Close
Menu

ਜ਼ਰਦਾਰੀ ਦੀ ਰਾਸ਼ਟਰਪਤੀ ਵਜੋਂ ਖ਼ਤਮ ਹੋਈ ਪਾਰੀ

-- 09 September,2013

Asif Ali Zardari

ਇਸਲਾਮਾਬਾਦ, 9 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਆਪਣੇ ਅਹੁਦੇ ਦੀ ਪੰਜ ਸਾਲ ਮਿਆਦ ਪੂਰੀ ਹੋਣ ’ਤੇ ਅੱਜ ਅਹੁਦੇ ਤੋਂ ਲਾਂਭੇ ਹੋ ਗਏ ਅਤੇ ਉਨ੍ਹਾਂ ਦੀ ਥਾਂ ਭਾਰਤ ’ਚ ਜਨਮੇ ਮਾਮੂਨ ਹੁਸੈਨ ਨਵੇਂ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣਗੇ। ਪਾਕਿਸਤਾਨ ਦੇ 66 ਸਾਲਾ ਰਾਜਸੀ ਇਤਿਹਾਸ ਵਿਚ ਸ਼ਾਂਤਮਈ ਤੇ ਸੁਚਾਰੂ ਢੰਗ ਨਾਲ ਸੱਤਾ ਤਬਦੀਲੀ ਦੇ ਅਜਿਹੇ ਮੌਕੇ ਘੱਟ ਹੀ ਵੇਖਣ ਨੂੰ ਮਿਲੇ ਹਨ।

ਜ਼ਰਦਾਰੀ ਅਜਿਹੇ ਪਹਿਲੇ ਚੁਣੇ ਹੋਏ ਰਾਸ਼ਟਰਪਤੀ ਹਨ ਜਿਨ੍ਹਾਂ ਆਪਣੀ ਸੰਵਿਧਾਨਕ ਮਿਆਦ ਪੂਰੀ ਕੀਤੀ ਹੈ ਅਤੇ ਉਨ੍ਹਾਂ ਦੀ ਥਾਂ ਇਕ ਚੁਣੇ ਹੋਏ ਰਾਸ਼ਟਰਪਤੀ ਹੀ ਲੈ ਰਹੇ ਹਨ। ਅਹੁਦਾ ਛੱਡਣ ਵੇਲੇ ਉਨ੍ਹਾਂ ਨੂੰ ਸਲਾਮੀ ਦਿੱਤੀ ਗਈ ਪਰ ਇਸ ਮੌਕੇ ਪ੍ਰਧਾਨ ਮੰਤਰੀ ਜਾਂ ਤਿੰਨੇ ਸੈਨਾਵਾਂ ਦੇ ਮੁਖੀਆਂ ਵਿੱਚੋਂ ਕੋਈ ਵੀ ਮੌਜੂਦ ਨਹੀਂ ਸੀ। ਉਂਜ, ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵੱਲੋਂ ਇਸੇ ਹਫ਼ਤੇ ਉਨ੍ਹਾਂ ਨੂੰ ਇਕ ਵਿਦਾਇਗੀ ਪਾਰਟੀ ਦਿੱਤੀ ਸੀ ਵਿਚ ਉਨ੍ਹਾਂ ਜ਼ਰਦਾਰੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਦੇਸ਼ ਵਿਚ ਲੋਕਤੰਤਰ ਦਾ ਝੰਡਾ ਬੁਲੰਦ ਕਰਕੇ ਰੱਖਿਆ।
58 ਸਾਲਾ ਜ਼ਰਦਾਰੀ ਲਾਹੌਰ ਲਈ ਰਵਾਨਾ ਹੋ ਗਏ ਹਨ। ਉੱਥੇ ਉਹ ਆਪਣੀ ਪਾਕਿਸਤਾਨ ਪੀਪਲਜ਼ ਪਾਰਟੀ ਵਿਚ ਨਵਾਂ ਉਤਸ਼ਾਹ ਭਰਨ ਦੀਆਂ ਤਰਕੀਬਾਂ ’ਤੇ ਕੰਮ ਕਰਨਗੇ। ਇਸ ਸਾਲ 11 ਮਈ ਨੂੰ ਹੋਈਆਂ ਆਮ ਚੋਣਾਂ ਵਿਚ ਜ਼ਰਦਾਰੀ ਦੀ ਪਾਰਟੀ ਨੂੰ ਭਾਰੀ ਸ਼ਿਕਸਤ ਦਾ ਸਾਹਮਣਾ ਕਰਨਾ ਪਿਆ ਸੀ। ਸਾਬਕਾ ਪ੍ਰਧਾਨ ਮੰਤਰੀ ਮਰਹੂਮ ਬੇਨਜ਼ੀਰ ਭੁੱਟੋ ਦੇ ਪਤੀ ਜ਼ਰਦਾਰੀ ਦਾ ਰਿਕਾਰਡ ਕੋਈ ਸਾਫ-ਸੁਥਰਾ ਨਹੀਂ ਰਿਹਾ ਪਰ ਇਕ ਗੱਲ ਉਨ੍ਹਾਂ ਦੇ ਪੱਖ ਵਿਚ ਕਹੀ ਜਾਂਦੀ ਹੈ ਕਿ    ਉਨ੍ਹਾਂ ਦੇਸ਼  ’ਚ ਲੋਕਤੰਤਰ ਦੀ ਲੋਅ ਜਗਾਈ ਰੱਖਣ ਦੇ ਯਤਨ ਕੀਤੇ। ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੂੰ ਨਿਆਂਪਾਲਿਕਾ ਦੇ ਕਈ ਤਲਖ਼ ਫੈਸਲਿਆਂ ਦੀ ਮਾਰ ਸਹਿਣੀ ਪਈ ਅਤੇ ਉਨ੍ਹਾਂ ਖ਼ਿਲਾਫ਼ ਸਵਿਟਜ਼ਰਲੈਂਡ ਵਿਚ ਭ੍ਰਿਸ਼ਟਾਚਾਰ ਦੇ ਦੋਸ਼ ਮੁੜ ਸ਼ੁਰੂ ਕਰਨ ਦਾ ਦਬਾਅ ਵੀ ਬਣਾਇਆ ਜਾਂਦਾ ਰਿਹਾ।

Facebook Comment
Project by : XtremeStudioz