Close
Menu

ਜਿੱਤ ਲਈ ਤਰਸ ਰਹੇ ਮੁੰਬਈ ਇੰਡੀਅਨਜ਼ ਤੇ ਆਰਸੀਬੀ ’ਚ ਟੱਕਰ ਅੱਜ

-- 01 May,2018

ਬੈਂਗਲੁਰੂ, 
ਲਗਾਤਾਰ ਹਾਰਾਂ ਦੀਆਂ ਝੰਬੀਆਂ ਰੌਇਲ ਚੈਲੰਜਰਜ਼ ਬੈਂਗਲੋਰ ਅਤੇ ਮੁੰਬਈ ਇੰਡੀਅਨਜ਼ ਦੀਆਂ ਟੀਮਾਂ ਮੰਗਲਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ ਮੈਚ ਵਿੱਚ ਜਿੱਤ ਦਰਜ ਕਰਨ ਲਈ ਭਿੜਨਗੀਆਂ। ਦੋਵਾਂ ਦਾ ਨਿਸ਼ਾਨਾ ਇੱਕ-ਦੂਜੀ ਨੂੰ ਹਰਾ ਕੇ ਪਲੇਆਫ ਵਿੱਚ ਪਹੁੰਚਣ ਦੀਆਂ ਉਮੀਦਾਂ ਨੂੰ ਕਾਇਮ ਰੱਖਣਾ ਹੋਵੇਗਾ। ਹਾਲਤ ਇਹ ਹੈ ਕਿ ਇਸ ਮੈਚ ਵਿੱਚ ਜੋ ਵੀ ਟੀਮ ਹਾਰੇਗੀ, ਉਸ ਲਈ ਪਲੇਆਫ ਵਿੱਚ ਪਹੁੰਚਣਾ ਮੁਸ਼ਕਲ ਹੋ ਜਾਵੇਗਾ। ਚੇਨੱਈ ਸੁਪਰਕਿੰਗਜ਼ ਨੂੰ ਪੁਣੇ ਵਿੱਚ ਹਰਾਉਣ ਮਗਰੋਂ ਮੁੰਬਈ ਇੰਡੀਅਨਜ਼ ਦੀ ਟੀਮ ਪੂਰੇ ਮਨੋਬਲ ਨਾਲ ਆਰਸੀਬੀ ਦਾ ਸਾਹਮਣਾ ਕਰੇਗੀ। ਵਿਰਾਟ ਕੋਹਲੀ ਘਰੇਲੂ ਮੈਦਾਨ ’ਤੇ ਜਿੱਤ ਨਾਲ ਆਤਮਵਿਸ਼ਵਾਸ ਬਹਾਲ ਕਰਨ ਦਾ ਯਤਨ ਕਰੇਗਾ। ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਮੁੰਬਈ ਇਸ ਸੈਸ਼ਨ ਵਿੱਚ ਖ਼ਰਾਬ ਦੌਰ ਵਿੱਚੋਂ ਲੰਘ ਰਹੀ ਹੈ ਅਤੇ ਉਸ ਨੇ ਸੱਤ ਮੈਚਾਂ ਵਿੱਚ ਪੰਜ ਹਾਰੇ ਹਨ ਅਤੇ ਦੋ ਜਿੱਤੇ ਹਨ। ਉਹ ਇਸ ਸਮੇਂ ਸੂਚੀ ਵਿੱਚ ਛੇਵੇਂ ਨੰਬਰ ’ਤੇ ਹੈ, ਜਦਕਿ ਬੈਂਗਲੁਰੂ ਦੀ ਵੀ ਇਹੀ ਹਾਲਤ ਹੈ ਅਤੇ ਉਸ ਨੇ ਵੀ ਸੱਤ ਮੈਚਾਂ ਵਿੱਚ ਪੰਜ ਹਾਰੇ ਹਨ ਅਤੇ ਉਹ ਸੂਚੀ ਵਿੱਚ ਸੱਤਵੇਂ ਨੰਬਰ ’ਤੇ ਖਿਸਕ ਗਈ ਹੈ।
ਦੁਨੀਆਂ ਦੇ ਸਰਵੋਤਮ ਬੱਲੇਬਾਜ਼ਾਂ ਵਿੱਚੋਂ ਇੱਕ ਵਿਰਾਟ ਕੋਹਲੀ ਲਈ ਆਈਪੀਐਲ ਹਮੇਸ਼ਾ ਇੱਕ ਪਹੇਲੀ ਰਿਹਾ ਹੈ ਅਤੇ ਇਸ ਵਾਰ ਵੀ ਇਹੀ ਹਾਲ ਹੈ। ਟੀਮ ਨੇ ਆਪਣਾ ਪਿਛਲਾ ਮੈਚ ਵੀ ਘਰੇਲੂ ਮੈਦਾਨ ’ਤੇ ਕੋਲਕਾਤਾ ਨਾਈਟ ਰਾਈਡਰਜ਼ ਤੋਂ ਛੇ ਵਿਕਟਾਂ ਨਾਲ ਗੁਆਇਆ ਸੀ, ਜਿਸ ਨੇ ਉਸ ਦੇ ਘਰ ਵਿੱਚ ਵਾਪਸੀ ਦੀਆਂ ਉਮੀਦਾਂ ਨੂੰ ਝਟਕਾ ਦੇ ਦਿੱਤਾ ਹੈ। ਹਾਲਾਂਕਿ ਮੁੰਬਈ ਨੇ ਹਾਰ ਮਗਰੋਂ ਚੇਨੱਈ ਸੁਪਰਕਿੰਗਜ਼ ਨੂੰ ਉਸ ਦੇ ਨਵੇਂ ਘਰੇਲੂ ਮੈਦਾਨ ਪੁਣੇ ਵਿੱਚ ਅੱਠ ਵਿਕਟਾਂ ਨਾਲ ਹਰਾਇਆ ਅਤੇ ਆਤਮਵਿਸ਼ਵਾਸ ਬਹਾਲ ਕਰਨ ਦਾ ਯਤਨ ਕੀਤਾ।
ਦੋ ਵਾਰ ਦੀ ਚੈਂਪੀਅਨ ਟੀਮ ਦੀ ਕੋਸ਼ਿਸ਼ ਰਹੇਗੀ ਕਿ ਉਹ ਮੰਗਲਵਾਰ ਨੂੰ ਬੈਂਗਲੁਰੂ ’ਤੇ ਬਣੇ ਮਨੋਵਿਗਿਆਨਕ ਦਬਾਅ ਦਾ ਫ਼ਾਇਦਾ ਉਠਾਉਂਦਿਆਂ ਆਪਣੀ ਜੇਤੂ ਲੈਅ ਨੂੰ ਕਾਇਮ ਰੱਖੇ ਤਾਂ ਕਿ ਉਸ ਦੀ ਹਾਲਤ ਬਿਹਤਰ ਹੋ ਸਕੇ। ਦੋਵੇਂ ਹੀ ਟੀਮਾਂ ਦੇ ਲਗਾਤਾਰ ਹਾਰਨ ਕਾਰਨ ਉਨ੍ਹਾਂ ਦਾ ਨਾਕਆਊਟ ਵਿੱਚ ਪਹੁੰਚਣਾ ਵੀ ਇਸ ਵਾਰ ਮੁਸ਼ਕਲ ਲੱਗ ਰਿਹਾ ਹੈ। ਅਜਿਹੇ ਸਮੇਂ ਹੁਣ ਉਨ੍ਹਾਂ ਕੋਲ ਬਾਕੀ ਮੈਚਾਂ ਵਿੱਚ ਜਿੱਤ ਦਰਜ ਕਰਨ ਤੋਂ ਇਲਾਵਾ ਕੋਈ ਬਦਲ ਨਹੀਂ ਬਚਿਆ। ਬੈਂਗਲੋਰ ਕੋਲ ਵਿਰਾਟ, ਕਵਿੰਟਨ ਡਿ ਕਾਕ, ਬ੍ਰੈਂਡਨ ਮੈਕੁਲਮ ਵਰਗੇ ਕਈ ਬਿਹਤਰੀਨ ਖਿਡਾਰੀ ਹਨ, ਪਰ ਚੇਨੱਈ ਅਤੇ ਫਿਰ ਕੋਲਕਾਤਾ ਹੱਥੋਂ ਆਪਣੇ ਹੀ ਘਰ ਮਿਲੀਆਂ ਲਗਾਤਾਰ ਹਾਰਾਂ ਕਾਰਨ ਉਸ ਦੇ ਹੌਸਲੇ ਪਸਤ ਹੋ ਗਏ ਹਨ।  

Facebook Comment
Project by : XtremeStudioz