡੀਅਨਾਂ ਤੋਂ ਇਹੋ ਉਮੀਦ ਕਰਦੇ ਹਾਂ।
ਕੱਲ ਭਾਵ ਐਤਵਾਰ ਨੂੰ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸੂਬੇ ‘ਚ 150 ਥਾਂਵਾਂ ਉੱਤੇ ਅੱਗ ਅਜੇ ਵੀ ਲੱਗੀ ਹੋਈ ਹੈ ਅਤੇ ਫਾਇਰ ਫਾਈਟਰਾਂ ਦਾ ਕਹਿਣਾ ਹੈ ਕਿ ਗਰਮ ਅਤੇ ਤੇਜ਼ ਹਵਾਵਾਂ ਕਾਰਨ ਆਉਣ ਵਾਲੇ ਦਿਨਾਂ ਵਿੱਚ ਅੱਗ ਹੋਰ ਫੈਲ ਸਕਦੀ ਹੈ। ਬੀਸੀ ਵਾਈਲਡਫਾਇਰ ਸਰਵਿਸ ਦਾ ਕਹਿਣਾ ਹੈ ਕਿ ਜੰਗਲ ਆਮ ਨਾਲੋਂ ਕਿਤੇ ਜ਼ਿਆਦਾ ਖੁਸ਼ਕ ਹਨ।

Facebook Comment
Project by : XtremeStudioz