Close
Menu

ਜੀਡੀਪੀ ਦਾ 6 ਫੀਸਦ ਸਿੱਖਿਆ ’ਤੇ ਖਰਚਾਂਗੇ: ਰਾਹੁਲ

-- 02 April,2019

ਜ਼ਹੀਰਾਬਾਦ/ਵਾਨਾਪਾਰਥੀ(ਤਿਲੰਗਾਨਾ), 2 ਅਪਰੈਲ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਯੂਪੀਏ ਸਰਕਾਰ ਦੇ ਸੱਤਾ ਵਿੱਚ ਆਉਣ ’ਤੇ ਜੀਡੀਪੀ ਦਾ 6 ਫੀਸਦ ਸਿੱਖਿਆ ’ਤੇ ਖਰਚ ਕੀਤਾ ਜਾਵੇਗਾ। ਉਨ੍ਹਾਂ ਸਾਫ਼ ਕਰ ਦਿੱਤਾ ਕਿ ਕਾਂਗਰਸ ਹੀ ਭਾਜਪਾ ਨੂੰ ਟੱਕਰ ਦੇਣ ਦੇ ਸਮਰੱਥ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੂਬੇ ਦੀ ਟੀਆਰਐਸ ਸਰਕਾਰ ਅਮਿਤ ਸ਼ਾਹ ਦੀ ਅਗਵਾਈ ਵਾਲੀ ਭਾਜਪਾ ਨਾਲ ‘ਮਿਲੀ’ ਹੋਈ ਹੈ ਤੇ ਤਿਲੰਗਾਨਾ ਦਾ ਰਿਮੋਟ ਕੰਟਰੋਲ ਮੋਦੀ ਹੱਥ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੋਜ਼ਾਨਾ 27000 ਲੋਕਾਂ ਤੋਂ ਉਨ੍ਹਾਂ ਦਾ ਰੁਜ਼ਗਾਰ(ਨੌਕਰੀਆਂ) ਖੋਹ ਰਹੇ ਹਨ। ਰਾਹੁਲ ਨੇ ਕਿਹਾ ਕਿ ਗਰੀਬੀ ਦੇ ਖ਼ਾਤਮੇ ਲਈ ਤਜਵੀਜ਼ਤ ਘੱਟੋ-ਘੱਟ ਆਮਦਨ ਸਕੀਮ (ਨਿਆਏ) ਤਹਿਤ ਦਿੱਤਾ ਜਾਣ ਵਾਲਾ ਪੈਸਾ ਸਿੱਧਾ ਸਬੰਧਤ ਪਰਿਵਾਰ ਦੀ ਮਹਿਲਾ ਦੇ ਖਾਤੇ ’ਚ ਤਬਦੀਲ ਕੀਤਾ ਜਾਵੇਗਾ। ਸ੍ਰੀ ਗਾਂਧੀ ਇਥੇ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ। ਲੋਕ ਸਭਾ ਚੋੋਣਾਂ ਦੇ ਐਲਾਨ ਮਗਰੋਂ ਤਿਲੰਗਾਨਾ ਦੀ ਆਪਣੀ ਪਲੇਠੀ ਫੇਰੀ ’ਤੇ ਆਏ ਰਾਹੁਲ ਗਾਂਧੀ ਨੇ ਕਿਹਾ, ‘ਚੀਨ ਜਿੱਥੇ ਹਰ 24 ਘੰਟੇ ਵਿੱਚ 50 ਹਜ਼ਾਰ ਲੋਕਾਂ ਨੂੰ ਨੌਕਰੀਆਂ ਦੇ ਮੌਕੇ ਮੁਹੱਈਆ ਕਰਵਾ ਰਿਹਾ ਹੈ, ਉਥੇ ਸ੍ਰੀ ਮੋਦੀ ਰੋਜ਼ਾਨਾ 27 ਹਜ਼ਾਰ ਲੋਕਾਂ ਨੂੰ ਬੇਰੁਜ਼ਗਾਰ ਕਰ ਰਹੇ ਹਨ।’ ਉਨ੍ਹਾਂ ਕਿਹਾ, ‘ਮੋਦੀ ਨੇ ਸਾਲਾਨਾ ਦੋ ਕਰੋੜ ਨੌਕਰੀਆਂ ਪੈਦਾ ਕਰਨ ਦਾ ਵਾਅਦਾ ਕੀਤਾ ਸੀ, ਕੀ ਤੁਹਾਡੇ ’ਚੋਂ ਕਿਸੇ ਨੂੰ ਰੁਜ਼ਗਾਰ/ਨੌਕਰੀਆਂ ਮਿਲੀਆਂ।’ ਕਾਂਗਰਸ ਪ੍ਰਧਾਨ ਨੇ ਕਥਿਤ ਕਿਹਾ ਕਿ ਪਿਛਲੇ 45 ਸਾਲਾਂ ’ਚ ਮੋਦੀ ਦੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਬੇਰੁਜ਼ਗਾਰੀ ਦੀ ਦਰ ਸਿਖਰਲੇ ਪੱਧਰ ’ਤੇ ਸੀ। ਸ੍ਰੀ ਗਾਂਧੀ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਸਰਕਾਰ ਸੱਤਾ ਵਿੱਚ ਆਉਂਦੀ ਹੈ ਤਾਂ ਯੂਪੀਏ ਜੀਡੀਪੀ ਦਾ 6 ਫੀਸਦ ਸਿੱਖਿਆ, ਨਵੇਂ ਕਾਲਜਾਂ, ਯੂਨੀਵਰਸਿਟੀਆਂ ਤੇ ਸੰਸਥਾਵਾਂ ਦੇ ਨਿਰਮਾਣ ਤੇ ਵਜ਼ੀਫ਼ੇ ਮੁਹੱਈਆ ਕਰਵਾਉਣ ’ਤੇ ਖਰਚੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੇ.ਚੰਦਰਸ਼ੇਖਰ ਰਾਓ ਦੀ ਅਗਵਾਈ ਵਾਲੀ ਸੂਬੇ ਦੀ ਟੀਆਰਐਸ (ਤਿਲੰਗਾਨਾ ਰਾਸ਼ਟਰ ਸਮਿਤੀ) ਸਰਕਾਰ ਭਾਜਪਾ ਨਾਲ ਕਥਿਤ ‘ਮਿਲੀ’ ਹੋਈ ਹੈ। ਰਾਓ ਨੇ ਕਦੇ ਵੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੀ ਨੁਕਤਾਚੀਨੀ ਨਹੀਂ ਕੀਤੀ ਤੇ ਜੀਐਸਟੀ ਤੇ ਨੋਟਬੰਦੀ ਜਿਹੇ ਮੁੱਦਿਆਂ ’ਤੇ ਭਾਜਪਾ ਸਰਕਾਰ ਦੀ ਹਮਾਇਤ ਕੀਤੀ ਹੈ।

Facebook Comment
Project by : XtremeStudioz